ਪਤਾ ਹੀ ਨੀ ਲੱਗਾ ਕਦੋਂ ਪੱਕੀ ਸਹੇਲੀ ਨੂੰ ਦੁਸ਼ਮਣ ਮਿਥ ਉਸ ਨਾਲ ਨਫਰਤ ਕਰਨ ਲੱਗੀ..!
ਇਹ ਸਭ ਕੁਝ ਸ਼ਾਇਦ ਓਦੋ ਸ਼ੁਰੂ ਹੋਇਆ ਜਦੋਂ ਉਹ ਮੈਥੋਂ ਵਧੀਆ ਘਰ ਵਿਆਹੀ ਗਈ..
ਉਸਦਾ ਘਰਵਾਲਾ ਵੀ ਮੇਰੇ ਵਾਲੇ ਨਾਲੋਂ ਕੀਤੇ ਵੱਧ ਮੂੰਹ ਮੱਥੇ ਲੱਗਦਾ ਸੀ..!
ਸ਼ੁਰੂ ਵਿਚ ਉਸ ਪ੍ਰਤੀ ਆਪਣੇ ਇਹ ਇਹਸਾਸ ਦਿੱਲ ਅੰਦਰ ਦੱਬ ਕੇ ਰੱਖਦੀ..ਪਰ ਮਗਰੋਂ ਇਹ ਸਭ ਕੁਝ ਖੁੱਲ੍ਹਮ-ਖੁੱਲ੍ਹਾ ਹੀ ਜਾਹਿਰ ਹੋਣ ਲੱਗਾ..!
ਹਮੇਸ਼ਾਂ ਕੋਸ਼ਿਸ਼ ਰਹਿੰਦੀ ਕੇ ਆਪਣੇ ਬਾਰੇ ਹਰ ਚੰਗੀ ਗੱਲ ਦਾ ਸਭ ਤੋਂ ਪਹਿਲਾ ਉਸਨੂੰ ਹੀ ਪਤਾ ਲੱਗੇ..ਅਤੇ ਮੇਰੀ ਹਰ ਬੁਰੀ ਚੀਜ ਉਸਤੋਂ ਲੁਕੀ ਰਹੇ..!
ਉਸਦੇ ਚੇਹਰੇ ਤੇ ਸਾੜੇ ਅਤੇ ਹੀਣ-ਭਾਵਨਾ ਵਾਲੇ ਇਹਸਾਸ ਵੇਖਣਾ ਹੀ ਮੇਰੀ ਜਿੰਦਗੀ ਦਾ ਇੱਕੋ ਇੱਕ ਮਕਸਦ ਬਣ ਗਿਆ ਸੀ..
ਹਰ ਵੇਲੇ ਕਨਸੋਆਂ ਲੈਂਦੀ ਰਹਿੰਦੀ..ਉਸਦੇ ਬੱਚੇ ਕੀ ਕਰਦੇ ਨੇ..ਕਾਰੋਬਾਰ ਕਿੱਦਾਂ ਚੱਲਦਾ..ਫੇਰ ਆਪਣੇ ਆਪ ਹੀ ਖੁਦ ਨਾਲ ਮੁਕਾਬਲਾ ਸ਼ੁਰੂ ਕਰ ਬੈਠਦੀ..!
ਪਾਰਟੀਆਂ,ਤਿਥ-ਤਿਓਹਾਰਾਂ ਅਤੇ ਹੋਰ ਥਾਂਵਾਂ ਤੇ ਉਸਦੀ ਹੁੰਦੀ ਨਿੰਦਿਆਂ ਸੁਣ ਇੰਝ ਲੱਗਦਾ ਮਨ ਤੋਂ ਕੋਈ ਵੱਡਾ ਸਾਰਾ ਬੋਝ ਉੱਤਰ ਰਿਹਾ ਹੋਵੇ..!
ਮੇਰੀ ਇਸ ਸੋਚ ਦੇ ਉਲਟ ਉਹ ਅਤੇ ਉਸਦਾ ਪਰਿਵਾਰ ਲਗਾਤਾਰ ਤਰੱਕੀ ਕਰ ਮੈਥੋਂ ਕਿੰਨਾ ਅੱਗੇ ਨਿੱਕਲ ਗਿਆ..!
ਫੇਰ ਮੇਰੀ ਸੋਚ ਏਨੀ ਨਿੱਘਰ ਗਈ ਕੇ ਇੱਕ ਵੇਰ ਸੋਚਿਆ ਕਾਸ਼ ਉਸ ਨੂੰ ਕੋਈ ਬਿਮਾਰੀ ਹੀ ਲੱਗ ਜਾਵੇ..ਮੈਨੂੰ ਛੋਟੇ ਹੋਣ ਦਾ ਇਹਸਾਸ ਕਰਾਉਣ ਵਾਲੀ ਨੂੰ ਹੁਣ ਮਰ ਹੀ ਜਾਣਾ ਚਾਹੀਦਾ..!
ਫੇਰ ਇੱਕ ਦਿਨ ਵਾਕਿਆ ਹੀ ਖਬਰ ਆ ਗਈ..
ਉਸਨੂੰ ਕੈਂਸਰ ਸੀ..ਨਾਮੁਰਾਦ ਆਖਰੀ ਸਟੇਜ ਵਾਲਾ..!
ਫੇਰ ਜਿਸ ਦਿਨ ਉਸਦਾ ਸੰਸਕਾਰ ਹੋਇਆ ਤਾਂ ਅੰਦਰੋਂ ਅੰਦਰ ਇੱਕ ਮਿੱਠੀ ਜਿਹੀ ਤਸੱਲੀ ਪਰ ਅੱਖੀਆਂ ਵਿਚ ਝੂਠੇ ਹੰਜੂ ਸਨ..!
ਰੋਜ ਸੁਵੇਰੇ ਉੱਠ ਸ਼ੁਕਰ ਕਰਦੀ ਕੇ ਹੁਣ ਕੋਈ ਵੀ ਮੈਨੂੰ ਛੋਟੇ ਹੋਣ ਦਾ ਇਹਸਾਸ ਨਹੀਂ ਕਰਵਾਏਗਾ..ਜਿੰਦਗੀ ਜਿਉਣ ਦਾ ਵੀ ਇੱਕ ਵੱਖਰਾ ਹੀ ਸਵਾਦ ਜਿਹਾ ਆਵੇਗਾ..!
ਪਰ ਕੁਝ ਦਿਨਾਂ ਮਗਰੋਂ ਦਿਲ ਨੇ ਫੇਰ ਓਸੇ ਤਰਾਂ ਸੋਚਣਾ ਸ਼ੁਰੂ ਕਰ ਦਿੱਤਾ..
ਚੁੱਪ ਚੁਪੀਤੇ ਹੀ ਦੋਸਤਾਂ ਦੀ ਭੀੜ ਵਿਚੋਂ ਮੈਂ ਇੱਕ ਹੋਰ ਦੁਸ਼ਮਣ ਮਿਥ ਲਿਆ..ਉਸ ਬਾਰੇ ਵੀ ਠੀਕ ਓਸੇ ਤਰਾਂ ਸੋਚਣਾ ਸ਼ੁਰੂ ਕਰ ਦਿੱਤਾ..ਜਿਸ ਤਰਾਂ ਪਹਿਲਾਂ ਸੋਚਿਆ ਕਰਦੀ ਸਾਂ!
ਕਈ ਵੇਰ ਇਹਸਾਸ ਹੁੰਦਾ..
ਸ਼ਾਇਦ ਮੈਨੂੰ ਕੋਈ ਰੋਗ ਲੱਗਾ ਹੋਇਆ ਸੀ..ਹਰ ਉਸ ਚੀਜ ਨਾਲ ਈਰਖਾ ਸਾੜੇ ਵਾਲਾ ਜਿਹੜੀ ਮੇਰੇ ਨਾਲੋਂ ਬੇਹਤਰ ਸੀ..!
ਅਜੇ ਪਹਿਲੇ ਮਿਥੇ ਹੋਏ ਦੁਸ਼ਮਣ ਨੂੰ ਗਿਆਂ ਮਸਾਂ ਦੋ ਸਾਲ ਵੀ ਨਹੀਂ ਸਨ ਹੋਏ ਕੇ ਡਾਕਟਰਾਂ ਨੇ ਆਖ ਦਿੱਤਾ ਕੇ ਮੈਨੂੰ ਵੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਏ..!
ਪਰ ਹੈਰਾਨ ਸਾਂ..ਮੈਂ ਕਿੱਦਾਂ ਮਰ ਸਕਦੀ ਹਾਂ..ਮੈਂ ਤੇ ਜਿਉਂਦੇ ਰਹਿਣਾ..ਮਿਥੇ ਹੋਏ ਦੁਸ਼ਮਣਾਂ ਨਾਲ ਹਿਸਾਬ ਬਰੋਬਰ ਕਰਨ ਲਈ..!
ਪਰ ਜਿਉਂ ਜਿਉਂ ਦਿਨ ਘਟਦੇ ਜਾਂਦੇ..ਅਕਸਰ ਹੀ ਖਿਆਲ ਆਉਂਦੇ ਕੇ ਆਖਿਰ ਮੇਰੀ ਸਾਰੀ ਉਮਰ ਦਾ ਹਾਸਿਲ ਕੀ ਏ..?
ਸਿਰਫ ਮਿਥ ਕੇ ਦੁਸ਼ਮਣੀ ਦੀਆਂ ਕੰਧਾਂ ਹੀ ਤਾਂ ਉਸਾਰੀਆਂ ਸਨ..ਫੇਰ ਓਹਨਾ ਕੰਧਾਂ ਤੇ ਈਰਖਾ ਤੇ ਹੰਕਾਰ ਦੀਆਂ ਲੇਪਾਂ ਕਰਦੀ ਰਹੀ..ਹੋਰ ਕਿਸੇ ਚੀਜ ਵੱਲ ਧਿਆਨ ਹੀ ਨਹੀਂ ਗਿਆ..!
ਰੱਬ ਦੀ ਬਣਾਈ ਖੂਬਸੂਰਤ ਦੁਨੀਆਂ ਦੇ ਕਿੰਨੇ ਪੱਖ ਇਸ ਮਿਥੀਆਂ ਹੋਈਆਂ ਇੱਕਪਾਸੜ ਦੁਸ਼ਮਣੀਆਂ ਦੀ ਭੇਂਟ ਚੜ ਗਏ..!
ਦੋਸਤੋ ਅੱਜ ਭਲਕੇ ਨੂੰ ਮੈਂ ਚਲੀ ਜਾਣਾ ਏ..ਸਦਾ ਲਈ..ਕਹਾਣੀ ਮੁੱਕ ਜਾਣੀ..ਪਰ ਜਾਂਦੀ ਜਾਂਦੀ ਏਨੀ ਗੱਲ ਜਰੂਰ ਆਖਾਂਗੀ..
ਖੁਦ ਦੀ ਸਵੈ-ਪੜਚੋਲ ਕਰੋ ਤੇ ਆਪਣੇ ਵਜੂਦ ਅੰਦਰ ਮਿਥ ਕੇ ਉਸਾਰੀਆਂ ਈਰਖਾ ਸਾੜੇ ਦੀਆਂ ਕਿੰਨੀਆਂ ਸਾਰੀਆਂ ਕੰਧਾਂ ਸਦਾ ਲਈ ਢਾਹ ਦਿਉ..!
ਕਿਓੰਕੇ ਤੁਸੀਂ ਖੁਦ ਜਹਿਰ ਦਾ ਪਿਆਲਾ ਪੀ ਕੇ ਇਹ ਆਸ ਰੱਖ ਰਹੇ ਓ ਕੇ ਇਸਦੇ ਅਸਰ ਨਾਲ ਕੋਈ ਦੂਸਰਾ ਮਰ ਜਾਵੇਗਾ..!
ਚਾਰਲੀ ਚੈਪਲਿਨ ਆਖਿਆ ਕਰਦਾ ਸੀ ਕੇ ਜਿਸ ਦਿਨ ਮੈਂ ਖੁੱਲ ਕੇ ਨਾ ਹੱਸਿਆ ਹੋਵਾਂ..ਉਹ ਦਿਨ ਅਸਲ ਵਿਚ ਮੇਰੀ ਜਿੰਦਗੀ ਦਾ ਸਭ ਤੋਂ ਬੇਕਾਰ ਦਿਨ ਹੁੰਦਾ ਏ..!
ਹਰਪ੍ਰੀਤ ਸਿੰਘ ਜਵੰਦਾ