ਅਜੇ ਵੀ ਯਾਦ ਏ ਪਾਰੋਂ ਆਉਂਦਾ ਚੌਧਰੀ ਸਲਾਮਤ ਖੋਖਰ..ਅਕਸਰ ਦੱਸਦਾ ਹੁੰਦਾ ਸੀ ਕੇ ਵੰਡ ਵੇਲੇ ਕੋਈ ਪੰਜ ਕੂ ਸਾਲਾਂ ਦਾ ਹੋਵਾਂਗਾ..ਬੜਾ ਦਿਲਦਾਰ ਬੰਦਾ..ਅਮ੍ਰਿਤਸਰ ਹੋਟਲ ਵਿਚ ਠਹਿਰਦਾ ਤਾਂ ਰੌਣਕ ਜਿਹੀ ਲੱਗ ਜਾਂਦੀ..ਗੇਟ ਤੇ ਖਲੋਤੇ ਘਨੁਪੂਰ ਕਾਲੇ ਪਿੰਡ ਤੋਂ ਫੌਜੀ ਦਰਬਾਨ ਕਰਮ ਸਿੰਘ ਨੂੰ ਉਲਟਾ ਪਹਿਲੋਂ ਸਲੂਟ ਮਾਰ ਸੌਂ ਦਾ ਨੋਟ ਫੜਾ ਦਿੰਦਾ ਤੇ ਬਾਹਲਾ ਖੁਸ਼ ਹੋ ਜਾਂਦਾ!
ਲਾਹੌਰ ਨੇੜੇ ਪੈਦੇ ਸ਼ਹਿਰ ਮੁਰੀਦਕੇ ਤੋਂ ਨਾਰੋਵਾਲ ਜਾਂਦੀ ਸੜਕ ਤੇ ਕੋਈ ਬੜਾ ਵੱਡਾ ਪਿੰਡ ਸੀ ਉਸਦਾ..ਜਦੋਂ ਵੀ ਆਉਂਦਾ ਬਾਡਰ ਪਾਰੋਂ ਗਿਰੀਆਂ ਮੇਵੇ ਤੇ ਕਿਸ਼ਮਿਸ਼ ਵਾਲਾ ਕਾਲਾ ਗੁੜ ਲੈ ਕੇ ਆਉਂਦਾ!
ਕਿਡਨੀ ਵਿਚ ਨੁਕਸ ਸੀ..ਕੱਕੜ ਹਸਪਤਾਲ ਡਾਕਟਰ ਸਰੀਨ ਕੋਲ ਇਲਾਜ ਲਈ ਆਉਂਦਾ ਸੀ..ਏਜੰਸੀਆਂ ਵਾਲੇ ਵੀ ਉਸਦੀ ਪੈੜ ਸੁੰਘਦੇ ਓਨੇ ਦਿਨ ਆਲੇ ਦਵਾਲੇ ਹੀ ਰਹਿੰਦੇ!
ਦੱਸਦਾ ਹੁੰਦਾ ਕੇ ਵੰਡ ਵੇਲੇ ਦੋਨਾਂ ਪੰਜਾਬਾਂ ਨੇ ਬੜਾ ਸੰਤਾਪ ਝੱਲਿਆਂ..ਪਰਿਵਾਰਾਂ ਦੇ ਪਰਿਵਾਰ ਵੱਢੇ ਟੁੱਕੇ ਗਏ..ਭਾਈ ਭਾਈ ਦਾ ਵੈਰੀ ਹੋ ਗਿਆ..ਬੇਹਿਸਾਬ ਇੱਜਤਾਂ ਅਸਮਤਾਂ ਰੁਲੀਆਂ!
ਜਦੋਂ ਵੰਡ ਹੋਈ ਤਾਂ ਰਮਦਾਸ ਕੋਲੇ ਧਰਮਕੋਟ ਵੱਲ ਪਿੰਡ ਸੀ..ਅੱਬਾ ਆਖਰੀ ਵੇਲੇ ਤੱਕ ਪਿੰਡੋਂ ਨਾ ਤੁਰੇ..ਆਖੀ ਜਾਵੇ ਓਏ ਕਮਲਿਓ ਵਕਤੀ ਰੌਲਾ ਹੈ ਕੁਝ ਨੀ ਹੁੰਦਾ..ਮੈਨੂੰ ਲੈ ਕੇ ਘਰ ਵਿਚ ਬੈਠਾ ਰਿਹਾ..ਨਾਲਦਿਆਂ ਬਥੇਰਾ ਸਮਝਾਇਆ ਕੇ ਚੌਧਰੀ ਨੂਰ ਦੀਨਾਂ ਇਸ ਵੇਰ ਇਹ ਰੌਲਾ ਵਕਤੀ ਨਹੀਂ..ਹੁਣ ਤੇ ਆਰ ਪਾਰ ਵਾਲੀ ਵੰਡ ਹੋ ਗਈ ਓ..ਤੁਰ ਪੈ ਨਹੀਂ ਤੇ ਵੱਢਿਆ ਜਾਵੇਂਗਾ..!
ਅੱਗੋਂ ਆਹਂਦਾ ਸਾਰਾ ਪਿੰਡ ਮੇਰੇ ਭਾਈਆਂ ਤੇ ਸਕਿਆਂ ਦਾ ਭਲਾ ਮੈਨੂੰ ਕੌਣ ਵੱਡੂ..?
ਓਹੀ ਗੱਲ ਹੋਈ ਪਿੰਡ ਵਾਲਿਆਂ ਦੀ ਬਾਹਰੋਂ ਪਈ ਵੱਡੀ ਭੀੜ ਅੱਗੇ ਪੇਸ਼ ਨਾ ਗਈ ਤੇ ਓਹਨਾ ਅੱਬਾ ਵੱਢ ਸੁੱਟਿਆ..ਮੇਰੀ ਮਾਂ ਇਸਤੋਂ ਪਹਿਲਾਂ ਹੀ ਮੇਰਾ ਗੁੱਟ ਛੁਡਾ ਮੈਨੂੰ ਆਪਣੇ ਨਾਲ ਤੋਰ ਲਹਿੰਦੇ ਪੰਜਾਬ ਵੱਲ ਨੂੰ ਲੈ ਗਈ!
ਬਾਡਰ ਪਾਰੋਂ ਮੇਰਾ ਪਿੰਡ ਦਿਸਦਾ ਹੁੰਦਾ ਸੀ..ਮਾਂ ਨੇ ਕਰਤਾਰਪੁਰ (ਪਾਕਿਸਤਾਨ) ਗੁਰੂਦੁਆਰੇ ਮੱਥਾ ਟਿਕਾਉਣ ਲਿਆਉਣਾ ਤੇ ਫੇਰ ਪਾਰੋਂ ਆਪਣੇ ਪਿੰਡ ਨੂੰ ਦੇਖਦੀ ਨੇ ਹੰਝੂ ਵਹਾਉਂਦੀ ਰਹਿਣਾ..!
ਮਰਨ ਲਗਿਆਂ ਕਹਿ ਗਈ ਕੇ ਚੜਦੇ ਪਾਸੇ ਪੁਰਖਿਆਂ ਦੀ ਮਿੱਟੀ ਨੂੰ ਆਨੇ-ਬਹਾਨੇ ਸਿਜਦੇ ਕਰਦਾ ਰਹੀਂ..!
ਫੇਰ ਚੌਧਰੀ ਸਾਬ ਦੇ ਕਿੰਨੇ ਵਰੇ ਦਰਸ਼ਨ ਨਾ ਹੋਏ ਤੇ ਪਤਾ ਲੱਗਾ ਬਦਲੀਆਂ ਕਿਡਨੀਆਂ ਸੈੱਟ ਨਹੀਂ ਸਨ ਬੈਠੀਆਂ ਤੇ ਇੱਕ ਦਿਨ ਅਲਵਿਦਾ ਆਖ ਗਏ..ਇੱਕ ਕਹਾਣੀ ਹੋਰ ਮੁੱਕ ਗਈ!
ਸੱਚੀ-ਪੁਛੋ ਤਾਂ ਇਹ ਸਾਰਾ ਕੁਝ ਬੜੀ ਦੋਚਿੱਤੀ ਚ ਪਏ ਹੋਏ ਨੇ ਲਿਖਿਆ ਕਿਓੰਕੇ ਕਈ ਆਖਦੇ ਕੇ ਜਵੰਦੇ ਦੀਆਂ ਲਿਖਤਾਂ ਵਿਚ ਤੇ ਬੱਸ ਰੋਣਾ ਧੋਣਾ ਈ ਹੈ ਪਰ ਮੇਰੀ ਜਮੀਰ ਮੇਰਾ ਬਚਾਉ ਕਰਦੀ ਹੋਈ ਆਖਣ ਲੱਗੀ ਕੇ ਜੋ ਮਨ ਵਿਚ ਆਉਂਦਾ ਲਿਖੀ ਜਾ ਭਲਾ ਸੰਤਾਲੀ ਦੀ ਬੇਰਹਿਮ ਵੰਡ ਚੋਂ ਕੋਈ ਹਾਸੇ ਠੱਠੇ ਮਸ਼ਖਰੀਆਂ ਕਿਥੋਂ ਕੱਢ ਲਿਆਵੇ !
ਹਰਪ੍ਰੀਤ ਸਿੰਘ ਜਵੰਦਾ