ਅੱਗੇ ਸੈਰ ਨੂੰ ਸ਼ਾਮੀਂ ਪੰਜ ਵਜੇ ਨਿਕਲਿਆ ਕਰਦਾ ਸੀ ਪਰ ਉਸ ਦਿਨ ਤਿੰਨ ਵਜੇ ਹੀ ਜਾ ਬੇਂਚ ਮੱਲ ਲਿਆ..
ਬੈਠਦਿਆਂ ਹੀ ਦਿਮਾਗ ਵਿਚ ਪੁੱਠੇ ਸਿਧੇ ਖਿਆਲ ਭਾਰੂ ਹੋਣੇ ਸ਼ੁਰੂ ਹੋ ਗਏ..
ਬੇਟੇ ਦਾ ਬਚਪਨ ਦਿਮਾਗ ਵਿਚ ਘੁੰਮਣਾ ਸ਼ੁਰੂ ਹੋ ਗਿਆ..
ਨਿੱਕਾ ਜਿਹਾ ਮੂੰਹੋਂ ਗੱਲ ਬਾਅਦ ਵਿਚ ਕੱਢਿਆ ਕਰਦਾ ਤੇ ਚੀਜ ਹਾਜਿਰ ਪਹਿਲਾ ਹੋ ਜਾਇਆ ਕਰਦੀ..
ਕਮਰੇ ਤੇ ਅਲਮਾਰੀਆਂ ਕਪੜਿਆਂ ਬੂਟਾਂ ਖਿਡੌਣਿਆਂ ਅਤੇ ਹੋਰ ਕਿੰਨੀਆਂ ਸਾਰੀਆਂ ਸ਼ੈਵਾਂ ਨਾਲ ਨੱਕੋ ਨੱਕ ਭਰੇ ਰਹਿੰਦੇ..!
ਹੁਣ ਜੁਆਨ ਹੋ ਕੇ ਵਿਆਹਿਆ ਗਿਆ ਪਿਓ ਵਾਸਤੇ ਟਾਈਮ ਹੀ ਹੈਨੀ..
ਕੀ ਮੰਗ ਲਿਆ ਸੀ ਉਸਤੋਂ..ਸਿਰਫ ਬਾਗਬਾਨੀ ਨਾਲ ਸਬੰਧਿਤ ਕੁਝ ਸਮਾਨ..ਫੁੱਲ ਬੂਟੇ ਖਾਦ ਅਤੇ ਨਿੱਕਾ ਮੋਟਾ ਹੋਰ ਨਿੱਕ ਸੁੱਕ..ਅੱਗੋਂ ਘੜਿਆ ਹੋਇਆ ਜੁਆਬ..”ਡੈਡ ਬਿਜ਼ੀ ਹਾਂ..ਟਾਈਮ ਘੱਟ ਹੈ..ਦੋ ਤਿੰਨ ਦਿਨ ਉਡੀਕ ਲਵੋ..!”
ਘਰੋਂ ਆਏ ਫੋਨ ਨੇ ਖਿਆਲਾਂ ਦੀ ਲੜੀ ਤੋੜ ਸੁੱਟੀ..
ਆਖਣ ਲੱਗੀ ਡੈਡ ਕੋਈ ਗੁਰਦਿਆਲ ਸਿੰਘ ਅੰਕਲ ਨੇ ਕਹਿੰਦੇ ਮਿਲਣਾ ਤੁਹਾਨੂੰ..ਘਰੇ ਆ ਜਾਓ..ਗੁਰਦਿਆਲ ਸਿੰਘ..ਕਿਹੜਾ ਗੁਰਦਿਆਲ ਸਿੰਘ ਹੋ ਸਕਦਾ..ਦਿਮਾਗ ਤੇ ਬਥੇਰਾ ਜ਼ੋਰ ਪਾਇਆ ਪਰ..!
ਕਾਹਲੇ ਕਦਮੀਂ ਘਰੇ ਪਹੁੰਚਿਆ..ਅੱਗੇ ਵੇਹੜੇ ਵਿਚ ਨਵੇਂ ਪੂਰਾਣੇ ਦੋਸਤਾਂ ਦੀ ਰੌਣਕ ਲੱਗੀ ਹੋਈ ਸੀ..ਟੇਬਲ ਤੇ ਬਰਫ਼ੀਆਂ ਸਮੋਸੇ ਅਤੇ ਹੋਰ ਵੀ ਬੜੇ ਕੁਝ ਦਾ ਢੇਰ ਲਗਿਆ ਸੀ..
ਦਿਮਾਗ ਵਿਚ ਸੋਲਾਂ ਜੁਲਾਈ ਵਾਲੀ ਜਨਮ ਤਰੀਕ ਘੁੰਮਣ ਲੱਗੀ..ਹੈਰਾਨ ਸਾਂ ਕੇ ਏਨਾ ਸਾਰਾ ਕੁਝ ਏਡੀ ਛੇਤੀ ਅਰੇਂਜ ਕਿੱਦਾਂ ਕਰ ਲਿਆ..ਫੇਰ ਅਗਲੇ ਦੋ ਘੰਟੇ ਵਧਾਈਆਂ ਕਿਧਰੋਂ ਕਿਧਰੋਂ ਆਉਂਦੀਆਂ ਰਹੀਆਂ ਮੈਨੂੰ ਕੁਝ ਨਹੀਂ ਪਤਾ..!
ਫੇਰ ਗਿਫ਼੍ਟ ਦੀ ਵਾਰੀ ਆਈ ਤਾਂ ਨਿੱਕੀ ਪੋਤੀ ਉਂਗਲ ਫੜ ਬਾਹਰ ਨੂੰ ਲੈ ਤੁਰੀ..ਬਾਕੀ ਸਾਰੇ ਵੀ ਸਾਡੇ ਮਗਰ ਮਗਰ ਹੋ ਤੁਰੇ..ਬਾਹਰ ਲਾਅਨ ਵਿਚ ਤਾਜੀਆਂ ਗੋਡੀਆਂ ਕਿਆਰੀਆਂ ਵਿਚ ਨਰਸਰੀ ਤੋਂ ਲਿਆਂਦੇ ਕਿੰਨੇ ਸਾਰੇ ਫੁੱਲਾਂ ਦੇ ਬੂਟੇ ਤਰਤੀਬਵਾਰ ਕਰਕੇ ਰੱਖੇ ਹੋਏ ਸਨ..ਮੁਹੱਬਤਾਂ ਦੇ ਬੱਦਲ ਛਾ ਗਏ ਅਤੇ ਨਿੱਕੀਆਂ ਕਣੀਆਂ ਦੇ ਰੂਪ ਵਿਚ ਡਿੱਗਦੇ ਹੋਏ ਪਿਆਰ ਨੇ ਮੇਰੇ ਲੂ ਕੰਢੇ ਖੜੇ ਕਰ ਦਿੱਤੇ..!
ਕੁਝ ਚਿਰ ਪਹਿਲਾਂ ਹੀ ਜ਼ਿਹਨ ਤੇ ਭਾਰੂ ਹੋ ਗਈਆਂ ਗਲਤ ਫਹਿਮੀਂ ਦੀਆਂ ਕਿੰਨੀਆਂ ਸਾਰੀਆਂ ਪੰਡਾ ਆਪਣੇਪਣ ਦੀ ਅਚਨਚੇਤ ਵਗੀ ਇੱਕ ਤੇਜ ਹਨੇਰੀ ਵਿਚ ਖਿੱਲਰ ਪੁੱਲਰ ਗਈਆਂ ਅਤੇ ਕੋਲ ਹੀ ਪੁੰਗਰ ਆਇਆ ਇੱਕ ਨਿੱਕਾ ਜਿਹਾ ਬੂਟਾ ਮੇਰੀ ਪਿੱਠ ਥਾਪੜਦਾ ਹੋਇਆ ਇੰਝ ਆਖਦਾ ਮਹਿਸੂਸ ਹੋ ਰਿਹਾ ਸੀ ਕੇ ਬਾਬਾ ਜੀ ਕੱਲ ਨੂੰ ਜੇ ਸਾਡੀਆਂ ਟਹਿਣੀਆਂ ਤੇ ਵੀ ਫੁਲ ਨਿੱਕਲਣੇ ਥੋੜੇ ਲੇਟ ਹੋ ਗਏ ਤਾਂ ਸਾਥੋਂ ਵੀ ਨਾ ਰੁੱਸ ਜਾਇਓ..!
ਹਰਪ੍ਰੀਤ ਸਿੰਘ ਜਵੰਦਾ