ਮੰਤਰੀ ਸਾਹਿਬ ਦੇ ਭਾਸ਼ਣ ਦੇਣ ਲਈ ੪੦-੫੦ ਕਿੱਲੇ ਪੈਲ਼ੀ ਦਾ ਪ੍ਰਬੰਧ ਕੀਤਾ ਗਿਆ, ਭਾਸ਼ਣ ਦਾ ਮੁੱਖ ਵਿਸ਼ਾ ਨਸ਼ੇ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਉੱਤੇ ਤਾਹਨੇ ਮੇਹਣੇ । ਭਾਸ਼ਣ ਦੌਰਾਨ ਸਿਰਫ਼ ਤੇ ਸਿਰਫ਼ ਚਿੱਟੇ ਜਿਹੇ ਨਸ਼ੇ ਉੱਤੇ ਜ਼ੋਰ । ਭਾਸ਼ਣ ਵਾਲੀ ਜਗ੍ਹਾ ਤੋਂ ਦੂਰ ਸੜਕ ਉੱਤੇ ਮੰਜੇ ‘ਤੇ ਲਾਏ ਗੁਟਖੇ, ਮਸਾਲੇ ਅਤੇ ਸਿਗਰਟਾਂ ਬੀੜੀਆਂ ਵਾਲਾ ਵਿਅਸਤ ਸੀ ਉਨ੍ਹਾਂ ਗਾਹਕਾਂ ‘ਚ ਜੋ ਉਸ ਤੋਂ ਸਮਾਨ ਲੈ ਕੇ ਭਾਸ਼ਣ ਸੁਣਨ ਜਾ ਰਹੇ ਸਨ। ਜਿੰਨਾ ਬੱਸਾਂ ਰਾਹੀ ਸਰੋਤਿਆਂ ਨੂੰ ਮੰਤਰੀ ਦੀ ਰੈਲੀ ‘ਤੇ ਇਕੱਠ ਕਰਨ ਲਈ ਲਿਆਇਆ ਗਿਆ ਸੀ, ਸੀਟਾਂ ਉੱਤੇ ਬੈਠੇ ਬੋਤਲਾਂ ਦੇ ਡੱਟ ਖ੍ਹੋਲ ਰਹੇ ਸੀ ਤੇ ਬਾਕੀ ਵਿਹਲੇ ਹੋ ਕੇ ਪੰਡਾਲ ‘ਚ ਪਿਛਲੀਆਂ ਸਰਕਾਰਾਂ ਨੂੰ ਮੰਤਰੀ ਵਾਂਗੂ ਭੰਡ ਰਹੇ ਸਨ ।
ਤ੍ਰਾਸਦੀ ਇਹ ਨਹੀਂ ਕਿ ਚਿੱਟਾ ਹੀ ਘਰ ਖਰਾਬ ਕਰ ਰਿਹਾ । ਹੈਰਾਨਗੀ ਤਾਂ ਇਹ ਹੈ ਕਿ ਸ਼ਰਾਬ , ਸਿਗਰਟ ਅਤੇ ਗੁਟਖੇ ਮਸਾਲੇ ਜਿਹੀਆਂ ਚੀਜ਼ਾਂ ਨੂੰ ਨਸ਼ਾ ਸਮਝਣਾ ਹੀ ਬੰਦ ਕੀਤਾ ਜਾ ਰਿਹਾ । ਸੜਕ ਦੇ ਕਿਨਾਰਿਆਂ ਤੋਂ ਗਲੀ ਮੁਹੱਲਿਆਂ ਦੀਆਂ ਦੁਕਾਨਾਂ ਤੱਕ ਇਹ ਚੀਜ਼ਾਂ ਆਸਾਨੀ ਨਾਲ ਬੱਚਿਆਂ ਦੀ ਪਹੁੰਚ ਕਰ ਚੁੱਕੀਆਂ ਹਨ।
ਫ਼ੈਸ਼ਨ ਤੋਂ ਸ਼ੁਰੂਆਤ ਕਰਦੇ ਕਰਦੇ ਅਲ੍ਹੱੜ ਉਮਰੇ ਸਿਗਰਟਾਂ ਦੇ ਗਿੱਝੇ ਹੋਏ ਕਦੋਂ ਜਾਨਲੇਵਾ ਨਸ਼ਿਆਂ ਦੀ ਪਕੜ ‘ਚ ਆ ਜਾਂਦੇ ਪਤਾ ਨਹੀਂ ਲੱਗਦਾ ।
ਇੱਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਵਾਲੀ ਹੈ ਜੇਕਰ ਆਪਣੇ ਭਾਂਡੇ ਦਾ ਅਸੀਂ ਆਪ ਖਿਆਲ ਰੱਖੀਏ ਤਾਂ ਹੀ ਬਿਹਤਰ ਹੈ, ਨਹੀਂ ਤਾਂ ਪਾਉਣ ਵਾਲਾ ਤੁਹਾਨੂੰ ਕੁਝ ਵੀ ਵਰਤਾ ਸਕਦਾ ਹੈ । ਸਾਡੀਆਂ ਅਣਗਹਿਲੀਆਂ ਸਾਨੂੰ ‘ਤੇ ਸਾਡੀ ਨਸਲ ਨੂੰ ਸਹੀ ਤੋ ਗਲਤ ਰਸਤੇ ‘ਤੇ ਪਾ ਸਕਦੀ ਹੈ ।
ਸਰਕਾਰਾਂ ਨੂੰ ਸਿਰਫ਼ ਕੁਰਸੀ ਤੱਕ ਅੱਪੜਣ ਦਾ ਰਾਹ ਹੀ ਦਿਸਦਾ !
ਰੁਪਿੰਦਰਸਿੰਘ
ਲੁਧਿਆਣਾ