ਨਵਾਂ ਸ਼ੁਰੂ ਕੀਤਾ ਕਾਰੋਬਾਰ ਲਗਾਤਾਰ ਘਾਟੇ ਵਿਚ ਸੀ..ਕਈ ਪਾਪੜ ਵੇਲੇ ਤਾਂ ਵੀ ਗੱਡੀ ਲਾਈਨ ਤੇ ਆਉਂਦੀ ਨਹੀਂ ਸੀ ਲੱਗ ਰਹੀ!
ਇੱਕ ਦਿਨ ਲਾਲ ਬੱਤੀ ਤੇ ਬ੍ਰੇਕ ਮਾਰ ਲਈ..ਹੌਲੀ ਉਮਰ ਦਾ ਇੱਕ ਮੁੰਡਾ..ਸਪ੍ਰੇਅ ਵਾਲੀ ਬੋਤਲ ਸਾਮਣੇ ਸ਼ੀਸ਼ੇ ਤੇ ਛਿੜਕੀ ਤੇ ਕੱਪੜਾ ਕੱਢ ਸਾਫ ਕਰ ਦਿੱਤਾ..ਲਿਸ਼ਕਾਂ ਮਾਰਨ ਲੱਗਾ..ਪਰ ਟੈਨਸ਼ਨ ਦੇ ਭੰਨੇ ਹੋਏ ਨੂੰ ਗੁੱਸਾ ਆ ਰਿਹਾ ਸੀ..ਬਿਨਾ ਪੁੱਛੇ ਹੀ ਤਾਂ ਸਾਫ ਕੀਤਾ..ਪੈਸੇ ਮੰਗੇਗਾ ਤਾਂ ਪੱਕੀ ਨਾਂਹ ਕਰ ਦੇਣੀ..!
ਪਰ ਉਹ ਨਾ ਕੋਲ ਆਇਆ ਤੇ ਨਾ ਹੀ ਨਜਰਾਂ ਮਿਲਾਈਆਂ ਤੇ ਨਾ ਪੈਸੇ ਮੰਗੇ!
ਮੈਂ ਬੜਾ ਹੈਰਾਨ ਹੋਇਆ ਫੇਰ ਹਰੀ ਬੱਤੀ ਹੋ ਗਈ ਪਰ ਮੈਂ ਗੱਡੀ ਪਾਸੇ ਲਾ ਲਈ..ਕੋਲ ਸੱਦਿਆ ਤੇ ਪੁੱਛਿਆ ਤੂੰ ਪੈਸੇ ਕਿਓਂ ਨਹੀਂ ਮੰਗੇ..!
ਆਖਣ ਲੱਗਾ ਜੀ ਪਹਿਲੋਂ ਮੰਗਿਆ ਕਰਦਾ ਸਾਂ..ਪਰ ਕੋਈ ਨਹੀਂ ਸੀ ਦਿੰਦਾ..ਸਗੋਂ ਕਈ ਲੋਕ ਮੰਦਾ ਚੰਗਾ ਵੀ ਬੋਲਦੇ ਸਨ..ਹੁਣ ਸ਼ੀਸ਼ਾ ਸਾਫ ਕਰ ਦੇਈਦਾ..ਜਿਸਨੂੰ ਚੰਗਾ ਲੱਗਦਾ ਆਪੇ ਮਗਰੋਂ ਵਾਜ ਮਾਰ ਇੱਕ ਦੋ ਬੋਤਲਾਂ ਮੁੱਲ ਲੈ ਲੈਂਦਾ..!
ਮੈਂ ਵੀ ਦੋ ਲੈ ਲਈਆਂ..ਧੰਨਵਾਦ ਕਰਦਾ ਹੋਇਆ ਆਖਣ ਲੱਗਾ ਸਰਦਾਰ ਜੀ ਪਰਛਾਵੇਂ ਮਗਰ ਨੱਸੀਏ ਤਾਂ ਅੱਗੇ ਲੱਗ ਨੱਸ ਉੱਠਦਾ..ਜੇ ਨਜਰਅੰਦਾਜ ਕਰੀਏ ਤਾਂ ਮਗਰ ਮਗਰ ਭੱਜਾ ਆਉਂਦਾ!
ਅੱਜ ਮੁੱਲ ਭਾਵੇਂ ਮੈਂ ਸਿਰਫ ਦੋ ਚੀਜਾਂ ਹੀ ਲਈਆਂ ਸਨ ਪਰ ਮੈਨੂੰ ਮਿਲੀਆਂ ਤਿੰਨ..ਤੀਜੀ ਸ਼ੈ ਇੱਕ ਉਹ ਕਾਰੋਬਾਰੀ ਤਜੁਰਬਾ ਸੀ ਜਿਹੜਾ ਖੁਦ ਆਖ ਰਿਹਾ ਸੀ ਕੇ ਸੇਵਾਵਾਂ ਵਧੀਆ ਹੋਣ ਤਾਂ ਕਿਸੇ ਮਗਰ ਭੱਜਣ ਦੀ ਲੋੜ ਨਹੀਂ..ਗ੍ਰਾਹਕ ਖੁਦ ਬੇਖ਼ੁਦ ਮਗਰ ਭੱਜਾ ਆਉਂਦਾ..!
ਉਸ ਦਿਨ ਘਰ ਆਉਂਦੇ ਤੀਕਰ ਮੈਨੂੰ ਏਨੀ ਗੱਲ ਸਮਝ ਨਾ ਆਈ ਕੇ ਉਸ ਨੇ ਨਜਰਅੰਦਾਜ ਪਰਛਾਵੇਂ ਨੂੰ ਆਖਿਆ ਸੀ ਕੇ ਮੈਨੂੰ ਪਰ ਅਗਲੇ ਕੁਝ ਮਹੀਨਿਆਂ ਵਿਚ ਮੇਰੇ ਰੈਸਟੋਰੈਂਟ ਦੀ ਗ੍ਰਾਹਕੀ ਜਰੂਰ ਵੱਧ ਗਈ!
ਹਰਪ੍ਰੀਤ ਸਿੰਘ ਜਵੰਦਾ
bhut vadia