ਗੁਰੂ ਰਾਮ ਦਾਸ ਦੀ ਨਗਰੀ..
ਇੱਕ ਦਿਨ ਹੋਟਲ ਅੱਪੜਿਆਂ ਹੀ ਸਾਂ ਕੇ ਕਿਸੇ ਆਣ ਦੱਸਿਆ ਕੇ ਕਮਰਾ ਨੰਬਰ 108 ਵਿਚ ਕੋਈ ਪੰਗਾ ਪੈ ਗਿਆ!
ਲਿਸਟ ਵੇਖੀ..ਸਥਾਨਕ ਸਰਕਾਰਾਂ ਦੇ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਗੰਨਮੈਨ ਉਸ ਕਮਰੇ ਵਿਚ ਠਹਿਰੇ ਹੋਏ ਸਨ!
ਅੱਪੜਿਆ ਤਾਂ ਵੇਖਿਆ ਸ਼ਰਾਬੀ ਹੋਇਆਂ ਨੇ ਇਕ ਨੇਪਾਲੀ ਵੇਟਰ ਕੁੱਟ ਕੁੱਟ ਅਧ੍ਮੋਇਆ ਕੀਤਾ ਹੋਇਆ ਸੀ..ਲਹੂ-ਲੁਹਾਨ ਪਾਟੀ ਵਰਦੀ..ਉਹ ਖੂੰਝੇ ਲੱਗਾ ਹਥ ਜੋੜੀ ਮਾਫੀਆਂ ਹੀ ਮੰਗੀ ਜਾ ਰਿਹਾ ਸੀ!
ਮੈ ਕਾਰਨ ਪੁੱਛਿਆ ਤਾਂ ਆਖਣ ਲੱਗੇ ਰੋਟੀ ਆਡਰ ਕੀਤੀ ਸੀ..ਵੇਲੇ ਸਿਰ ਲੈ ਕੇ ਨੀ ਆਇਆ..!
ਮੈ ਥੋੜੀ ਤਲਖੀ ਜਿਹੀ ਨਾਲ ਆਖਿਆ ਕੇ ਸਿਰਫ ਏਨੀ ਕੁ ਗੱਲ ਤੇ ਗਰੀਬ ਕੁੱਟ ਦਿੱਤਾ ਓਹ ਵੀ ਏਨੀ ਬੂਰੀ ਤਰਾਂ ਨਾਲ..ਅਜੇ ਥੋੜਾ ਅਰਸਾ ਵੀ ਨਹੀਂ ਹੋਇਆ ਕਿਸਮਤ ਮਾਰੇ ਦੀ ਵਹੁਟੀ ਮਰਗੀ..ਨਿੱਕੇ ਜਿਹੇ ਜੁਆਕ ਨੂੰ ਛਡ ਕੇ..ਇਹਦੇ ਆਪਨੇ ਗੁਰਦਿਆਂ ਵਿਚ ਨੁਕਸ ਪੈ ਗਿਆ ਓਵਰ ਟੈਮ ਲਾ ਲਾ ਕੇ..ਕੁਝ ਤਾਂ ਤਰਸ ਕਰੋ ਯਾਰ ਇਹ ਵੀ ਅਖੀਰ ਰੱਬ ਦਾ ਹੀ ਬੰਦਾ ਏ..!
ਏਨੀ ਗੱਲ ਸੁਣ ਇੱਕ ਅਸਾਲਟ ਲੋਡ ਕਰ ਮੇਰੇ ਦਵਾਲੇ ਹੋ ਗਿਆ..!
ਖੈਰ ਕਿਸੇ ਤਰਾਂ ਗਰੀਬ ਦੀ ਖਲਾਸੀ ਕਰਾਈ..ਅਗਲੇ ਦਿਨ ਪਤਾ ਲੱਗਾ ਉਸਨੂੰ ਨੌਕਰੀ ਤੋਂ ਕਢ ਦਿੱਤਾ!
ਮੈਥੋਂ ਰਿਹਾ ਨਾ ਗਿਆ..ਮਾਲਕਾਂ ਕੋਲ ਅੱਪੜ ਗਿਆ..ਸਾਰੀ ਕਹਾਣੀ ਦੱਸੀ..ਉਸਨੂੰ ਮਾਰੀਆਂ ਸੱਟਾਂ ਦਿਖਾਈਆਂ..ਪਰ ਕਾਰੋਬਾਰੀ ਤਬਕਾ ਕਿਥੇ ਤਰਸ ਕਰਦਾ ਛੋਟੇ ਇਨਸਾਨਾ ਤੇ!
ਆਖਣ ਲੱਗੇ ਹਾਕਮ ਪਾਰਟੀ ਦੇ ਮੰਤਰੀ ਨੂੰ ਕਿਸੇ ਕੀਮਤ ਤੇ ਵੀ ਨਰਾਜ ਨੀ ਕਰ ਸਕਦੇ..!
ਖੈਰ ਇੱਕ ਹੋਰ ਹੋਟਲ ਵਾਲਾ ਵਾਕਿਫ਼ ਸੀ..ਆਖ ਵੇਖ ਕੇ ਉਸ ਨੇਪਾਲੀ ਨੂੰ ਓਥੇ ਨੌਕਰੀ ਤੇ ਲਵਾ ਦਿੱਤਾ!
ਗੱਲਾਂ ਗੱਲਾਂ ਵਿਚ ਮੈਨੂੰ ਆਖਣ ਲੱਗਾ ਸਾਬ ਜੀ ਸਾਡੇ ਵਰਗੇ ਕੀੜੇ ਮਕੌੜਿਆਂ ਦੀ ਵੀ ਕੀ ਜਿੰਦਗੀ ਏ..ਇੱਕ ਪਾਸੇ ਰੱਬ ਦੀ ਮਾਰ ਤੇ ਦੂਜੇ ਪਾਸੇ ਜੀਹਦਾ ਜੀ ਕਰਦਾ ਛੱਲੀਆਂ ਵਾਂਙ ਕੁੱਟ ਲੈਂਦਾ..ਜੀਣਾ ਤੇ ਹੈ ਇਹਨਾ ਮੰਤਰੀਆਂ ਦਾ ਤੇ ਓਹਨਾ ਦੇ ਗੰਨਮੈਨਾਂ ਦਾ!
ਦਿਲ ਹੀ ਦਿਲ ਆਖਿਆ ਕੇ ਵੀਰਿਆ ਵਕਤੀ ਤੌਰ ਤੇ ਇਹ ਬਾਦਸ਼ਾਹੀ ਜੀਵਣ ਤੇ ਚਲੋ ਠੀਕ ਏ ਪਰ ਅਗਲਾ ਜਦੋਂ ਬਿਨਾ ਨੋਟਿਸ ਬੁਲਾਵਾ ਘੱਲ ਦਿੰਦਾ ਏ ਤਾਂ ਕਈ ਵੇਰ ਭੋਏਂ ਤੇ ਦੂਰ ਦੂਰ ਖਿੱਲਰ ਗਏ ਫੇਰ ਲਫਾਫਿਆਂ ਵਿਚ ਹੀ ਕੱਠੇ ਕਰਨੇ ਪੈਦੇ..ਕਈ ਵੇਰ ਤੇ ਓਹ ਵੀ ਪੂਰੀ ਤਰਾਂ ਨਹੀਂ ਚੁਗੇ ਜਾਂਦੇ..!
ਜਿਕਰਯੋਗ ਏ ਕੇ ਓਹਨੀਂ ਦਿੰਨੀ ਚੰਡੀਗੜ ਵਿਚ ਬੇਅੰਤ ਸਿੰਘ ਕਾਂਡ ਅਜੇ ਨਵਾਂ-ਨਵਾਂ ਹੀ ਹੋ ਕੇ ਹਟਿਆ ਸੀ..!
ਸੋ ਦੋਸਤੋ ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ..!
ਚੜਤ ਦੇ ਦਿਨਾਂ ਵਿੱਚ ਜਿਹਨਾਂ ਦੇ ਹੁਕਮਾਂ ਬਿਨਾ ਪੱਤਾ ਤੱਕ ਵੀ ਨਹੀਂ ਸੀ ਹਿੱਲਿਆ ਕਰਦਾ..ਅੱਜ ਓਹਨਾ ਦੀਆਂ ਬਰਸੀਆਂ ਤੇ ਦਸ ਪੰਦਰਾਂ ਲੋਕ ਮੁਫ਼ਤ ਖਾਣੇ ਦਾ ਲਾਲਚ ਦੇ ਕੇ ਵੀ ਇਕੱਠੇ ਕਰਨੇ ਡਾਹਢੇ ਔਖੇ ਹੋ ਜਾਂਦੇ ਨੇ!
ਜਾਂਦੇ ਜਾਂਦੇ ਇੱਕ ਗੱਲ ਹੋਰ..ਜਦੋਂ ਪਰਛਾਵੇਂ ਕਦ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਕੇ ਸੂਰਜ ਅਸਤ ਹੋਣ ਵਾਲਾ!
ਹਰਪ੍ਰੀਤ ਸਿੰਘ ਜਵੰਦਾ