ਮੋਹ – ਭਾਗ ਤੀਜਾ | moh – part 3

“ਹਾਂ ਹੁਣ ਦੱਸ ਤੇਰੀ ਕੀ ਸਮੱਸਿਆ?”
ਉਹਦੇ ਹੱਥ ਪੈਰ ਕੰਬਣ ਲੱਗੇ|ਨੀਵੀਂ ਪਾਈ ਬੈਠੀ ਰਹੀ|
“ਦੱਸ ਵੀ ਹੁਣ ,ਓਦਾਂ ਤਾਂ ਮਰਨ ਮਰਾਉਣ ਦੀਆਂ ਗੱਲਾਂ ਕਰਦੀ ਹੁਣ ਜੁਬਾਨ ਨੀ ਚਲਦੀ ਤੇਰੀ|ਮਰਨਾ ਕਿਤੇ ਇੰਨਾ ਸੌਖਾ?ਪੜ੍ਹਨਾ ਨੀ ਹੁਣ,ਹਾਲੇ ਤਾਂ ਤੈਨੂੰ ਨੱਕ ਪੂੰਝਣ ਦਾ ਚੱਜ ਨਹੀ ਵਿਆਹ ਕਰਵਾਉਣਾ ਤੂੰ?ਵਿਆਹ ਤਾਂ ਹੋ ਹੀ ਜਾਣਾ ,ਚਾਰ ਜਮਾਤਾਂ ਪੜ੍ਹ ਲਏਗੀ ਤਾਂ ਚੰਗੀ ਰਹੇਂਗੀ ਨਹੀ ਮੇਰੇ ਵਾਂਗੂੰ ਸਾਰੀ ਜਿੰਦਗੀ ਧੱਕੇ ਖਾਏਂਗੀ|ਤੈਨੂੰ ਪਤਾ ਮੈ ਕੋਰਾ ਅਨਪੜ੍ਹ ਹਾਂ|”
ਉਹ ਹੈਰਾਨ ਹੋਈ ਉਹਦੇ ਮੂੰਹ ਵੱਲ ਦੇਖਣ ਲੱਗੀ|ਫਿਰ ਉਹਨੇ ਚਿੱਠੀ ਕਿਵੇਂ ਪੜ੍ਹੀ ਹੋਣੀ|ਪਰ ਉਹਦੇ ‘ਚ ਪੁੱਛਣ ਦੀ ਹਿੰਮਤ ਨਹੀ ਸੀ ਕਿਉਕਿ ਉਹਨੂੰ ਉਹਦਾ ਗੁੱਸਾ ਨਜਰ ਆ ਰਿਹਾ ਸੀ |ਥੋੜੇ ਚਿਰ ਪਹਿਲਾ ਸਜਾਏ ਪਿਆਰ ਦੇ ਖਾਬ ਉਹਨੂੰ ਟੁੱਟਦੇ ਨਜਰ ਆ ਰਹੇ ਸੀ|ਉਹ ਉਹਦੀ ਸੋਚ ਤੋਂ ਉਲਟ ਵਿਵਹਾਰ ਕਰ ਰਿਹਾ ਸੀ|
“ਸਿਮਰ ਤੈਨੂੰ ਪਤਾ ਜਦੋਂ ਤੂੰ ਛੋਟੀ ਸੀ ਤਾਂ ਭਰਜਾਈ ਹਵੇਲੀ ਧਾਰਾਂ ਕੱਢਣ ਗਈ ਤੈਨੂੰ ਨਾਲ ਲੈ ਜਾਂਦੀ ਸੀ |ਫਿਰ ਉੱਥੇ ਤੈਨੂੰ ਮੈਂ ਹੀ ਸਾਂਭਦਾ ਸੀ|ਤੂੰ ਮੇਰੇ ਮਗਰ ਮਗਰ ਫਿਰਦੀ ਰਹਿੰਦੀ ਸੀ|ਜਦੋਂ ਮੈਂ ਮੱਝਾਂ ਨਵਾਉਣੀਆ ਹੁੰਦੀਆਂ ਤੂੰ ਨਾਲ ਹੀ ਪਾਣੀ ਵਾਲੀ ਖੇਲ ‘ਚ ਵੜ ਜਾਂਦੀ |ਤੇਰੇ ਕੱੱਪੜੇ ਵੀ ਮੈ ਹੀ ਬਦਲਦਾ ਸੀ|ਮੈ ਤੈਨੂੰ ਬਹੁਤ ਵਾਰੀ ਬਿਨਾ ਕੱਪੜਿਆਂ ਤੋਂ ਦੇਖਿਆ ਪਰ ਮੇਰੇ ਮਨ ‘ਚ ਤੇਰੇ ਲਈ ਕੋਈ ਗਲਤ ਭਾਵਨਾ ਨਹੀਂ ਆਈ |ਭਰਜਾਈ ਮੇਰੇ ਤੇ ਭਰੋਸਾ ਕਰਕੇ ਤੈਨੂੰ ਮੇਰੇ ਕੋਲ ਛੱਡਦੀ ਸੀ ਅੱਜ ਵੀ ਮੇਰੇ ਤੇ ਭਰੋਸਾ ਕਰਕੇ ਉਹ ਸਾਰਾ ਘਰ ਤੇ ਤੈਨੂੰ ਛੱਡ ਗਏ ਮੇਰੇ ਸਿਰ ਤੇ|ਕੀ ਇਸ ਤਰ੍ਹਾ ਕਿਸੇ ਦਾ ਭਰੋਸਾ ਤੋੜਨਾ ਠੀਕ ਏ?ਤੂੰ ਪਿਆਰ ਦੀ ਗੱਲ ਕਰਦੀ ਏ ਤੈਨੂੰ ਮਤਲਬ ਵੀ ਨੀ ਪਤਾ ਪਿਆਰ ਦਾ…..ਹਾਂ ਕਰਦਾ ਮੈ ਪਿਆਰ ਤੈਨੂੰ ਬਹੁਤ ਕਰਦਾ ਪਰ ਉਹੋ ਜਿਹਾ ਨਹੀ ਜਿਹੋ ਜਿਹਾ ਤੂੰ ਸਮਝਦੀ ਏ|ਉਹੋ ਜਿਹਾ ਪਿਆਰ ਜਿਹੋ ਜਿਹਾ ਪਿਆਰ ਇੱਕ ਪਿਉ ਆਪਣੀ ਧੀ ਨੂੰ ਕਰਦਾ|ਸਿਮਰ ਸ਼ਬਦ ਤਾਂ ਇੱਕੋ ਹੀ ਹੈ “ਪਿਆਰ”ਅਲੱਗ ਅਲੱਗ ਰਿਸ਼ਤਿਆਂ ਵਾਸਤੇ ਅਲੱਗ ਸ਼ਬਦ ਨਹੀ ਬਣਿਆ|ਬੱਸ ਸਾਡੀਆਂ ਭਾਵਨਾਵਾਂ ਸਾਡੀਆਂ ਕਿਸੇ ਇਨਸਾਨ ਤੋਂ ਉਮੀਦਾਂ ਸਾਡੇ ਪਿਆਰ ਦੇ ਅਰਥ ਬਦਲ ਦਿੰਦੀਆਂ ਅਸੀਂ ਭੈਣ ਭਰਾ ਤੋਂ ਹੋਰ ਉਮੀਦਾਂ ਰੱਖਦੇ ਹਾਂ ਮਾਂ ਬਾਪ ਤੋਂ ਹੋਰ ਤੇ ਜੀਵਨ ਸਾਥੀ ਤੋ ਹੋਰ …..ਤੇ ਇਹਨਾ ਪ੍ਰਤੀ ਪਿਆਰ ਸਾਡਾ ਵੱਖੋ ਵੱਖਰਾ ਹੋ ਜਾਂਦਾ|”ਉਹ ਬੋਲ ਰਿਹਾ ਸੀ ਤੇ ਸਿਮਰ ਦੇ ਹੰਝੂ ਤ੍ਰਿਪ ਤ੍ਰਿਪ ਕਰਕੇ ਡਿੱਗ ਰਹੇ ਸੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ|ਦੀਪੇ ਨੇ ਉੱਠ ਕੇ ਉਹਦੇ ਸਿਰ ਤੇ ਹੱਥ ਰੱਖਿਆ |”ਨਾ ਮੇਰੀ ਧੀ ਰੋਣਾ ਨਹੀਂ ਮੇਰੇ ਲਈ ਅੱਜ ਵੀ ਤੂੰ ਨਿੱਕੀ ਜਿਹੀ ਏ ,ਤੂੰ ਨਿੱਕੀ ਹੁੰਦੀ ਸਾਰਿਆ ਦੀ ਰੀਸ ਨਾਲ ਮੈਨੂੰ ਤੋਤਲੀ ਆਵਾਜ ‘ਚ ਦੀਪਾ ਦੀਪਾ ਕਹਿਣ ਲੱਗ ਪਈ ਸੀ|ਭਰਜਾਈ ਤੈਨੂੰ ਝਿੜਕਦੀ ਸੀ ਕਿ ਚਾਚਾ ਕਿਹਾ ਕਰ|ਮੈ ਹੀ ਰੋਕ ਦਿੰਦਾ ਕਿ ਮੈਨੂੰ ਇਹਦੇ ਮੂੰਹੋ ਆਪਣਾ ਨਾਂ ਸੁਣ ਕੇ ਬੜਾ ਸਕੂਨ ਮਿਲਦਾ |ਇੱਕ ਮੋਹ ਜਿਹੇ ਦਾ ਅਹਿਸਾਸ ਹੁੰਦਾ|ਸਿਮਰ ਕਿਸੇ ਨਾਲ ਪਾਇਆ ਮੋਹ ਗਲਤ ਨਹੀ ਹੁੰਦਾ ਪਰ ਉਹਦੇ ਪਿਛਲੀ ਭਾਵਨਾ ਗਲਤ ਨਹੀ ਹੋਣੀ ਚਾਹੀਦੀ|ਤੂੰ ਮੇਰੇ ਨਾਲ ਪਿਆਰ ਕਰ ਮੈ ਨੀ ਰੋਕਦਾ ਪਰ ਆਪਣਾ ਪਿਉ ਸਮਝ ਕੇ ਕਰ |ਮੈਨੂੰ ਪਤਾ ਤੂੰ ਅੱਜ ਤੱਕ ਪਿਉ ਦੇ ਮੋਹ ਦਾ ਸੁਆਦ ਹੀ ਨਹੀ ਚੱਖਿਆ|ਤੇ ਤੂੰ ਮੇਰੇ ਕੀਤੇ ਮੋਹ ਨੂੰ ਗਲਤ ਸਮਝ ਲਿਆ|ਤੇ ਹਾਂ ਤੈਨੂੰ ਪਤਾ ਤੇਰੀ ਚਿੱਠੀ ਕਿਸਨੇ ਪੜ੍ਹੀ?…..ਮਨਜੀਤ ਨੇ…..|”ਉਹਨੇ ਹੰਝੂਆਂ ਭਰੀਆਂ ਅੱਖਾਂ ਨਾਲ ਉਹਦੇ ਵੱਲ ਹੈਰਾਨ ਹੋ ਕੇ ਦੇਖਿਆ|
“ਸਿਮਰ ਭਾਵੇ ਉਹ ਜਿਆਦਾ ਸੋਹਣੀ ਨਹੀ ਪਰ ਉਹਦਾ ਦਿਲ ਬਹੁਤ ਖੂਬਸੂਰਤ ਹੈ|ਵਿਚਾਰਾਂ ਪੱਖੋਂ ਤਾਂ ਮੈਂ ਉਹਦੇ ਪੈਰ ਵਰਗਾ ਵੀ ਨਹੀਂ|ਕਦੇ ਗੱਲ ਕਰੀਂ ਉਹਦੇ ਨਾਲ ਤੇਰੇ ਸਾਰੇ ਭੁਲੇਖੇ ਦੂਰ ਹੋ ਜਾਣਗੇ|ਸਿਮਰ ਤੇਰੇ ਲਈ ਵੀ ਰੱਬ ਨੇ ਇੱਕ ਖੂਬਸੂਰਤ ਸਾਥੀ ਬਣਾ ਕੇ ਰੱਖਿਆ ਵਕਤ ਆਉਣ ਤੇ ਤੈਨੂੰ ਮਿਲ ਜਾਏਗਾ ਫਿਲਹਾਲ ਆਪਣੀ ਪੜ੍ਹਾਈ ਵੱਲ ਧਿਆਨ ਦੇ|ਇਹ ਪਿਆਰ ਇਹ ਜਜਬਾਤ ਗਲਤ ਨਹੀਂ ਹਨ ਪਰ ਇਹਨਾ ਨੂੰ ਪ੍ਰਗਟ ਕਰਨ ਦਾ ਹਾਲੇ ਸਮਾਂ ਸਹੀ ਨਹੀ ਨਾ ਹੀ ਇਨਸਾਨ ਸਹੀ ਹੈ|”..ਦੀਪੇ ਨੇ ਉਸਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ|ਮਨਜੀਤ ਨੇ ਕਿਹਾ ਸੀ ਕਿ ਕੋਈ ਵੀ ਐਸੀ ਗੱਲ ਨਾ ਕਰੇ ਜਿਸ ਨਾਲ ਸਿਮਰ ਸ਼ਰਮਿੰਦਾ ਹੋਵੇ ਤੇ ਸਾਰੀ ਉਮਰ ਪਛਤਾਉਂਦੀ ਰਹੇ ਕਿ ਉਹਨੇ ਕੋਈ ਗਲਤੀ ਕਰ ਲਈ|ਸਿਮਰ ਜੋ ਪਹਿਲਾ ਹੀ ਰੋ ਰਹੀ ਸੀ ਇੱਕ ਦਮ ਉਹਨੂੰ ਚਿੰਬੜ ਕੇ ਧਾਹੀਂ ਰੋ ਪਈ|ਉਹਨੇ ਵੀ ਉਹਨੂੰ ਘੁੱਟ ਕੇ ਨਾਲ ਲਾ ਲਿਆ ਉਹਦੇ ਸਿਰ ਤੇ ਹੱਥ ਧਰਿਆ ਪਰ ਉਸਨੂੰ ਚੁੱਪ ਨਹੀ ਕਰਵਾਇਆ|ਉਹਦੇ ਸ਼ਪਰਸ਼ ਵਿੱਚ ਕੋਈ ਵੀ ਗਲਤ ਭਾਵਨਾ ਨਹੀਂ ਸੀ |ਪਹਿਲੀ ਵਾਰੀ ਸਿਮਰ ਨੂੰ ਅਹਿਸਾਸ ਹੋਇਆ ਕਿ ਮੋਹ ਪਿਆਰ ਦਾ ਸਿਰਫ ਇੱਕੋ ਮਤਲਬ ਨਹੀ ਹੁੰਦਾ|ਉਹਨੇ ਰੋ ਰੋ ਕੇ ਕਿੰਨੇ ਸਾਲਾਂ ਦੀ ਘੁਟਨ ਨੂੰ ਬਾਹਰ ਕੱਢ ਦਿੱਤਾ|ਉਹ ਹੌਲੀ ਫੁੱਲ ਹੋ ਗਈ|
“ਮੈਨੂੰ ਮਾਫ ਕਰ ਦਿਓ ਚਾਚਾ ਜੀ ਮੇਰੀ ਮੱਤ ਮਾਰੀ ਗਈ ਸੀ|ਅੱਜ ਪਹਿਲੀ ਵਾਰੀ ਮੈਨੂੰ ਉਸ ਪਿਆਰ ਦਾ ਅਹਿਸਾਸ ਹੋਇਆ ਜੋ ਮੈ ਆਪਣੇ ਪਿਉ ਤੋਂ ਚਾਹੁੰਦੀ ਸੀ||”ਸਿਮਰ ਨੇ ਪਹਿਲੀ ਵਾਰ ਉਸਨੂੰ ਚਾਚਾ ਕਿਹਾ ਉਹਦੀ ਰੂਹ ਖਿੜ ਉੱਠੀ|
“ਬਸ ਇੱਕ ਗੱਲ ਦਾ ਧਿਆਨ ਰੱਖੀਂ ,ਅੱਗੇ ਤੋਂ ਕਦੇ ਵੀ ਕਿਸੇ ਨੂੰ ਇੱਦਾਂ ਲਿਖ ਕੇ ਕੁੱਝ ਨਹੀਂ ਦੇਣਾ|ਤੈਨੂੰ ਪਤਾ ਵੀ ਨਹੀ ਇਹ ਦੁਨੀਆਂ ਕਿੰਨੀ ਗੰਦੀ ਏ,ਜੇ ਇਹ ਚਿੱਠੀ ਤੇਰੇ ਪਿਓ ਜਾਂ ਭਰਾ ਦੇ ਹੱਥ ਲੱਗ ਜਾਂਦੀ ਫਿਰ ਤੇਰਾ ਕੀ ਹਸ਼ਰ ਹੋਣਾ ਸੀ ਇਹਦਾ ਤੈਨੂੰ ਜਰਾ ਜਿੰਨਾ ਅਹਿਸਾਸ ਵੀ ਨਹੀ|ਦੁਖੀ ਹੋ ਕੇ ਲਏ ਫੈਸਲੇ ਕਦੇ ਸਹੀ ਨਹੀ ਹੁੰਦੇ|”ਦੀਪੇ ਨੇ ਉਸਨੂੰ ਸਮਝਾਇਆ|
“ਪਰ ਉਹ ਚਿੱਠੀ…?”ਸਿਮਰ ਨੇ ਜਾਨਣਾ ਚਾਹਿਆ|
“ਉਹ ਮਨਜੀਤ ਨੇ ਸਾੜ ਦਿੱਤੀ ਕਿ ਕਿਸੇ ਦੇ ਹੱਥ ਨਾ ਲੱਗ ਜਾਵੇ|ਸਿਮਰ, ਤੇਰੇ ਆਪਣੇ ਬਾਰੇ ਵਿਚਾਰ ਪੜ੍ਹ ਕੇ ਵੀ ਉਹਨੂੰ ਗੁੱਸਾ ਨਹੀ ਆਇਆ ਕਿਉਕਿ ਉਹ ਇਸ ਘਰ ਦੇ ਮਾਹੌਲ ਬਾਰੇ ਚੰਗੀ ਤਰ੍ਹਾ ਜਾਣਦੀ ਹੈ|ਉਹਨੇ ਕਿਹਾ ਕਿ ਤੇਰੇ ਮਾਤਾ ਪਿਤਾ ਤੈਨੂੰ ਸਹੀ ਰਸਤਾ ਦਿਖਾਉਣ ਦੇ ਯੋਗ ਨਹੀ ,ਇਸ ਲਈ ਇਸ ਘਰ ਦਾ ਨਮਕ ਖਾਧਾ ਹੋਣ ਕਰਕੇ ਇਹ ਮੇਰੀ ਜਿੰਮੇਵਾਰੀ ਬਣਦੀ ਹੈ ਕਿ ਮੈਂ ਤੈਨੂੰ ਕਿਸੇ ਵੀ ਗਲਤ ਰਸਤੇ ਜਾਣੋਂ ਰੋਕਾਂ”ਦੀਪੇ ਨੇ ਕਿਹਾ|
ਇਹ ਸੁਣਕੇ ਸਿਮਰ ਨਿਸ਼ਚਿੰਤ ਹੋ ਗਈ|
“ਮੇਰੇ ਤੇ ਯਕੀਨ ਰੱਖੀਂ ,ਤੂੰ ਪੜ੍ਹ ਮਨ ਲਾ ਕੇ ਮੈਂ ਭਰਜਾਈ ਨੂੰ ਸਮਝਾ ਦਿਉਂ|ਸਰਦਾਰ ਨਾਲ ਵੀ ਗੱਲ ਕਰ ਲਉਂ|ਮਨਜੀਤ ਪੜ੍ਹੀਲਿਖੀ ਏ ਉਹਦੇ ਕੋਲ ਜਦੋਂ ਮਰਜੀ ਜਾ ਕੇ ਪੜ੍ਹ ਲਵੀਂ |ਨਾਲੇ ਸਰਦਾਰ ਸਾਡੇ ਘਰੇ ਜਾਣੋਂ ਨੀ ਰੋਕਦਾ ਤੈਨੂੰ|” ਦੀਪੇ ਨੇ ਕਿਹਾ|ਉਹਨੇ ਸੋਚਿਆ ਨਾਲੇ ਉਹ ਪੜ੍ਹ ਲਵੇਗੀ ਨਾਲੇ ਮਨਜੀਤ ਉਹਨੂੰ ਕੋਈ ਮੱਤ ਦਏਗੀ|
ਦੀਪਾ ਉਹਦੇ ਸਿਰ ਤੇ ਹੱਥ ਧਰ ਕੇ ਹਵੇਲੀ ਵੱਲ ਚਲਾ ਗਿਆ ਤੇ ਉਹਨੇ ਸਾਰੇ ਖਿਆਲ ਆਪਣੇ ਮਨ ‘ਚੋਂ ਕੱਢ ਮਾਰੇ|ਚਾਈਂ ਚਾਈਂ ਘਰ ਦੇ ਕੁੱਝ ਕੰਮ ਨਿਬੇੜ ਕੇ ਉਹ ਪੜ੍ਹਨ ਬੈਠ ਗਈ|
ਆਪਣੇ ਬੱਚਿਆਂ ਨਾਲ ਮੋਹ ਪਿਆਰ ਬਣਾ ਕੇ ਰੱਖੋ|ਤੁਹਾਡੇ ਵੱਲੋਂ ਨਜਰਅੰਦਾਜ ਕਰਨ ਤੇ ਬੱਚੇ ਬਾਹਰੋਂ ਪਿਆਰ ਦੀ ਤਲਾਸ਼ ਕਰਦੇ ਨੇ|ਜਵਾਨ ਹੋ ਰਹੇ ਬੱਚਿਆਂ ਨੂੰ ਅੰਦਰ ਤਾੜਨ ਦੀ ਬਜਾਏ ਉਹਨਾ ਨੂੰ ਪਿਆਰ ਨਾਲ ਸਮਝਾਓ …..ਉਹ ਜਰੂਰ ਸਮਝਣਗੇ|ਚੜ੍ਹਦੀ ਉਮਰੇ ਬੱਚਿਆਂ ਵਿੱਚ ਪਿਆਰ ਦੀ ਭਾਵਨਾ ਪੈਦਾ ਹੋਣਾ ਸੁਭਾਵਿਕ ਹੈ|ਸਾਰਿਆਂ ‘ਚ ਹੁੰਦੀ ਹੈ ਪਰ ਮਾਂ ਬਾਪ ਬਣਨ ਤੋਂ ਬਾਅਦ ਅਸੀਂ ਬੜੇ ਸਿਆਣੇ ਹੋ ਜਾਂਦੇ ਹਾਂ|ਚਾਹੇ ਮੁੰਡਾ ,ਚਾਹੇ ਕੁੜੀ ਜੇ ਤੁਹਾਨੂੰ ਉਹਦੇ ਕਿਸੇ ਪ੍ਰਤੀ ਆਕਰਸ਼ਿਤ ਹੋਣ ਦਾ ਅਹਿਸਾਸ ਹੁੰਦਾ ਤਾਂ ਉਸਨੂੰ ਮਾਰੋ ਕੁੱਟੋ ਨਾ ਉਸਨੂੰ ਜਲੀਲ ਨਾ ਕਰੋ ,ਉਸਨੂੰ ਇਸ ਕਦਰ ਮਾਨਸਿਕ ਪੀੜਾ ਨਾ ਦੇਵੋ ਕਿ ਉਹ ਅੱਗੇ ਜਾ ਕੇ ਆਪਣੇ ਜੀਵਨ ਸਾਥੀ ਨੂੰ ਵੀ ਪਿਆਰ ਨਾ ਕਰ ਸਕੇ|ਪਿਆਰ ਨਾਲ ਸਮਝਾਓ ਜੇ ਫਿਰ ਵੀ ਨਾ ਸਮਝੇ ਫਿਰ ਹੀ ਆਪਣੀ ਮਰਜੀ ਕਰੋ।
ਸਮਾਪਤ
ਦੀਪ ਕਮਲ

Leave a Reply

Your email address will not be published. Required fields are marked *