ਆਖਰੀ ਦਿਨਾਂ ਵਿਚ ਜਦੋਂ ਭਾਪਾ ਜੀ ਨੇ ਮੰਜਾਂ ਪੱਕਾ ਹੀ ਫੜ ਲਿਆ ਤਾਂ ਵੀ ਓਹਨਾ ਦੋਹਤੀ ਦੇ ਪਹਿਲੇ ਜਨਮ ਦਿਨ ਤੇ ਬੀਜੀ ਹੱਥ ਕਿੰਨਾ ਕੁਝ ਘੱਲਿਆ..ਖਿਡੌਣੇ,ਕਿਤਾਬਾਂ,ਬੂਟ ਅਤੇ ਕਿੰਨੇ ਸਾਰੇ ਲੀੜੇ ਲੱਤੇ!
ਫੇਰ ਜਦੋਂ ਦੋਵੇਂ ਅੱਗੜ-ਪਿੱਛੜ ਹੀ ਚੜਾਈ ਕਰ ਗਏ ਤਾਂ ਅਸੀਂ ਫਲੈਟ ਵਿਚ ਸ਼ਿਫਟ ਹੋ ਗਏ..!
ਓਥੇ ਆਸ ਪਾਸ ਰਹਿੰਦੇ ਕਿੰਨੇ ਸਾਰੇ ਬਾਬਿਆਂ ਵਿਚੋਂ ਮੈਂ ਆਪਣਾ ਦਾਰ ਜੀ ਹੀ ਲੱਭਦੀ ਰਹਿੰਦੀ ਪਰ ਮਨ ਨੂੰ ਕਦੇ ਵੀ ਤਸੱਲੀ ਜਿਹੀ ਨਾ ਹੁੰਦੀ..!
ਦਰਮਿਆਨੇ ਕਦ ਵਾਲੇ ਉਹ ਐਨ ਸਾਮਣੇ ਵਾਲੇ ਫਲੈਟ ਵਿਚ ਹੀ ਰਿਹਾ ਕਰਦੇ ਸਨ..
ਦਿਨ ਢਲੇ ਜਦੋਂ ਵੀ ਦਫਤਰੋਂ ਘਰੇ ਅੱਪੜਦੀ ਤਾਂ ਘੰਟੀ ਵੱਜ ਪੈਂਦੀ..
ਸਾਮਣੇ ਉਹ ਖਲੋਤੇ ਹੁੰਦੇ..ਅਖਬਾਰ ਮੰਗਣ ਲਈ!
ਸਾਰੇ ਦਿਨ ਦੀ ਖਪੀ-ਤਪੀ ਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ..
ਨਾਲਦੇ ਨੂੰ ਆਖਦੀ ਕੇ ਜਦੋਂ ਔਲਾਦ ਬਾਹਰਲੇ ਮੁਲਖ ਰਹਿੰਦੀ ਹੋਵੇ..
ਬੰਦਾ ਖੁਦ ਆਪ ਵੀ ਚੰਗੀ ਨੌਕਰੀ ਤੋਂ ਰਿਟਾਇਰ ਹੋਇਆ ਹੋਵੇ ਤਾਂ ਵੀ ਇੱਕ ਨਿਗੂਣੀ ਜਿਹੀ ਅਖਬਾਰ ਵੀ ਮੁੱਲ ਨਾ ਲੈ ਸਕਦਾ ਹੋਵੇ..ਕਿੰਨੀ ਘਟੀਆ ਗੱਲ ਏ..!
ਇਹ ਅੱਗੋਂ ਏਨੀ ਗੱਲ ਆਖ ਰਫ਼ਾ ਦਫ਼ਾ ਕਰ ਦਿਆ ਕਰਦੇ ਕੇ ਅਸਾਂ ਵੀ ਤੇ ਅਖੀਰ ਰੱਦੀ ਵਿਚ ਹੀ ਸੁੱਟਣੀ ਹੁੰਦੀ..ਫੇਰ ਕੀ ਹੋਇਆ ਜੇ ਅਗਲੇ ਦੇ ਕੰਮ ਆ ਜਾਂਦੀ ਏ..ਨਾਲੇ ਉਹ ਦੋ ਘੜੀ ਗੱਲਾਂ ਕਰ ਹਾਲ ਚਾਲ ਵੀ ਤਾਂ ਪੁੱਛ ਹੀ ਜਾਂਦੇ ਨੇ!
ਉਸ ਦਿਨ ਨਿੱਕੀ ਦੇ ਦੂਜੇ ਜਨਮ ਦਿਨ ਦੀ ਮਸਾਂ ਤਿਆਰੀ ਕਰ ਕੇ ਹੱਟੀ ਹੀ ਸਾਂ ਕੇ ਬਾਹਰ ਘੰਟੀ ਵੱਜੀ..ਝੀਥ ਥਾਣੀ ਵੇਖਿਆ..ਬਾਹਰ ਫੇਰ ਓਹੀ ਖਲੋਤੇ ਸਨ..!
ਸਤਵੇਂ ਆਸਮਾਨ ਨੂੰ ਛੂੰਹਦੇ ਹੋਏ ਦਿਮਾਗੀ ਪਾਰੇ ਨਾਲ ਅਜੇ ਬੂਹਾ ਖੋਹਲਿਆਂ ਹੀ ਸੀ ਕੇ ਕੁਝ ਆਖਣ ਤੋਂ ਪਹਿਲਾਂ ਅੰਦਰ ਲੰਘ ਆਏ..
ਫੇਰ ਹੱਥ ਵਿਚ ਫੜੇ ਝੋਲੇ ਵਿੱਚੋਂ ਕਿੰਨਾ ਕੁਝ ਕੱਢ ਟੇਬਲ ਤੇ ਢੇਰੀ ਕਰ ਦਿੱਤਾ..!
ਅਖਬਾਰ ਦੇ ਬੱਚਿਆਂ ਵਾਲੇ ਸੈਕਸ਼ਨ ਵਿਚ ਕੱਟੀਆਂ ਕਿੰਨੀਆਂ ਸਾਰੀਆਂ ਫੋਟੋਆਂ ਨਾਲ ਬਣਾਈ ਪੂਰੀ ਦੀ ਪੂਰੀ ਕਿਤਾਬ..ਕਾਰਟੂਨਾਂ ਵਾਲੀ ਕਾਪੀ ਤੇ ਹੋਰ ਵੀ ਕਿੰਨਾ ਕੁਝ..!
ਫੇਰ ਧੱਕੇ ਨਾਲ ਫੜਾ ਗਏ ਬੰਦ ਲਫਾਫੇ ਅੰਦਰੋਂ ਨਿਕਲੇ ਪੰਜਾਹ ਪੰਜਾਹ ਦੇ ਦੋ ਨੋਟਾਂ ਨੂੰ ਕੰਬਦੇ ਹੱਥਾਂ ਨਾਲ ਫੜਦੀ ਹੋਈ ਨੂੰ ਇੰਝ ਲੱਗਾ ਜਿੱਦਾਂ ਸਤਵੇਂ ਅਸਮਾਨ ਤੇ ਬੈਠੇ ਭਾਪਾ ਜੀ ਨੇ ਅੱਜ ਫੇਰ ਕਿਸੇ ਖਾਸ ਮਿੱਤਰ ਪਿਆਰੇ ਹੱਥ ਦੋਹਤੀ ਨੂੰ ਦੂਜੇ ਜਨਮ ਦਿਨ ਦਾ ਵੱਡਾ ਸ਼ਗਨ ਘੱਲ ਦਿੱਤਾ ਸੀ!
ਹਰਪ੍ਰੀਤ ਸਿੰਘ ਜਵੰਦਾ