ਕਿਸ ਕਿਸ ਨੂੰ ਯਾਦ ਨੇ ਵਾਢੀ ਦੇ ਦਿਨ । ਵਾਢੀ ਦੇ ਦਿਨਾਂ ਵਿੱਚ ਸਿਖਰ ਦੁਪਹਿਰੇ ਕਣਕਾਂ ਦੀ ਵਾਢੀ ਕਰਨਾ ਕਿਸੇ ਸਜ਼ਾ ਨਾਲੋਂ ਘੱਟ ਨਹੀਂ ਸੀ ਹੁੰਦਾ। ਮਿੰਟ-ਮਿੰਟ ਬਾਅਦ ਉੱਠ ਕੇ ਦੇਖੀ ਜਾਣਾ ਕਿ ਕਿੰਨਾ ਕੁ ਰਹਿ ਗਿਆ ਏ ਕਿਆਰਾ । ਪਰ ਕਿਆਰਾ ਸੀ ਕਿ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ । ਬਾਪੂ ਨੇ ਕਹਿਣਾ ਬੱਸ ਥੋੜਾ ਕੁ ਹੀ ਰਹਿ ਗਿਆ ਹੈ , ਬਸ ਇਸੇ ਆਸ ਵਿਚ ਨਾਲ ਕਿ ਥੋੜਾ ਹੀ ਰਹਿ ਗਿਆ ਹੈ, ਬੈਠੇ ਵੱਡੀ ਜਾਣਾ, ਹੋਰ ਕੋਈ ਚਾਰਾ ਵੀ ਨਹੀਂ ਸੀ।
15 ਤੋਂ 20 ਦਿਨ ਵਾਢੀ ਚੱਲਦੀ ਹੁੰਦੀ ਸੀ, ਵੈਸੇ ਉਹ ਦਿਨ ਵੀ ਬੜੇ ਸੋਹਣੇ ਹੁੰਦੇ ਸਨ , ਹਰ ਕੋਈ ਸਵੇਰੇ ਸ਼ਾਮ ਆਉਂਦਾ ਜਾਂਦਾ ਮਿਲ ਜਾਂਦਾ, ਹੱਥਾਂ ਵਿੱਚ ਦਾਤੀਆਂ,ਸਾਈਕਲ ਮਗਰ ਬਰਸੀਮ ਦੀ ਪੰਡ ਹੋਣੀ । ਕਣਕ ਵੱਢਣ ਤੋਂ ਬਾਅਦ ਜਦ ਬਰਸੀਮ ਵੱਢਣ ਨੂੰ ਹਾਕ ਪੈਣੀਂ ਤਾਂ ਚਾਅ ਚੜ੍ਹ ਜਾਂਣਾਂ ਕਿ ਚਲੋ ਅੱਧੇ ਘੰਟੇ ਲਈ ਹੀ ਸਹੀ , ਕਣਕ ਤੋਂ ਖਹਿੜਾ
ਤਾਂ ਛੁਟਿਆ , ਹਰਾ ਪੱਠਾ ਵੱਢ ਕੇ ਘਰ ਆ ਕੇ ਕੁਤਰਾ ਕਰਨਾ, ਗਰਮ ਪਾਣੀ ਕਰ ਨਹਾਉਣਾ, ਇਹ ਰੋਜ਼ ਦਾ ਕੰਮ ਸੀ। ਮੰਮੀ ਹੋਰਾਂ ਨੇ ਰੋਟੀ ਤਿਆਰ ਕਰਨੀ, ਸ਼ੱਕਰ ਘਿਉ ਬਣਾਉਣਾ, ਦੁੱਧ ਤੱਤਾ ਕਰਨਾ , ਫਿਰ ਕੁਝ ਗੱਲਾਂ ਕਰਨ ਤੋਂ ਬਾਅਦ ਸੌਂ ਜਾਣਾ।
ਸਵੇਰੇ ਫਿਰ ਠੰਡੇ ਠੰਡੇ ਜੁੱਟ ਜਾਣਾ ਵਾਡੀ ਵਿੱਚ, ਬੱਸ ਇਦਾਂ ਇਦਾਂ ਕਰਦੇ ਕਰਦੇ 20-25 ਦਿਨ ਕਿਵੇਂ ਲਗਦੇ ਸਨ ਇਹ ਸਾਨੂੰ ਹੀ ਪਤਾ ।
ਵਾਢੀ ਦੇ ਦਿਨ ਰੌਚਕਤਾ ਨਾਲ ਭਰਪੂਰ ਵੀ ਹੁੰਦੇ ਸਨ, ਇਕ ਦੂਜੇ ਤੋਂ ਤੇਜ਼ ਵਾਢੀ ਕਰਨਾ, ਆਪਣੀ ਫਾਟ ਮੁਕਾ ਕੇ ਬੈਠ ਜਾਣਾ, ਦੂਜੇ ਨੂੰ ਵੇਖ ਤਰ੍ਹਾਂ ਤਰ੍ਹਾਂ ਦੀਆਂ ਟਿੱਚਰਾਂ ਕਰਨੀਆਂ ਜਾਂ ਨਾਲ ਲੱਗ ਉਸਦੀ ਮੱਦਦ ਕਰਨੀ, ਇਦਾਂ ਕਰਦੇ-ਕਰਦੇ ਦਿਨ ਲੰਘ ਜਾਂਦਾ ਸੀ ।
ਦੁਪਹਿਰ ਦੀ ਰੋਟੀ ਕਿਸੇ ਟਾਹਲੀ ਥੱਲੇ ਜਾ ਕਿਸੇ ਮੋਟਰ ਤੇ ਜਾਮਣਾਂ, ਤੂਤਾਂ ਦੀ ਛਾਵੇਂ ਬੈਠ ਖਾਣੀ । ਪੱਲੀ ਵਿਛਾ ਕੇ ਬੈਠ ਜਾਣਾ , ਮੋਟਰ ਤੇ ਲੱਗੇ ਹਰੇ ਪਿਆਜ਼ ਘੁੱਟ ਕੇ ਰੋਟੀ ਨਾਲ ਖਾਣੇ, ਠੰਢੀ ਠੰਢੀ ਹਵਾ, ਬਰਸੀਮ ਤੇ ਤਿਤਲੀਆਂ ਦੀ ਅਵਾਰਾਗਰਦੀ ਬੜੀ ਚੰਗੀ ਲੱਗਣੀ। ਮੋਟਰ ਦੇ ਠੰਡੇ ਠੰਡੇ ਪਾਣੀ ਵਿੱਚ ਡੁਬਕੀਆਂ ਲਾ ਥਕਾਵਟ ਲਾਉਂਣੀ, ਬੜਾ ਆਨੰਦ ਆਉਂਦਾ ਸੀ।
ਹੁਣ ਸਮਾਂ ਬਦਲ ਗਿਆ ਹੈ , ਬੰਦੇ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ। ਹੁਣ ਦਿਨਾਂ ਦਾ ਕੰਮ ਘੰਟਿਆਂ ਵਿਚ ਹੋ ਜਾਂਦਾ ਹੈ, ਪਰ ਜੋ ਆਨੰਦ ਹੱਥਾਂ ਨਾਲ ਕੰਮ ਕਰਨ ਵਿੱਚ ਸੀ , ਉਹ ਮਸ਼ੀਨਾਂ ਨਾਲ ਕਿੱਥੇ, ਨਾ ਤਾ ਪਹਿਲਾਂ ਵਰਗੀ ਤੂੜੀ ਬਣਦੀ ਹੈ , ਹੁਣ ਤਾਂ ਕਣਕ ਦਾ ਝਾੜ ਅੱਧੋਂ-ਡੂਡ ਹੋ ਜਾਂਦਾ ਹੈ।
ਕਣਕ ਦੇ ਸੀਜ਼ਨ ਵਿੱਚ ਮੋਟਰ ਤੇ ਵਿਆਹ ਵਰਗਾ ਮਾਹੌਲ ਹੁੰਦਾ ਸੀ, 15-20 ਭਈਏ ਰਹਿੰਦੇ ਸੀ , ਉਹਨਾਂ ਵਿੱਚੋਂ ਇੱਕ ਨੇ ਰੋਟੀ ਪਾਣੀ ਦਾ ਕੰਮ ਕਰਨਾ, ਬਾਕੀ ਸਾਰੇ ਖੇਤ ਕੰਮ ਕਰਦੇ।
ਬੜੇ ਸੋਹਣੇ ਦਿਨ ਸਨ,ਉਹ।
ਇਕ ਗੀਤ ਦੇ ਬੋਲ,,,,
ਹਾੜ੍ਹੀ ਵੱਢੂਗੀ ਬਰੋਬਰ ਤੇਰੇ ,
ਵੇ ਦਾਤੀ ਨੂੰ ਲਵਾ ਦੇ ਘੁੰਗਰੂ ।
✍️ ਗੁਰਮੀਤ ਸਿੰਘ ਘਣਗਸ
9872617880