ਸਾਡੇ ਤਿੰਨ ਦਹਾਕੇ ਪਹਿਲਾਂ ਬਟਾਲਾ-ਗੁਰਦਾਸਪੁਰ ਦੇ ਐਨ ਵਿਚਕਾਰ ਛੀਨੇ ਪਿੰਡ ਦੇ ਉੱਤਰ ਵਾਲੇ ਪਾਸੇ ਰੇਲਵੇ ਲਾਈਨ ਦੇ ਨਾਲ ਪਿੰਡ ਸੁਖਚੈਨੀਆਂ ਦੇ ਸ਼ਮਸ਼ਾਨ ਘਾਟ ਕੋਲ ਡੰਗਰ ਚਾਰਿਆ ਕਰਦੇ ਸਾਂ..!
ਇੱਕ ਬਾਬਾ ਜੀ ਕਿੰਨੀਆਂ ਸਾਰੀਆਂ ਬੱਕਰੀਆਂ ਭੇਡਾਂ ਵੀ ਲੈ ਆਇਆ ਕਰਦੇ..!
ਇਕ ਦਿਨ ਵੱਗ ਵਿਚ ਇੱਕ ਵਲੈਤੀ ਗਾਂ ਵੀ ਸੀ..
ਅਸੀਂ ਵੇਖਿਆ ਖਾ ਪੀ ਕੇ ਰੱਜ ਪੁੱਜ ਕੇ ਬੈਠੀ ਉਸ ਗਾਂ ਨੂੰ ਇੱਕ ਮੇਮਣਾ ਚੁੰਗੀ ਜਾਵੇ..
ਅਸਾਂ ਬਾਬੇ ਜੀ ਨੂੰ ਦੱਸਿਆ..
ਆਖਣ ਲੱਗੇ ਪੁੱਤਰ ਮੇਮਣੇ ਦੀ ਮਾਂ ਹੈਨੀ ਤੇ ਇਸ ਗਾਂ ਦਾ ਆਪਣਾ ਵੱਛਾ ਮਰਿਆ ਪੈਦਾ ਹੋਇਆ ਸੀ..
ਹੁਣ ਇਸਨੂੰ ਇਸੇ ਦਾ ਹੀ ਦੁੱਧ ਦਿੰਨੇ ਹਾਂ..
ਸਾਂਝ ਪੈ ਗਈ ਏ..ਹੁਣ ਇਹ ਸਾਰੀ ਦਿਹਾੜੀ ਇਸੇ ਦੇ ਦਵਾਲੇ ਘੁੰਮਦਾ ਰਹਿੰਦਾ..
ਉਹ ਵੀ ਅੱਗੋਂ ਕੁਝ ਨੀ ਆਖਦੀ..ਹੈਰਾਨੀ ਦੀ ਗੱਲ ਇਹ ਸੀ ਕੇ ਨਿੱਕੇ ਕਦ ਦੀ ਉਹ ਗਾਂ ਰੱਜ ਪੁੱਜ ਕੇ ਨਹੀਂ ਸਗੋਂ ਓਦੋਂ ਬੈਠਿਆ ਕਰਦੀ ਜਦੋਂ ਉਸਨੂੰ ਲੱਗਦਾ ਮੇਮਣਾ ਭੁੱਖਾ ਹੋਣਾ..!
ਅੱਜ ਵੀ ਇੱਕ ਦੂਜੇ ਵਿਚੋਂ ਗਵਾਚੀਆਂ ਰੂਹਾਂ ਦੇ ਲੋਥੜੇ ਲੱਭਦੇ ਕਈ ਸਰੀਰ ਅਕਸਰ ਹੀ ਮਿਲ ਜਾਂਦੇ!
ਕੁਝ ਚਿਰ ਪਹਿਲਾਂ ਲੰਮੀ ਗੁੱਤ ਵਾਲੀ ਆਂਟੀ ਦੀ ਕਹਾਣੀ ਲਿਖੀ ਸੀ..ਗਿਆਰਾਂ ਬਾਰਾਂ ਸਾਲ ਦੇ ਮੁੰਡੇ ਦਾ ਇੱਕ ਕੁਮੈਂਟ ਆਇਆ..ਅਖ਼ੇ ਪਿਓ ਵੇਖਿਆ ਹੀ ਨਹੀਂ..ਮਾਂ ਕੁਝ ਸਾਲ ਪਹਿਲਾ ਤੁਰ ਗਈ..ਹੁਣ ਕੁਝ ਦਿਨ ਪਹਿਲਾਂ ਦਾਦੀ ਵੀ ਫਤਹਿ ਬੁਲਾ ਗਈ ਏ..ਹੁਣ ਮੈਂ ਕੱਲਾ ਰਹਿ ਗਿਆ..!
ਨਿੱਕੇ-ਨਿੱਕੇ ਦੁਖਾਂ ਦਰਦਾਂ ਨੂੰ ਝੋਲੀ ਪਾ ਸਾਰਾ ਦਿਨ ਪੀੜਾਂ ਦੇ ਪਰਾਗੇ ਭੁੰਨਦੇ ਰਹਿੰਦੇ ਸਾਡੇ ਵਰਗੇ ਕਿੰਨੇ ਸਾਰੇ ਲੋਕਾਂ ਨੂੰ ਕੁਦਰਤ ਅਕਸਰ ਹੀ ਐਸੇ ਵਰਤਾਰੇ ਵਿਖਾਉਂਦੀ ਹੀ ਰਹਿੰਦੀ ਏ..ਤਾਂ ਕੇ ਏਨੀ ਗੱਲ ਦਿਲੋਂ-ਦਿਮਾਗ ਵਿਚ ਪੈ ਸਕੇ ਕੇ ਨਾਨਕ ਦੁਖੀਆ ਸਭ ਸੰਸਾਰ!
ਹਰਪ੍ਰੀਤ ਸਿੰਘ ਜਵੰਦਾ