ਪੁੱਤ ਜਵਾਨ ਹੋ ਗਿਆ ਸੋਲਾਂ ਸਾਲਾਂ ਦਾ। ਮਨ ਵਿਚ ਸੋ ਸਵਾਲ ਕੀ ਕਰਵਾਈਏ ਬੱਚੇ ਨੂੰ ਅਗੋ ਜੋ ਇਸ ਦਾ ਭਵਿੱਖ ਸੁਖਾਲਾ ਹੋ ਜਾਏ।ਬੜੇ ਵੱਡੇ ਸੁਪਨੇ ਲਏ ਕਿ ਚੰਡੀਗੜ੍ਹ ਭੇਜ ਦਈਏ,ਦਿੱਲੀ ਭੇਜ ਦਈਏ ਅਗੋ ਦੀ ਪੜਾਈ ਲਈ ਫ਼ੇਰ ਅਚਾਨਕ ਕਿਸੇ ਇੰਸਟੀਚਿਊਟ ਦਾ ਇਸ਼ਤਿਹਾਰ ਦੇਖਿਆ।ਬੇਟੇ ਨੂੰ ਪ੍ਰਵੇਸ਼ ਪ੍ਰੀਖਿਆ ਲਈ ਭੇਜ ਦਿੱਤਾ।ਕੁਝ ਦਿਨ ਬਾਅਦ ਪਤਾ ਚਲਿਆ ਬੇਟੇ ਨੇ ਓਹ ਪ੍ਰੀਖਿਆ ਵਧੀਆ ਨੰਬਰਾਂ ਤੋਂ ਪਾਸ ਕਰ ਲਈ ਹੈ।ਵਿਸ਼ਵਾਸ ਨਹੀਂ ਸੀ ਹੋ ਰਿਹਾ ਮੇਰਾ ਲਾਪਰਵਾਹ ਪੁੱਤ ਏਨਾ ਵਧੀਆ ਕਰ ਗਿਆ। ਖ਼ੈਰ ਫੇਰ ਓਸ ਦੇ ਇੰਟਰਵਿਊ ਦੀ ਤਰੀਕ ਮਿਲੀ, ਕਰਨਲ ਸਾਹਿਬ ਨੇ ਤੇ ਪੰਜ ਹੋਰ ਮਿਲਟਰੀ ਦੇ ਅਫ਼ਸਰਾਂ ਨੇ ਇੰਟਰਵਿਊ ਲੈਣੀ ਸੀ।ਬੇਟੇ ਨੇ ਓਹ ਵੀ ਪਾਸ ਕਰ ਲਈ।
ਅਤੇ ਹੁਣ ਓਹਨੂੰ ਹੋਸਟਲ ਭੇਜਣ ਦਾ ਦਿਨ ਮੁਕੱਰਰ ਹੋ ਗਿਆ।ਬੱਚੇ ਨੂੰ ਕਦੇ ਆਪ ਤੋਂ ਇਕ ਮਿੰਟ ਲਈ ਵੀ ਅੱਡ ਨਹੀਂ ਸੀ ਕੀਤਾ ਮੈ।ਪਰ ਖੁਸ਼ੀ ਬਹੁਤ ਸੀ ਕਿ ਆਪਣੇ ਮਿੱਥੇ ਪੈਂਡੇ ਤੇ ਤੁਰ ਪਿਆ ਹੈ।
ਸਮਾਨ ਦੀ ਲੰਬੀ ਲਿਸਟ ਪੂਰੀ ਕਰਦੇ ਦਿਨ ਕਦੋਂ ਬੀਤ ਗਏ ਪਤਾ ਹੀ ਨਹੀਂ ਚਲਿਆ।
ਓਹ ਦਿਨ ਆ ਗਿਆ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਆਪ ਤੋਂ ਦੂਰ ਭੇਜਣਾ ਸੀ।ਸੱਸ ਨੇ ਵੀ ਗੁੱਸੇ ਨਾਲ ਕੇ ਦਿੱਤਾ ਕਿੱਦਾ ਦੀ ਮਾਂ ਏ ਦਿਲ ਨਹੀਂ ਪਾੜਦਾ ਤੇਰਾ।ਪਰ ਮੈਨੂੰ ਪਤਾ ਸੀ ਜਾਂ ਮੇਰੇ ਰੱਬ ਨੂੰ ਪਤਾ ਸੀ ਕੇ ਮੇਰੇ ਦਿਲ ਤੇ ਕੀ ਬੀਤ ਰਹੀ ਸੀ।
ਓਹਨੂੰ ਹੋਸਟਲ ਛੱਡਣ ਗਏ ਤੇ ਓਹਨੂੰ ਓਹਦੇ ਕਮਰੇ ਵਿੱਚ ਛੱਡ ਕੇ ਜਦੋ ਤੁਰਨ ਲੱਗੇ ਤਾਂ ਉਹ ਵੀ ਆਪਣੇ ਹੰਝੂ ਨਾ ਲਕੋ ਪਾਇਆ ਤੇ ਮੈ ਤਾਂ ਜਿੱਦਾ ਟੁੱਟ ਹੀ ਗਈ ।ਦੋਵੇਂ ਇਕ ਦੂਜੇ ਦੇ ਗਲ ਲੱਗ ਕੇ ਕਾਫ਼ੀ ਦੇਰ ਰੋਂਦੇ ਰਹੇ।ਕਹਿੰਦਾ ਹੁਣ ਤੂੰ ਸੀ ਜਾਓ।ਨਹੀਂ ਤਾਂ….
ਮੈਂ ਸਮਝ ਗਈ,ਤੇ ਗੱਡੀ ਚ ਬੈਠ ਕੇ ਦੂਰ ਤਕ ਓਸ ਨੂੰ ਦੇਖਦੀ ਰਹੀ ਓਹ ਵੀ ਅਖੋ ਓਹਲੇ ਨਾ ਹੋਇਆ। ਉੱਥੇ ਖੜਾ ਮੈਨੂੰ ਦੂਰ ਜਾਂਦੇ ਦੇਖਦਾ ਰਿਹਾ।
ਅੱਖਾਂ ਹੂੰਝਦੇ ਘਰ ਆਈ ਤਾਂ ਅੰਦਰ ਆਉਣ ਦਾ ਮਨ ਨਾ ਕਰੇ।ਘਰ ਖਾਣ ਨੂੰ ਆਵੇ।
ਹਰ ਕੋਨੇ ਹਰ ਜਗ੍ਹਾ ਤੇ ਓਹਨੂੰ ਲਭਾ।ਓਹਦੀਆ ਸ਼ਰਾਰਤਾ ਯਾਦ ਆਓਣ। ਮਾਂ ਮੈ ਆ ਗਿਆ ਮਾਂ ਮੈ ਚਲਾ ਹਾਂ।ਅਨੇਕਾ ਹੀ ਤਰ੍ਹਾਂ ਓਹ ਮੁੰਡਾ ਸਭ ਨੂੰ ਆਪਣੇ ਅੱਗੇ ਪਿੱਛੇ ਲਾਈ ਫ਼ਿਰਦਾ ਸੀ।
ਸਹੇਲੀ ਦਾ ਫ਼ੋਨ ਆਇਆ ਅਖੇ ਪਤਾ ਲਗਾ ਮੁੰਡਾ ਹੋਸਟਲ ਚਲਾ ਗਿਆ ਤੇ ਤੇਰੀ ਤਬੀਅਤ ਓਦੋਂ ਦੀ ਖ਼ਰਾਬ ਹੈ,ਮੇਰੇ ਵੱਲ ਵੇਖ ਮੈਂ ਵੀ ਤਾਂ ਆਪਣੀ ਕੁੜੀ ਭੇਜੀ ਹੈ ਕਨੇਡਾ।ਮੇਰਾ ਸਬਰ ਵੀ ਵੇਖ।
ਅੱਜ ਸੱਚਮੁੱਚ ਅਹਿਸਾਸ ਹੋਇਆ ਕਿ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਭੇਜਣਾ ਸੱਚਮੁੱਚ ਹੀ ਜਿਗਰੇ ਦਾ ਕੰਮ ਹੈ।ਮੇਰਾ ਅੱਜ ਸਿਰ ਝੁਕਦਾ ਹੈ ਓਹਨਾਂ ਸਾਰੀਆ ਮਾਵਾਂ ਦੇ ਅੱਗੇ ਜਿੰਨਾ ਨੇ ਰੋਟੀ ਖਾਤਿਰ ਆਪਣੇ ਬੱਚੇ ਵਿਦੇਸ਼ਾਂ ਨੂੰ ਭੇਜ ਦਿੱਤੇ।
ਫ਼ੇਰ ਖਿਆਲ ਆਇਆ ਓਹਨਾਂ ਮਾਵਾਂ ਦਾ ਵੀ ਜਿੰਨਾ ਦੇ ਪੁੱਤ ਸਦਾ ਲਈ ਦੂਰ ਤੁਰ ਗਏ।ਓਹ ਕਿੱਦਾ ਜ਼ਿੰਦਗੀ ਕਟਦੀਆ ਹੋਣੀਆ।ਸਾਡੇ ਕੋਲੋ ਤਾਂ ਦੋ ਦਿਨ ਨਹੀਂ ਨਿਕਲੇ।ਓਹਨਾਂ ਨੇ ਸਾਰੀ ਉਮਰ ਹੰਡੋਣੀ ਆ ਆਪਣੇ ਬੱਚੇ ਤੋਂ ਬਿਨਾਂ।
ਰੱਬ ਕਦੇ ਕਿਸੇ ਮਾਂ ਨੂੰ ਆਪਦੇ ਬੱਚੇ ਤੋਂ ਦੂਰ ਨਾ ਕਰੇ।
ਹੱਸਦੇ ਵੱਸਦੇ ਰਹੋ।
ਸ਼ਵੇਤਾ ਮਹਿਤਾ