ਉਮਰ ਦਾ ਪੰਜਵਾਂ ਦਹਾਕਾ.. । ਪਤਾ ਨਹੀਂ ਵਿਹਲੇ ਪਏ ਸੋਚਾਂ- ਸੋਚਦੇ ਨੂੰ ਕੀਹਨੇ ਸਮੁੰਦਰ ਕਿਨਾਰੇ ਲਿਆ ਸੁੱਟਿਆ । ਆਸੇ -ਪਾਸੇ ਦੇਖਿਆ ਤਾਂ ਨਾ ਕੋਈ ਬੰਦਾ, ਨਾ ਪਰਿੰਦਾ। ਬੱਸ ਸਾਗਰ ਦੀਆਂ ਲਹਿਰਾਂ ਦਾ ਸ਼ੋਰ… ਰੇਤ, ਕਈ ਤਰਾਂ ਦੇ ਪੱਥਰ। ਕੁਝ ਰੁੱਖੇ ,ਬੇਰੰਗ ਜਿਹੇ ਤੇ ਕਈ ਚਮਕੀਲੇ ! ਪਤਾ ਨਹੀਂ ਮਨ ‘ਚ ਕੀ ਆਇਆ। ਉਸ ਸਭ ਕੁਝ ਦਾ ਬੁੱਕ ਭਰ ਬੈਠਾ । ਰੇਤ ਨੇ ਹੱਥਾਂ ‘ਚ ਕਦ ਠਹਿਰਨਾ ਸੀ। ਕਿਰਦੇ – ਕਿਰਦੇ ਦੋਹਾਂ ਹੱਥਾਂ ਦੀਆਂ ਵਿਰਲਾਂ ਥਾਣੀੰ ਹੌਲ਼ੀ – ਹੌਲ਼ੀ ਸਾਰੀ ਹੀ ਕਿਰ ਗਈ।
” ਓਹ ਹੋ ! ਹੁਣ ਸਮਝਿਆ!ਇਹ ਰੇਤ ਨਹੀਂ ,ਏਹ ਤਾਂ ‘ਰਿਸ਼ਤੇ’ ਸੀ। “ਜ਼ਿੰਦਗੀ ਵਿੱਚ ਕਈ ਰਿਸ਼ਤੇ ਮਿਲ਼ੇ , ਜੋ ਥੋੜ੍ਹ- ਚਿਰੇ ਸੀ। ਜਿੰਨ੍ਹਾਂ ਚਿਰ ਇਕੱਠੇ ਸੀ, ਬਣੇ ਰਹੇ ਤੇ ਫ਼ੇਰ ਆਪਣੇ- ਆਪਣੇ ਰਾਹ ਤੁਰ ਗਏ।
ਹੱਥ ਵਿੱਚ ਜੋ ਬਚਿਆ ਸੀ, ਫ਼ੇਰ ਤੋਂ ਓਹਦੇ ਵੱਲ ਤੱਕਿਆ। ਕੁਝ ਕੁ ਛੋਟੇ – ਵੱਡੇ ਪੱਥਰ ਪਏ ਸਨ।
“ਅੱਛਾ ਇਹ ? ਇਹ ਤਾਂ ਉਹ ਰਿਸ਼ਤੇ ਨੇ ਜੋ , ਕਿਸੇ ਲੋੜ ਕਰਕੇ ਮੇਰੇ ਨਾਲ ਜੁੜੇ ਰਹੇ । ਇਹਨਾਂ ਨੂੰ ਤਾਂ ਬਾਹਰ ਕੱਢਿਆ ਚੰਗਾ।ਨਾਲ਼ੇ ਮੁਰਦਾ ਰਿਸ਼ਤਿਆਂ ਦਾ ਬੋਝ ਭਲਾ ਕਿਉੰ ਚੱਕੀ ਫਿਰਾਂ?”
ਖੋਟੇ ਤੇ ਹੰਕਾਰ ਭਰੇ ਰਿਸ਼ਤਿਆਂ ਵਰਗੇ ਕੁਝ ਕੁ ਪੱਥਰ ਮੈਂ ਬਾਹਰ ਕੱਢ ਸਮੁੰਦਰ ‘ਚ ਵਗਾਹ ਮਾਰੇ।
ਪਰ ਫ਼ੇਰ ਬਾਕੀ ਬਚੇ ਪੱਥਰਾਂ ਵਿੱਚੋਂ ਚਾਰ ਕੁ ਨਾਲ਼ ਹੀ ਰਹਿਣ ਦਿੱਤੇ।
“ ਕੋਈ ਨਾ ਫ਼ੇਰ ਕੀ ਹੋਇਆ ਜੇ ਲੋੜ ਸਮੇਂ ਹੀ ਯਾਦ ਕਰਦੇ ਨੇ। ਪਰ ਕਰਦੇ ਤਾਂ ਹੀ ਨੇ ਨਾ ?ਨਾਲ਼ੇ ਇਹ ਦਿਲ ਦੇ ਖੋਟੇ ਨੀਂ।”
ਇਉਂ ਅੰਤ ਤੱਕ ਜ਼ਿੰਦਗੀ ਦੇ ਸਫ਼ਰ ਵਿੱਚ ਮੇਰੇ ਨਾਲ਼ ਸਿਰਫ਼ ਕੀਮਤੀ, ਹੀਰਿਆਂ ਵਰਗੇ ਰਿਸ਼ਤੇ ਹੀ ਰਹਿ ਗਏ ।ਗਹੁ ਨਾਲ ਤੱਕਦਿਆਂ ਮੈੰ ਇੱਕ ਖ਼ੂਬਸੂਰਤ ਸਤਰੰਗੀ ਪੀੰਘ ਵਰਗਾ ਹੀਰਾ ਵੀ ਬਾਹਰ ਕੱਢ ਕੇ ਰੱਖ ਦਿੱਤਾ ।
“ਮੈਂ ਵੀ?ਪਰ ਕਿਉੰ? ” ਸ਼ਾਇਦ ਉਹ ਸਵਾਲ ਕਰ ਰਿਹਾ ਸੀ।
“ਬੇਸ਼ੱਕ ਤੂੰ ਕੀਮਤੀ ਏਂ ਪਰ ਦੁਨੀਆਂ ਦੀ ਸੋਚ ਦੇ ਮੇਚ ਦਾ ਨੀੰ। ਓਹ ਤੈਨੂੰ ਆਪਣੀ ਛੋਟੀ ਸੋਚ ਦੀ ਤੱਕੜੀ ‘ਚ ਤੋਲਣਗੇ ਤੇ ਉਹਨਾਂ ਨੇ ਤੇਰੀ ਕੀਮਤ ‘ਸਿਫ਼ਰ’ ਕਰ ਦੇਣੀ ਹੈ।ਇਸਲਈ ਤੇਰਾ ਜਾਣਾ ਹੀ ਬੇਹਤਰ ਹੈ।”
… ਤੇ ਬਾਕੀ ਬਚਦੇ ਹੀਰਿਆਂ ਵਰਗੇ ਰਿਸ਼ਤੇ ਮੈਂ ਗੁਆਚ ਜਾਣ ਦੇ ਡਰੋੰ ਮੁੱਠੀ ਵਿੱਚ ਲਕੋ ਲਏ ਤਾਂ ਕਿ ਜ਼ਿੰਦਗੀ ਦੇ ਬਾਕੀ ਬਚੇ ਸਫ਼ਰ ‘ਚ ਉਹ ਮੇਰੇ ਸਾਥੀ ਬਣਕੇ ਰਹਿਣ।
ਦੀਪ ਵਿਰਕ
ਫ਼ਰਵਰੀ 01,2023