ਅੰਗਰੇਜੀ ਦੇ ਛੇ ਅਤੇ ਪੰਜਾਬੀ ਦੇ ਤਿੰਨ ਅੱਖਰ..”ਮੇਰਾ ਨਾਂ”
ਸੁਵੇਰੇ ਉਠਿਆ ਤਾਂ ਹਲਚਲ ਮੱਚੀ ਹੋਈ ਸੀ..ਕੁਝ ਘੰਟਿਆਂ ਵਿਚ ਹੀ ਲੱਖਾਂ ਕਰੋੜਾਂ ਵਿਉ..ਫੇਰ ਧਿਆਨ ਨਾਲ ਸੁਣਿਆ..ਇੰਝ ਲੱਗਿਆ ਅੱਧ ਵਿਚਾਲੇ ਰੋਟੀ ਛੱਡ ਬਾਹਰ ਨੂੰ ਤੁਰ ਗਏ ਪੁੱਤ ਦੀ ਥਾਲੀ ਸਾਂਭਦੀ ਹੋਈ ਮਾਂ ਬਾਹਰ ਗੇਟ ਵੱਲ ਤੱਕ ਰਹੀ ਹੋਵੇ ਤੇ ਤੁਰੀ ਜਾਂਦੀ ਨੂੰ ਠੇਡਾ ਲੱਗ ਗਿਆ ਹੋਵੇ..!
ਕੰਧਾਂ ਕੌਲ਼ਿਆਂ ਤੇ ਲੱਗੀਆਂ ਫੋਟੋਆਂ ਬੋਲ ਰਹੀਆਂ ਸਨ..ਡੱਬੀਦਾਰ ਸਾਫਾ ਬੰਨ ਸ਼ੀਸ਼ੇ ਮੂਹਰੇ ਖਲੋਤਾ ਇੱਕ ਅਣ-ਦਾਹੜੀਆਂ ਪਹਿਲੋਂ ਖੁਦ ਨੂੰ ਤੇ ਮਗਰੋਂ ਮੂਸੇਵਾਲੇ ਦੀ ਫੋਟੋ ਨੂੰ ਵੇਖਦਾ..!
ਕਦੀ ਉਹ ਅਮਰੀਕਾ ਅੱਪੜ ਜਾਂਦਾ..ਕਦੀ ਪਿੰਡ ਦੀ ਜੂਹਾਂ ਵਿਚ ਤੇ ਕਦੀ ਟਰੱਕ ਦੇ ਮਗਰ ਵੱਡੇ ਡਾਲੇਆ ਤੇ..!
ਕਦੇ ਘੁੱਗ ਵੱਸਦੇ ਡਾਊਨ ਟਾਊਨ ਦੀਆਂ ਉੱਚੀਆਂ ਇਮਾਰਤਾਂ ਤੇ..ਕਦੇ ਖੱਟੇ ਅਤੇ ਲਾਲ ਰੰਗ ਦੇ ਉਣਾਹਠ ਗਿਆਰਾਂ ਦੀ ਚੈਸੀ ਤੇ..ਕਦੇ ਮੋਟਰ ਸਾਈਕਲ ਦੀ ਪੈਟਰੋਲ ਵਾਲੀ ਟੈਂਕੀ ਤੇ ਅਤੇ ਜਦੇ ਅੰਬਰਾਂ ਦੀ ਛਾਤੀ ਤੇ ਬੈਠਾ ਬੁੱਲ ਹਿਲਾਉਣ ਲੱਗਦਾ..ਸੱਥਾਂ ਸਾਈਕਲਾਂ ਪਰਛਾਵਿਆਂ ਵਿੱਚ ਪੈਂਦੇ ਝੌਲੇ..!
ਕਈ ਵੇਰ ਪੱਟ ਤੇ ਥਾਪੀ ਅਤੇ ਮੁੱਛਾਂ ਨੂੰ ਵੱਟ ਦਿੰਦਾ ਹੋਇਆ ਹਕੀਕੀ ਹੋ ਜਾਂਦਾ..ਸਵਾਲ ਉੱਠਦਾ..ਬੰਦਾ ਭਲਾ ਏਡੀ ਛੇਤੀ ਠਿਕਾਣੇ ਕਿੱਦਾਂ ਬਦਲ ਸਕਦਾ?
ਪਰ ਰੂਹਾਂ ਤੇ ਬਦਲ ਹੀ ਸਕਦੀਆਂ..ਖੇਤਾਂ ਵਾਹਣਾਂ ਜੂਹਾਂ ਪਿੰਡਾਂ ਲੋਕਾਂ ਨਹਿਰਾਂ ਜੰਗਲਾਂ ਵਿਚ ਭਟਕਦੀਆਂ ਰੂਹਾਂ..ਚਾਰ ਦਹਾਕੇ ਪੂਰਾਣੀਆਂ ਰੂਹਾਂ..ਇੱਕ ਦੂਜੇ ਦੇ ਦਰਸ਼ਨ ਮੇਲੇ ਵੀ ਜਰੂਰ ਕਰਦੀਆਂ ਹੋਣੀਆਂ..!
ਇੱਕ ਵੀਰ ਨੂੰ ਚੰਗਾ ਨਹੀਂ ਲੱਗਾ ਅਖ਼ੇ ਹੁਣ ਉਹ ਗੱਲ ਨਹੀਂ ਰਹੀ..ਬੱਸ ਆਪਣੀ ਵਾਹ ਵਾਹ ਹੀ ਕੀਤੀ ਏ..!
ਮਨ ਵਿਚ ਆਖਿਆ ਏਨਾ ਜਿਆਦਾ ਸੱਚ ਬੋਲ ਕੇ ਸਦੀਵੀਂ ਚਲੇ ਗਏ ਦਾ ਏਨਾ ਤਾਂ ਹੱਕ ਬਣਦਾ ਹੀ ਹੈ..ਅਣਗਿਣਤ ਜਟਾਣੇ..ਐੱਸ ਵਾਈ ਐੱਲ..ਖੋਹੇ ਜਾ ਰਹੇ ਪਾਣੀ..ਹੱਕ ਕਸ਼ਮੀਰ ਸੁਨਹਿਰੀ ਇਤਿਹਾਸ..ਪਾਤਾਲ ਵਿਚ ਸਦੀਵੀਂ ਦੱਬਿਆ ਕਿੰਨਾ ਕੁਝ ਕੱਢ ਐਨ ਸਾਮਣੇ ਰੱਖ ਗਿਆ..ਨੰਗੇ ਹੋ ਗਏ ਦੋਗਲੇ ਅਜੇ ਤੀਕਰ ਵੀ ਪੈਰਾਂ ਸਿਰ ਨਹੀਂ ਹੋ ਸਕੇ..ਚਿੜੀ ਦੀ ਚੁੰਝ ਅੰਦਰ ਸਮਾਂ ਸਕਦੇ ਪਾਣੀ ਜਿੰਨੀ ਨਿੱਕੀ ਉਮਰ..ਨਿੱਕੀ ਖੇਡ..ਸੰਖੇਪ ਹਯਾਤੀ..ਕਾਹਲੀ ਕਾਹਲੀ ਸਾਂਭਿਆ ਸਮਾਨ..ਗੋਡੀਆਂ ਨੁੱਕਰਾਂ..ਲਾਏ ਪਾਣੀ..ਤਾਂ ਵੀ ਏਨਾ ਜਿਆਦਾ ਨਾਮ..ਸਾਰੇ ਬ੍ਰਹਿਮੰਡ ਵਿੱਚ..!
ਅੱਜ ਹਾਲੀਵੁੱਡ ਤੋਂ ਦੋ ਮਸ਼ਹੂਰ ਗਾਇਕ ਬੀਬੀਆਂ ਆਈਆਂ ਸਨ..ਇੱਕ ਨੇ ਬਾਪੂ ਬਲਕੌਰ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ..ਫੇਰ ਸਿਰ ਤੇ ਪਿਆਰ ਲਿਆ..ਪਰ ਬਾਪੂ ਨੇ ਵੀ ਜੇਰਾ ਰੱਖੀ ਰੱਖਿਆ..ਅੱਜ ਅੱਖੀਆਂ ਗਿੱਲੀਆਂ ਨਹੀਂ ਕੀਤੀਆਂ..ਪਰ ਮੀਡਿਆ ਵਿੱਚ ਸਿਵਿਆਂ ਵਰਗੀ ਚੁੱਪ..ਕਿਧਰੇ ਕਿਸੇ ਹੋਰ ਨਾਲ ਇੰਝ ਹੋਇਆ ਹੁੰਦਾ ਤਾਂ ਡਾਟ ਪਾ ਦੇਣੇ ਸਨ..ਬਾਕੀ ਮੁਲਖ ਦਾ ਬਿਰਤਾਂਤ..ਜੇਲ ਬੈਠੇ ਕਾਤਲ ਹੀਰੋ ਬਣਾ ਦਿੱਤੇ..ਹੱਸ ਹੱਸ ਇੰਟਰਵਿਊ ਲੈਂਦਾ ਚੋਥਾ ਥੰਮ..ਮੁੜ ਉਸ ਨੂੰ ਸ਼ੁਬ ਕਾਮਨਾਵਾਂ ਅਤੇ ਉਸਦੀ ਲੰਮੀ ਉਮਰ ਦੀ ਸੁਖ ਮੰਗਦਾ ਹੋਇਆ!
ਕੋਈ ਐੱਨ.ਐੱਸ.ਏ ਨਹੀਂ..ਕੋਈ ਯੂਆਪਾ..ਕੋਈ ਸਿਆਪਾ ਨਹੀਂ..ਸ਼ੇਰਾਂ ਦੇ ਸ਼ਿਕਾਰੀ ਹੀ ਜਦੋਂ ਸ਼ੇਰਾਂ ਦਾ ਇਤਿਹਾਸ ਲਿਖਣਗੇ ਤਾਂ ਇੰਝ ਹੀ ਹੋਊ..!
ਮੈਨੂੰ ਤੇ ਬੜਾ ਵਧੀਆ ਲੱਗਾ ਰਾਵੀ ਦੇ ਪਾਣੀਆਂ ਵਾਂਙ ਨਿਰੰਤਰ ਵਗਦਾ ਜਾਂਦਾ ਸੰਗੀਤ..!
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ..ਮਾਪੇ ਤੈਨੂੰ ਘੱਟ ਰੋਣਗੇ..ਖੈਰ ਮਾਪਿਆਂ ਦੇ ਰੋਣਿਆਂ ਸਿਸਕੀਆਂ ਦਾ ਤੇ ਕੋਈ ਹਿਸਾਬ ਹੀ ਹੈਨੀ..ਏਨੇ ਭਾਰੇ ਹੁੰਦੇ..ਬਾਪੂ ਬਲਕੌਰ ਸਿੰਘ ਆਖਦੇ ਆਥਣੇ ਉਸਦੀ ਤੋਟ ਲੱਗਣ ਲੱਗਦੀ..ਫੇਰ ਇੱਕ ਦੂਜੇ ਨੂੰ ਹੀ ਵੇਖੀ ਜਾਈਦਾ..!
ਪਿੱਛੇ ਜਿਹੇ ਸੰਘਰਸ਼ ਵੇਲੇ ਸ਼ਹੀਦ ਹੋ ਗਏ ਆਪਣੇ ਸਭ ਤੋਂ ਨਿੱਕੇ ਪੁੱਤ ਨੂੰ ਯਾਦ ਕਰ ਅੱਜ ਵੀ ਗਲ਼ ਵਿੱਚ ਪੱਲਾ ਪਾ ਲੈਂਦੀ ਮਾਝੇ ਦੀ ਇੱਕ ਮਾਂ ਵੇਖੀ..ਉਸਦੇ ਤੇ ਅਜੇ ਚਾਰ ਜਿਉਂਦੇ ਜਾਗਦੇ ਸਨ ਪਰ ਜਿਸਦਾ ਹੋਵੇ ਹੀ ਕੱਲਾ..ਉਹ ਤੇ ਫੇਰ ਇਹੋ ਹੀ ਆਖੂ..ਜੇ ਮੈਂ ਜਾਣਦੀ ਜੱਗੇ ਤੁਰ ਜਾਣਾ..ਇੱਕ ਦੇ ਮੈਂ ਦੋ ਜੰਮਦੀ..!
ਜਿੰਨੇ ਮਰਜੀ ਆਉਂਦੇ ਰਹਿਣ ਸੁਣਦੇ ਵੀ ਰਹਾਂਗੇ ਤੇ ਯਾਦ ਵੀ ਕਰਦੇ ਰਹਾਂਗੇ..ਜਿੰਨੀ ਦੇਰ ਤੱਕ ਜਿਉਂਦੇ ਹਾਂ..ਜਿਥੇ ਵੀ ਹੋਵੇ ਚੜ੍ਹਦੀ ਕਲਾ ਵਿੱਚ ਹੋਵੇ..!
ਹਰਪ੍ਰੀਤ ਸਿੰਘ ਜਵੰਦਾ
ਬਹੁਤ ਵਧੀਆ ਲੱਗਾ ਜੀ ਤੁਹਾਡੀ ਹੱਥ ਲਿਖਤ ਪੜ੍ਹਕੇ ਧੰਨਵਾਦ ਜੀ 🙏
ਅੱਖਾਂ ਵਿੱਚ ਪਾਣੀ ਲੈ ਆਂਦਾ ਥੋਡੀ ਪੋਸਟ ਨੇ ਬਾਈ ਜੀ