ਹੂ-ਬਹੂ “ਅਰਦਾਸ” ਫਿਲਮ ਵਾਲੀ ਕਹਾਣੀ ਸੀ ਮੇਰੇ ਟੱਬਰ ਦੀ..!
ਦਿਨੇ ਰਾਤ ਬੱਸ ਇਹੋ ਰੱਟ ਲੱਗੀ ਰਹਿੰਦੀ..”ਮੁੰਡਾ ਹੋਣਾ ਚਾਹੀਦਾ”..”ਪਹਿਲੀ ਚੰਗੀ ਚੀਜ ਚਾਹੀਦੀ ਏ”..”ਸਿਆਣੇ ਦੀ ਦਵਾਈ”..”ਝਾੜ ਪੂੰਝ”..ਤੇ ਜਾਂ ਫੇਰ ਕਿਸੇ ਸਾਧ ਦੀਆਂ ਮੁਠੀਆਂ ਭਰੋ..!
ਭਾਵੇਂ ਜੋ ਮਰਜੀ ਕਰੋ ਪਰ ਬਰੂਹਾਂ ਟੱਪਣ ਵਾਲਾ ਸਿਰਫ ਕਰਮਾ ਵਾਲਾ ਹੀ ਹੋਣਾ ਚਾਹੀਦਾ..!
ਮੈਂ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ ਮਹਾਭਾਰਤ ਛਿੜ ਜਾਂਦੀ ਅਤੇ ਮੇਰਾ ਘਰ ਵਾਲਾ ਅਸਲੀ ਜਿੰਦਗੀ ਦਾ ਗੁਰਪ੍ਰੀਤ ਘੁੱਗੀ ਚੁੱਪ ਹੋ ਕੇ ਰਹਿ ਜਾਂਦਾ..!
ਅਖੀਰ ਓਹੀ ਗੱਲ ਹੋਈ..ਉਹ ਹੋ ਪਈ..ਨਰਸਾਂ ਜਦੋਂ ਮੇਰੇ ਹੱਥਾਂ ਵਿਚ ਦਿੱਤੀ ਤਾਂ ਮੇਰੇ ਵੱਲ ਵੇਖੀ ਜਾ ਰਹੀ ਸੀ..ਸ਼ਾਇਦ ਸ਼ੁਕਰੀਆ ਕਰ ਰਹੀ ਸੀ..!
ਪਰ ਪੋਤਰੇ ਦੀ ਆਸ ਲਾਈ ਕਦੇ ਦੀ ਹਸਪਤਾਲ ਬੈਠੀ ਦਾਦੀ ਤੇ ਦੁਖਾਂ ਦਾ ਪਹਾੜ ਟੁੱਟ ਪਿਆ..ਢਹਿੰਦੀ ਕਲਾ ਦੇ “ਅੱਤ” ਦੇ ਨੀਵੇਂ ਪੱਧਰ ਤੱਕ ਆਣ ਡਿੱਗੀ..ਮੂੰਹ ਵੀ ਨਹੀਂ ਸੀ ਵੇਖਿਆ ਤੇ ਘਰੇ ਮੁੜ ਗਈ..!
ਮੈਂ ਪਹਾੜ ਜਿੱਡੀਆਂ ਜਣੇਪਾ ਪੀੜਾਂ ਸਹਿ ਕੇ ਵੀ ਸੰਜਮ ਬਣਾਈ ਰਖਿਆ..ਦਿਲ ਨਹੀਂ ਛੱਡਿਆ..ਨਾਲਦਾ ਆਉਂਦਾ ਜਾਂਦਾ ਮੇਰੇ ਹੱਥ ਘੁੱਟ ਦਿਲਾਸੇ ਦੇ ਜਾਇਆ ਕਰਦਾ..!
ਨਾਨੀ ਆਖਿਆ ਕਰਦੀ ਸੀ..”ਘਰਵਾਲੇ ਦਾ ਸਾਥ ਹੋਵੇ ਤਾਂ ਭਾਵੇਂ ਸਾਰੀ ਦੁਨੀਆ ਵੀ ਦੁਸ਼ਮਣ ਹੋ ਜੇ..ਤੀਵੀਂ ਦੇ ਪੈਰ ਨਹੀਂ ਉਖੜਦੇ”!
ਇਸਦੀ ਆਮਦ ਤੇ ਦਾਦੀ ਨੂੰ ਅੱਤ ਤਰਸਯੋਗ ਹਾਲਤ ਵਿਚ ਵੇਖ ਮੇਰੇ ਨਾਲਦੇ ਨੇ ਗੁਰੂ ਘਰ ਜਾ ਉਸਦਾ ਨਾਮ ਹੀ “ਅੱਤਕੋਮਲ ਜੀਤ ਕੌਰ” ਰੱਖ ਦਿੱਤਾ..!
ਇਸ ਨਾਮ ਦੀ ਹੱਕਦਾਰ ਵੀ ਸੀ..ਕਦੇ ਰੋਈ ਨਹੀਂ..ਬੱਸ ਜਦੋਂ ਭੁੱਖ ਲੱਗਦੀ ਤਾਂ ਆਪਣੇ ਪੈਰ ਦਾ ਅੰਗੂਠਾ ਜਰੂਰ ਮੂੰਹ ਵਿਚ ਪਾ ਲਿਆ ਕਰਦੀ!
ਅੱਜ ਠੀਕ ਪੰਝੀਆਂ ਵਰ੍ਹਿਆਂ ਮਗਰੋਂ ਡਾਕਟਰ ਅੱਤਕੋਮਲ ਜੀਤ ਕੌਰ ਅਕਸਰ ਹੀ ਵੇਲੇ ਸਿਰ ਅੱਪੜ ਮੁੱਕਦੀ ਜਾਂਦੀ ਆਪਣੀ ਦਾਦੀ ਦਾ ਇਲਾਜ ਕਰ ਉਸਨੂੰ ਮੁੜ ਪੈਰਾਂ ਸਿਰ ਖੜਾ ਕਰ ਦਿੰਦੀ ਏ..!
ਸਾਰੇ ਪਾਸੇ ਖੁਸ਼ੀ ਦਾ ਮਾਹੌਲ ਹੁੰਦਾ ਤੇ ਅੱਤ ਦੀ ਪ੍ਰ੍ਸੰਨਚਿਤ ਮੁੱਦਰਾ ਵਿਚ ਪੋਤਰੀ ਦਾ ਸਿਰ ਪਲੋਸਦੀ ਹੋਈ ਦਾਦੀ ਅਸੀਸਾਂ ਦਾ ਮੀਂਹ ਵਰਾਉਂਦੀ ਨਹੀਂ ਥੱਕਦੀ!
ਅੱਜ ਤੋਂ ਕੋਈ ਵੀਹ ਵਰੇ ਪਹਿਲਾਂ ਥਾਂ ਥਾਂ ਸੁੱਟ ਦਿੱਤੇ ਜਾਂਦੇ ਨਵੇਂ ਜੰਮੇ ਬੱਚਿਆਂ ਦੀ ਜਾਨ ਬਚਾਉਣ ਲਈ ਡੀ.ਸੀ ਅਮ੍ਰਿਤਸਰ ਕਾਹਨ ਸਿੰਘ ਪੰਨੂ ਜੀ ਨੇ ਕਚਹਿਰੀਆਂ ਨੇੜੇ ਸੁਵਿਧਾ ਸੈਂਟਰ ਕੋਲ ਇੱਕ ਪੰਘੂੜਾ ਲਵਾ ਦਿੱਤਾ..!
ਲੋਕ ਓਹਲੇ ਜਿਹੇ ਨਾਲ ਬੱਚੇ ਨੂੰ ਪੰਘੂੜੇ ਵਿਚ ਪਾਉਂਦੇ..ਅੰਦਰ ਘੰਟੀ ਵੱਜਦੀ..ਤੇ ਫੇਰ ਇਸ ਸੈਂਟਰ ਤੇ ਤਾਇਨਾਤ ਸਟਾਫ ਬੱਚੇ ਦਾ ਮੈਡੀਕਲ ਕਰਵਾ ਅਗਲੀ ਕਾਰਵਾਈ ਪਾ ਦਿੰਦਾ..!
ਜਿਕਰਯੋਗ ਏ ਕੇ ਇਸ ਪੰਘੂੜੇ ਵਿਚ ਛੱਡੇ ਬੱਚਿਆਂ ਵਿਚੋਂ ਨੱਬੇ ਫ਼ੀਸਦੀ ਉਹ ਧੀਆਂ ਹੁੰਦੀਆਂ ਜਿਹਨਾਂ ਦੀ ਕਿਸਮਤ ਵਿਚ ਜੰਮਣ ਵਾਲੀਆਂ ਦੀਆਂ ਤਲੀਆਂ ਦੀ ਗਰਮਾਹਟ ਆਪਣੇ ਵਜੂਦ ਤੇ ਹੰਢਾਉਣੀ ਨਹੀਂ si ਲਿਖੀ ਹੁੰਦੀ!
ਹਰਪ੍ਰੀਤ ਸਿੰਘ ਜਵੰਦਾ