ਸਟੇਸ਼ਨ ਕੋਲ ਅੰਬ ਦਾ ਵੱਡਾ ਰੁੱਖ ਹੋਇਆ ਕਰਦਾ ਸੀ..ਸੌ ਸਾਲ ਪੂਰਾਣਾ..ਓਹਨੀਂ ਦਿੰਨੀ ਮੈਂ ਅਜੇ ਸਕੂਲ ਜਾਣਾ ਸ਼ੁਰੂ ਨਹੀਂ ਸੀ ਕੀਤਾ..ਸਾਡਾ ਕਵਾਟਰ ਲਾਗੇ ਹੋਣ ਕਰਕੇ ਮੈਂ ਉਸ ਰੁੱਖ ਨੂੰ ਆਪਣੀ ਮਲਕੀਅਤ ਹੀ ਸਮਝਿਆ ਕਰਦਾ..ਅੰਬੀਆ ਦੀ ਰੁੱਤੇ ਤੋਤੇ ਗੁਟਾਰਾਂ ਕਿੰਨੀਆਂ ਸਾਰੀਆਂ ਅੰਬੀਆਂ ਟੁੱਕ ਹੇਠਾਂ ਸੁੱਟਦੇ ਹੀ ਰਹਿੰਦੇ..ਕਈ ਵੇਰ ਓਹਨਾ ਦੇ ਮੂਹੋਂ ਹੇਠਾਂ ਵੀ ਡਿੱਗ ਪੈਂਦੀਆਂ..!
ਉਹ ਮੈਂ ਹੀ ਚੁੱਕਦਾ..ਕਿਸੇ ਦੀ ਹਿੰਮਤ ਨਾ ਹੁੰਦੀ ਕੇ ਮੇਰੇ ਸਾਹਵੇਂ ਕੋਈ ਅੰਬੀ ਚੁੱਕ ਸਕੇ..!
ਇੱਕ ਰਾਤ ਤੇਜ ਹਨੇਰੀ ਵਗੀ..ਕਿੰਨੀਆਂ ਸਾਰੀਆਂ ਝੜ ਗਈਆਂ..ਉਸ ਰਾਤ ਮੈਨੂੰ ਬੁਖਾਰ ਵੀ ਸੀ..ਮਾਂ ਨੇ ਦਵਾਈ ਖੁਵਾ ਕੇ ਸਵਾਇਆ ਸੀ..ਮੈਨੂੰ ਜਾਗ ਨਾ ਆਈ..ਜਦੋਂ ਆਈ ਤਾਂ ਵੇਖਿਆ ਕਿੰਨੇ ਸਾਰੇ ਸਕੂਲ ਜਾਂਦੇ ਬੱਚੇ ਹੇਠਾਂ ਡਿੱਗੀਆਂ ਅੰਬੀਆਂ ਆਪਣੇ ਬਸਤਿਆਂ ਵਿਚ ਪਾ ਰਹੇ ਸਨ..ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ..ਹਿੰਮਤ ਜੁਟਾਈ ਫੇਰ ਉੱਚੀ ਸਾਰੀ ਆਖਿਆ ਇਹ ਮੇਰੀਆਂ ਨੇ..ਸਾਰੇ ਦੌੜ ਜਾਵੋ..ਵਰਨਾ ਮਾਰਾਂਗਾ!
ਪਰ ਓਹਨਾ ਅਣਸੁਣੀ ਕਰ ਦਿੱਤੀ..ਮੇਰਾ ਜੀ ਕੀਤਾ ਸਾਰਿਆਂ ਦਾ ਸਿਰ ਪਾੜ ਦੇਵਾਂ..ਫੇਰ ਮਾਂ ਤੋਂ ਨਜਰ ਬਚਾ ਕੇ ਓਥੇ ਅੱਪੜਿਆ..ਉਹ ਵਾਕਿਆ ਹੀ ਸਭ ਚੁਗ ਕੇ ਲੈ ਗਏ ਸਨ..ਮੈਂ ਨਿਮੋਝੂਣਾ ਹੋਇਆ ਵਾਪਿਸ ਪਰਤ ਆਇਆ..ਮਾਂ ਮੇਰੀ ਮਨੋਵਸ੍ਥਾ ਸਮਝ ਗਈ ਤੇ ਆਖਣ ਲੱਗੀ ਸਬਰ ਕਰ ਉਹ ਉੱਤੇ ਬੈਠਾ ਤੈਨੂੰ ਵੀ ਦੇਵੇਗਾ..!
ਮੈਂ ਮੁੜ ਬਿਸਤਰੇ ਤੇ ਆਣ ਲੇਟਿਆ..ਮਾਂ ਨੇ ਬਰੈੱਡ ਅਤੇ ਗਰਮ ਦੁੱਧ ਨਾਲ ਫੇਰ ਦਵਾਈ ਖੁਆ ਦਿੱਤੀ..ਮੈਂ ਇੱਕ ਵੇਰ ਫੇਰ ਗੂੜੀ ਨੀਂਦਰ ਸੌਂ ਗਿਆ..!
ਜਦੋਂ ਜਾਗ ਖੁੱਲੀ ਤਾਂ ਵੇਖਿਆ ਕਾਲੀਆਂ ਘਟਾਵਾਂ ਅਤੇ ਬੱਦਲਾਂ ਦੇ ਨਾਲ ਨਾਲ ਤੇਜ ਹਵਾ ਵੀ ਵਗ ਰਹੀ ਸੀ..ਅੰਬ ਦਾ ਉਹ ਰੁੱਖ ਹੁਣ ਬੁਰੀ ਤਰਾਂ ਹਿੱਲ ਰਿਹਾ ਸੀ..ਸਬੱਬੀਂ ਮੇਰਾ ਬੁਖਾਰ ਵੀ ਉੱਤਰ ਚੁਕਾ ਸੀ..ਕਾਹਲੀ ਨਾਲ ਓਥੇ ਅੱਪੜਿਆ ਤੇ ਵੇਖਿਆ ਅੰਬ ਹੇਠਲੀ ਸਾਰੀ ਜਮੀਨ ਹੀ ਅੰਬੀਆਂ ਨਾਲ ਭਰੀ ਪਈ ਸੀ..ਗਹੁ ਨਾਲ ਤੱਕਿਆ ਇਸ ਵੇਰ ਇਹ ਕੱਚੀਆਂ ਅੰਬੀਆਂ ਨਹੀਂ ਸਗੋਂ ਪੱਕੇ ਅੰਬ ਸਨ..!
ਹੁਣ ਮੈਂ ਕੱਲਾ ਸਾਂ..ਫੇਰ ਰੀਝ ਨਾਲ ਚੁਣਿਆ..ਸਬਰ ਦਾ ਕਿੰਨਾ ਸਾਰਾ ਮਿੱਠਾ ਫਲ..ਓਹੀ ਮਿੱਠਾ ਫਲ ਜਿਸਦੀ ਗੱਲ ਮੇਰੀ ਮਾਂ ਅਕਸਰ ਹੀ “ਸਬਰ” ਵਾਲਾ ਸਬਕ ਸੁਣਾਉਂਦੀ ਹੋਈ ਨਾਲ ਜੋੜ ਲਿਆ ਕਰਦੀ ਤੇ ਮੇਰੇ ਕੰਨਾਂ ਵਿਚ ਪਾਉਂਦੀ ਹੋਈ ਮੈਨੂੰ ਆਪਣੀ ਬੁੱਕਲ ਵਿਚ ਸਵਾਂ ਲਿਆ ਕਰਦੀ..!
ਮਾਵਾਂ ਵੱਲੋਂ ਜਵਾਕਾਂ ਦੇ ਕੰਨੀ ਪਾਏ ਸਬਰ ਦਾ ਫਲ ਹਮੇਸ਼ਾਂ ਮਿੱਠਾ ਹੀ ਹੁੰਦਾ..ਕੱਚੀਆਂ ਅੰਬੀਆਂ ਵਾਂਙ ਖੱਟਾ ਨਹੀਂ!
ਹਰਪ੍ਰੀਤ ਸਿੰਘ ਜਵੰਦਾ