ਗੱਲ ਕੋਈ ਪੰਦਰਾਂ ਕੁ ਸਾਲ ਪੁਰਾਣੀ ਹੈ। ਮੇਰੀ ਉਮਰ ਓਦੋਂ ਬਵੰਜਾ ਤਰਵੰਜਾ ਸਾਲ ਦੀ ਹੋਵੇਗੀ। ਮੇਰੇ ਜ਼ਿਲ੍ਹੇ ਦੇ ਇੱਕ ਸਾਹਿਤਕ ਮੰਚ ਵੱਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ।ਉਸ ਮੇਲੇ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਣੀਆਂ ਸਨ। ਪੰਜਾਬੀ ਫ਼ਿਲਮਾਂ ਦੀ ਇੱਕ ਖੂਬਸੂਰਤ ਅਭਿਨੇਤਰੀ ਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ। ਮੈਨੂੰ ਵੀ ਉਸ ਪ੍ਰੋਗਰਾਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਬੁਲਾਇਆ ਗਿਆ ਸੀ। ਪ੍ਰਬੰਧਕਾਂ ਨੇ ਇਜ਼ਤ ਮਾਣ ਕਰਦਿਆਂ ਮੈਨੂੰ ਮੂਹਰਲੀ ਕਤਾਰ ਵਿੱਚ ਪਏ ਸੋਫਿਆਂ ਉਤੇ ਬਿਰਾਜਮਾਨ ਹੋਣ ਲਈ ਕਹਿ ਦਿੱਤਾ। ਮੇਰੇ ਨਾਲ ਉਸ ਸੋਫੇ ਉੱਤੇ ਉਹ ਅਭਿਨੇਤਰੀ ਬੈਠੀ ਸੀ।ਪਰ ਮੇਰੇ ਅਤੇ ਅਭਿਨੇਤਰੀ ਦੇ ਵਿਚਕਾਰ ਅਭਿਨੇਤਰੀ ਦੀ ਮੰਮੀ ਬੈਠੀ ਹੋਈ ਸੀ। ਪ੍ਰੋਗਰਾਮ ਖ਼ਤਮ ਹੋਣ ਹੀ ਵਾਲਾ ਸੀ ਕਿ ਕਈ ਨੌਜਵਾਨ ਮੁੰਡੇ ਕੁੜੀਆਂ ਅਭਿਨੇਤਰੀ ਤੋਂ ਆਟੋਗਰਾਫ ਲੈਣ ਲਈ ਆ ਗਏ। ਮੇਰੇ ਕੋਲ ਵੀ ਆਪਣੀ ਡਾਇਰੀ ਸੀ ਪਰ ਮੈਂ ਉਮਰ ਦੇ ਤਕਾਜ਼ੇ ਅਨੁਸਾਰ ਸਿੱਧਾ ਆਟੋਗਰਾਫ ਮੰਗਣ ਤੋਂ ਝਿਜਕ ਮਹਿਸੂਸ ਕੀਤੀ ਅਤੇ ਮੇਰੇ ਨਾਲ ਬੈਠੀ ਅਭਿਨੇਤਰੀ ਦੀ ਮੰਮੀ ਨੂੰ ਡਾਇਰੀ ਫੜਾਉਂਦੇ ਹੋਏ ਅਭਿਨੇਤਰੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ,” ਪਲੀਜ਼ ਉਸਦੇ ਆਟੋਗਰਾਫ”। ਅਭਿਨੇਤਰੀ ਦੀ ਮੰਮੀ ਬੜੀ ਖੁਸ਼ ਹੋਈ ਅਤੇ ਉਸਨੇ ਆਪਣੇ ਦਸਤਖ਼ਤ ਕਰਕੇ ਡਾਇਰੀ ਵਾਪਸ ਕਰ ਦਿੱਤੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਗੱਡੀ ਵਿੱਚ ਬੈਠ ਕੇ ਮੈਂ ਪਹਿਲਾ ਕੰਮ ਇਹ ਕੀਤਾ ਕਿ ਅਭਿਨੇਤਰੀ ਦੀ ਮੰਮੀ ਦੇ ਦਸਤਖ਼ਤਾਂ ਵਾਲਾ ਵਰਕਾ ਪਾੜ ਕੇ ਗੁੱਛੂ ਮੁੱਛੂ ਕਰਕੇ ਬਾਹਰ ਵਗਾਹ ਮਾਰਿਆ।