ਟਿੰਮ ਤੇ ਬੈਠਾ ਸਾਂ ਜਦੋਂ ਪੰਜਾਬੋਂ ਖਬਰ ਆਈ..ਨਾਲ ਹੀ ਬਾਹਰ ਦੋ ਗੋਰੇ ਦਿਸ ਪਏ..ਦੋਹਾਂ ਕੋਲ ਦੋ ਸ਼ਿਕਾਰੀ..ਬਾਹਰ ਹੀ ਬੰਨ ਆਏ..ਆਉਣ ਲੱਗਿਆਂ ਇੱਕ ਨੂੰ ਕੁਝ ਆਖਿਆ ਵੀ..ਉਹ ਥੱਲੇ ਬੈਠਾ ਨੀਵੇਂ ਕੰਨ ਸੁਣੀ ਗਿਆ..ਫੇਰ ਜਿੰਨੀ ਦੇਰ ਮਾਲਕ ਅੰਦਰ ਦੋਹਾਂ ਦਾ ਧਿਆਨ ਗੇਟ ਵੱਲ ਹੀ..ਬਾਹਰ ਆਉਣਗੇ ਤਾਂ ਕੁਝ ਖਾਣ ਨੂੰ ਮਿਲੇਗਾ..!
ਮੈਂ ਬਾਰੀ ਕੋਲ ਹੀ ਬੈਠਾ ਸਾਂ..ਮੇਰੇ ਵੱਲ ਵੇਖੀ ਜਾਣ ਤੇ ਨਾਲੇ ਬਿੜਕ ਵੀ..ਮੈਂ ਫੋਟੋ ਖਿੱਚ ਲਈ..ਇਹ ਆਸ ਵੀ ਕੀ ਚੀਜ ਬਣਾਈ ਰੱਬ ਨੇ..ਸੁੱਕਣੇ ਪਾਈ ਰੱਖਦੀ ਏ ਬੰਦੇ ਨੂੰ ਸਾਰੀ ਜਿੰਦਗੀ..!
ਕੁਝ ਦਿਨ ਪਹਿਲੋਂ ਕਿਸੇ ਨੂੰ ਘਰ ਵਿਖਾਉਣ ਗਏ ਦੇ ਪੋਟੇ ਅੰਦਰ ਲੱਕੜ ਦੀ ਇੱਕ ਲੰਮੀ ਛਿੱਲਤਰ ਚੁੱਭ ਗਈ..ਬੜਾ ਦੁੱਖ ਦਿੱਤਾ..ਅੱਜ ਅਚਾਨਕ ਹੀ ਇਥੇ ਬੈਠਿਆਂ ਆਪੇ ਹੀ ਨਿੱਕਲ ਗਈ..ਮੈਂ ਕੌਂਮ ਦੀ ਹਿੱਕ ਤੇ ਚੁੱਭੀਆਂ ਬਾਰੇ ਸੋਚ ਰਿਹਾਂ ਸਾਂ..ਕਿੰਨਾ ਦੁੱਖ ਦਿੱਤਾ ਹੋਵੇਗਾ..ਸਮੂਹਕ..!
ਕਿਸੇ ਸਹੁੰ ਪਾਈ..ਭੋਗ ਤੀਕਰ ਕੁਝ ਨੀ ਲਿਖਣਾ..ਮੈਂ ਆਖਿਆ ਓਦੋਂ ਤੀਕਰ ਤੇ ਕੁਝ ਬਚਣਾ ਹੀ ਨਹੀਂ ਲਿਖਣ ਨੂੰ..!
ਪਵਿੱਤਰ ਬਾਣੀ ਦੀਆਂ ਪਵਿੱਤਰ ਸਤਰਾਂ ਘਲੀਆਂ..ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ..!
ਵਾਕਿਆ ਹੀ ਕੁਝ ਥਿਰ ਨਹੀਂ..ਉਸਦੀ ਫੋਟੋ ਵੇਖੀ..ਕੋਲ ਪਾਣੀ ਦੀ ਬੋਤਲ..ਥਰਮਸ..ਨੀਲੇ ਰੰਗ ਦਾ ਘੋਲ..ਖੁੱਲੀ ਬਾਰੀ..ਤਾਰੇ ਲੱਗੀਆਂ ਅੱਖੀਆਂ..ਮੰਜਾ ਬਿਸਤਰਾ..ਹੁੱਕ ਨਾਲ ਟੰਗਿਆ ਗੁਲੂਕੋਜ..ਮੋਨੀਟਰ ਤੇ ਸਿੱਧੀ ਲਕੀਰ..ਤਾਰਾਂ ਨਲੀਆਂ ਦਾ ਜਾਲ..ਸਭ ਕੁਝ ਉਂਝ ਦਾ ਉਂਝ ਹੀ..ਆਹੋ ਕੁਝ ਏ ਜਿੰਦਗੀ ਦਾ ਸਾਰ..ਜੰਮਣ ਮਰਨ ਦੇ ਦਰਮਿਆਨ ਹੁੰਦੇ ਰੰਗ ਤਮਾਸ਼ੇ..ਕਈਆਂ ਦੇ ਬਹੁਤੇ..ਕਈਆਂ ਦੇ ਥੋੜੇ..ਖੇਡਾਂ ਖੇਡਦੇ ਗੁੱਡੀਆਂ ਪਟੋਲੇ..ਪਰ ਮੌਤ ਦਾ ਫਰਿਸ਼ਤਾ ਖਲਾਸੀ ਨਹੀਂ ਕਰਦਾ..!
ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ..ਬਾਕੀ ਦਾ ਭੋਗ ਤੋਂ ਬਾਅਦ..!
ਹਰਪ੍ਰੀਤ ਸਿੰਘ ਜਵੰਦਾ