ਬੰਤਾ ਸਿੰਘ ਡਰਾਈਵਰ..ਨੀਵੀਂ ਪਾਈ ਦੱਬੇ ਪੈਰੀਂ ਅੰਦਰ ਆਇਆ ਤੇ ਛੇਤੀ ਨਾਲ ਕੋਠੀ ਦੀ ਨੁੱਕਰ ਵਿਚ ਆਪਣੇ ਕਵਾਟਰ ਅੰਦਰ ਜਾ ਵੜਿਆ..!
ਕਿੰਨੀਆਂ ਸਵਾਲੀਆਂ ਨਜਰਾਂ ਉਸਦੇ ਚੇਹਰੇ ਦਾ ਪਿਛਾ ਕਰਦੀਆਂ ਹੀ ਰਹਿ ਗਈਆਂ..!
ਘੜੀ ਕੂ ਮਗਰੋਂ ਹੱਥ ਮੂੰਹ ਧੋ ਕੇ ਬਾਹਰ ਨਿੱਕਲਿਆ ਤੇ ਆਖਣ ਲੱਗਾ “ਜੀ ਫੇਰ ਧੀ ਆਈ ਏ..ਇੱਕ ਬੇਨਤੀ ਏ ਜੇ ਘੰਟੇ ਕੂ ਲਈ ਕਾਰ ਮਿਲ ਜਾਂਦੀ ਤਾਂ ਦੋਹਾਂ ਨੂੰ ਹਸਪਤਾਲੋਂ ਘਰੇ ਲੈ ਆਉਂਦਾ?
ਬੀਜੀ ਹਮੇਸ਼ਾਂ ਵਾਂਙ ਹੱਸਦੀ ਹੋਈ ਅੱਗੇ ਆਈ ਤੇ ਮੱਥਾ ਚੁੰਮ ਸਿਰ ਤੇ ਪਿਆਰ ਦਿੰਦੀ ਹੋਈ ਆਖਣ ਲੱਗੀ ਵੇ ਵਧਾਈ ਹੋਵੇ ਕਮਲਿਆ..ਧੀ ਆਈ ਏ..ਉਦਾਸ ਥੋੜਾ ਹੋਈਦਾ..ਆਪਣੇ ਕਰਮਾਂ ਲੇਖਾਂ ਜੋਗਾ ਧੁਰੋਂ ਹੀ ਲਿਖਾ ਕੇ ਆਉਦੀਆਂ..ਜਾ ਲੈਜਾ ਕਾਰ..ਤੇ ਜਦੋਂ ਮਰਜੀ ਆਵੀਂ..ਕਾਹਲੀ ਨਾ ਕਰੀ..ਧਿਆਨ ਨਾਲ ਚਲਾਵੀਂ!
ਗਰਾਜ ਅੰਦਰ ਕਾਰ ਤੇ ਹੋਈ ਫੁੱਲਾਂ ਦੀ ਤਾਜੀ ਸਜਾਵਟ ਵੇਖ ਪੁੱਛਣ ਲੱਗਾ ਜੀ ਲੱਗਦਾ ਨਿੱਕੀ ਭੈਣ ਜੀ ਨੂੰ ਵੀ ਸਟੇਸ਼ਨ ਤੋਂ ਲਿਆਉਣਾ ਪੈਣਾ?
ਉਸਨੂੰ ਅਜੇ ਵੀ ਚੇਤਾ ਸੀ ਪਿਛਲੀ ਵੇਰ ਜਦੋਂ ਕਾਰ ਇੰਝ ਸਜਾਈ ਸੀ ਤਾਂ ਨਿੱਕੀ ਬੀਬੀ ਜੀ ਦੇਹਰਾਦੂਨ ਤੋਂ ਚੰਡੀਗੜ ਪਹਿਲੀ ਵੇਰ ਫੇਰਾ ਪਾਉਣ ਆਈ ਸੀ!
“ਵੇ ਜਿਉਣ ਜੋਗਿਆ ਕਿਸੇ ਨੇ ਨਹੀਂ ਅਉਣਾ..ਨਵੇਂ ਜੀ ਵਾਸਤੇ ਹੀ ਉਚੇਚਾ ਸਜਾਈ ਏ..ਆਪਣਾ ਕਮਰਾ ਖੁੱਲ੍ਹਾ ਰਹਿਣ ਦੇਵੀਂ..ਕੂਲਰ ਫਿੱਟ ਕਰਨ ਵਾਲਾ ਵੀ ਆਉਂਦਾ ਹੀ ਹੋਣਾ..ਹੁਣ ਨਿੱਕੇ ਜੀ ਨੂੰ ਗਰਮੀ ਵਿਚ ਥੋੜਾ ਰੱਖਣਾ..ਅਹੁ ਨਵੀਆਂ ਚਾਦਰਾਂ ਸਰਾਹਣੇ ਅਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਪਿਆ..ਲਿਆਉਣ ਤੋਂ ਪਹਿਲੋਂ ਨਵਾਂ ਵਿਛਾਉਣਾ ਵਿਛਾ ਦੇਵੀਂ..!
ਗੇਟ ਤੇ ਤੇਲ ਚੋ ਕੇ ਅੰਦਰ ਲੰਘਾਉਣ ਲਈ ਰੱਖੀ ਨਿੱਕੀ ਸ਼ੀਸ਼ੀ ਵੇਖ ਬੰਤਾ ਸਿੰਘ ਦੇ ਹੰਝੂ ਨਿੱਕਲ ਆਏ ਤੇ ਉਹ ਪਿੰਡ ਅੱਪੜ ਗਿਆ..ਬਾਬਾ ਜੀ ਐਵੇਂ ਤੇ ਨਹੀਂ ਸੀ ਆਖਦਾ ਹੁੰਦਾ ਕੇ ਪੁੱਤਰਾ ਚੇਹਰਿਆਂ ਦੀਆਂ ਚਮਕਾਂ ਅਤੇ ਕੋਠੀਆਂ ਦੀਆਂ ਉਚਾਈਆਂ ਵੇਖ ਕੋਈ ਗਲਤਫਹਿਮੀ ਨਾ ਪਾਲ ਲਵੀਂ..ਜਿੱਥੇ ਹੱਸਦਾ ਹੋਇਆ ਕੋਈ ਬਜ਼ੁਰਗ ਖੁੱਲੀਆਂ ਅਸੀਸਾਂ ਦਿੰਦਾ ਹੋਇਆ ਅਕਸਰ ਹੀ ਦਿਸ ਪਵੇ..ਸਮਝ ਲਵੀਂ ਘਰ ਅਮੀਰਾਂ ਦਾ ਏ!
ਹਰਪ੍ਰੀਤ ਸਿੰਘ ਜਵੰਦਾ