ਇਹ ਗੱਲ ਉੱਨੀ ਸੋ ਪੰਝੱਤਰ ਕੁ ਦੀ ਹੈ। ਓਦੋਂ ਬੱਚਿਆਂ ਦਾ ਇਕ ਜ਼ਰੂਰੀ ਲਕਸ਼ ਸਾਈਕਲ ਸਿੱਖਣਾ ਹੁੰਦਾ ਸੀ ਅਤੇ ਬਹੁਤੇ ਘਰਾਂ ਵਿੱਚ ਸਾਈਕਲ ਵੀ ਇੱਕੋ ਹੀ ਹੁੰਦਾ ਸੀ। ਓਸ ਸਾਈਕਲ ਤੇ ਕੰਟਰੋਲ ਤਾਂ ਵੱਡੇ ਭਰਾ ਦਾ ਹੀ ਹੁੰਦਾ ਸੀ, ਕਿਉਂਕਿ ਵੱਡਾ ਭਰਾ ਕੱਦ ਕਾਠ ਵਿੱਚ ਵੀ ਹੁੰਦਾ ਸੀ। ਛੋਟਾ ਭਰਾ ਤਾਂ ਜਦੋਂ ਮੌਕਾ ਲੱਗਦਾ, ਸਿਰਫ਼ ਕੈਂਚੀ ਸਾਈਕਲ ਹੀ ਚਲਾ ਸਕਦਾ ਸੀ ਕਿਉਂਕਿ ਸਾਈਕਲ ਦਾ ਡੰਡਾਂ ਉੱਚਾ ਹੁੰਦਾ ਸੀ ਅਤੇ ਲੱਤ ਅਜੇ ਉੱਪਰ ਦੀ ਨਹੀਂ ਸੀ ਘੁੰਮਦੀ।
ਮੇਰੀ ਚੰਗੀ ਕਿਸਮਤ ਨੂੰ, ਮੇਰੇ ਮਾਤਾ ਜੀ ਜੋ ਸਾਡੇ ਪਿੰਡ ਦੇ ਹੀ ਸਕੂਲ ਵਿੱਚ ਅਧਿਆਪਕਾ ਸਨ, ਉਹਨਾਂ ਦੀ ਬਦਲੀ ਨਾਲ ਦੇ ਇਕ ਹੋਰ ਪਿੰਡ ਦੀ ਹੋ ਗਈ, ਜੋ ਦੋ ਕੁ ਕੋਹ ਦੀ ਵਾਟ ਤੇ ਸੀ। ਮਾਤਾ ਜੀ ਨੂੰ ਨਵਾਂ ਸਾਈਕਲ ਲੈਣਾ ਜ਼ਰੂਰੀ ਹੋਗਿਆ ਅਤੇ ਉਹਨਾਂ ਨੇ ਲੇਡੀ ਸਾਈਕਲ ਖ਼ਰੀਦ ਲਿਆ।
ਓਸ ਟਾਈਮ ਮੈਂ ਨੌਂ ਕੁ ਸਾਲ ਦਾ ਹੋਵਾਂਗਾ ਪਰ ਮੈਂ ਇਸ ਨਵੇਂ ਲੇਡੀ ਸਾਈਕਲ ਦੀ ਸ਼ਾਮ ਨੂੰ ਖ਼ੂਬ ਕਵੱਸ਼ਤੀ ਲਿਆਉਂਦਾ, ਮੈਂ ਆਪਣੇ ਦੋਸਤਾਂ ਨਾਲ ਸਾਈਕਲ ਤੇ ਰੇਸਾਂ ਲਾਉਂਦਾ ਅਤੇ ਅਸੀਂ ਚਾਰ ਪੰਜ ਜਾਣੇ ਪਿੰਡ ਦੀਆਂ ਗਲੀਆਂ ਸਾਈਕਲਾਂ ਤੇ ਹੀ ਘੁੰਮਦੇ ਘੁੰਮਾਉਂਦੇ, ਅਤੇ ਬਜ਼ੁਰਗਾਂ ਤੋਂ ਝਿੜਕਾਂ ਵੀ ਖਾਂਦੇ।
ਪੁੱਠੇ ਨਾਮ ਰੱਖਣਾ ਸਾਡੇ ਪਿੰਡਾਂ ਦਾ ਰਿਵਾਜ ਜਿਹਾ ਹੀ ਸੀ, ਖ਼ੈਰ ਮੇਰੇ ਨਾਲ ਦੇ ਅਤੇ ਵੱਡੀਆਂ ਜਮਾਤਾਂ ਦੇ ਮੁੰਡੇ, ਮੈਨੂੰ ਲੇਡੀ ਸੈਂਕਲ ਕਹਿਕੇ ਚੜਾਓਣ ਲੱਗ ਪਏ॥
ਸਾਡੇ ਸਕੂਲ ਦੀਆਂ ਕੁੜੀਆਂ ਵੀ, ਮੈਨੂੰ ਲੇਡੀ ਸੈਂਕਲ ਕਹਿਕੇ ਪਰੇ ਨੂੰ ਮੂੰਹ ਕਰਲੈਂਦੀਆਂ। ਮੈਨੂੰ ਬਹੁਤ ਦੁੱਖ ਹੁੰਦਾਂ, ਉਹਨਾਂ ਸਾਰੀਆਂ ਦੀ ਹਿੱੜ ਹਿੱੜ ਸੁਣਕੇ, ਪਰ ਮੈਨੂੰ ਗ਼ੁੱਸਾ ਉਹ ਵੱਡੀਆਂ ਕਲਾਸਾਂ ਦੇ ਮੁੰਡਿਆਂ ਤੇ ਆਉਂਦਾ ਜ਼ਿਹਨਾਂ ਮੇਰਾ ਇਹ ਪੁੱਠਾ ਨਾਂਓ ਰੱਖਿਆ ਸੀ। ਮੈਂ “ਲੇਡੀ ਸੈਂਕਲ” ਲੇਡੀ ਸੈਂਕਲ ਸੁਣਕੇ ਅੱਕ ਗਿਆ ਸੀ। ਅਣਸਰਦੇ ਨੂੰ ਪਿੰਡ ਵਿੱਚ ਪੰਚਾਇਤ ਦੀਆਂ ਵੋਟਾਂ ਆ ਗਈਆਂ, ਚਾਚਾ ਵੋਟਾਂ ਵਿੱਚ ਖੜ੍ਹਿਆ ਅਤੇ ਚੋਣ ਨਿਸ਼ਾਨ ਮਿਲਿਆ ਸਾਈਕਲ. ਪਰ ਹਰ ਕੋਈ ਕਹਿੰਦਾ, “ਜੀ, ਮੋਹਰ ਲੇਡੀ ਸੈਂਕਲ ਤੇ ਲਾਉਣੀਆਂ” ਪਰ ਮੈਂ ਕਹਿਣਾ, ਨਹੀਂ ਯਾਰ ਡੰਡੇ ਵਾਲਾ ਸੈਂਕਲ ਆ, ਸਾਰਿਆ ਨੇ ਖਿੱੜ ਖਿੱੜ ਹੱਸ ਪੈਣਾ।
ਹੁਣ ਪੰਜਤਾਲੀ ਸਾਲਾ ਬਾਅਦ, ਮੇਰੇ ਇਕ ਜਮਾਤੀ ਗੁਰਦੇਵ ਦਾ ਜਰਮਨੀ ਤੋ ਫ਼ੋਨ ਆਇਆ ਤੇ ਉਹਨੇ ਵੀ ਕਂਨਫਰਮ ਕੀਤਾ ਕਿ ਮੈਂ ਓਹੀ ਆ ਜੋ ਲੇਡੀ ਸੈਂਕਲ ਚਲਾਉਂਦਾ ਹੁੰਦਾ ਸੀ, ਪਰ ਮੈਨੂੰ ਹੁਣ ਗ਼ੁੱਸਾ ਨਹੀਂ ਆਇਆ, ਸਗੋਂ ਅਸੀਂ ਦੋਵੇਂ ਹੱਸਣ ਲੱਗ ਪਏ।
ਕਾਫ਼ੀ ਸਮੇਂ ਬਾਅਦ ਪਿਛਲੇ ਸਾਲ, ਮੇਰਾ ਪਿੰਡ ਗੇੜਾ ਲੱਗਿਆ ਤੇ ਸ਼ਾਮ ਵੇਲੇ ਮੈਂ ਸੈਰ ਕਰਨ ਨਿੱਕਲਿਆ, ਤਾਂ ਮੈਂ ਦੇਖਦਾਂ ਕੇ ਗੁਰੂਦੁਆਰੇ ਨੂੰ ਜਾਂਦੀ ਸੜਕ ਦੇ ਗੇਟ ਮੂਹਰੇ ਬਣੇ ਸ਼ੈਇੱਡ ਦੇ ਥੱਲੇ ਬੈਂਚਾਂ ਤੇ ਪੰਜ ਸੱਤ ਸਫ਼ੈਦ ਦਾੜ੍ਹੀਆਂ ਵਾਲੇ ਬਾਬੇ ਬੈਠੇ ਸਨ ਅਤੇ ਸਾਰਿਆ ਨੇ ਆਪਣੇ ਆਪਣੇ ਸਾਈਕਲ ਸਾਈਡ ਤੇ ਸਟੈਂਡ ਲਾਅਕੇ ਖੜੇ ਕੀਤੇ ਹੋਏ ਸਨ। ਮੈਂ ਦੇਖ ਕਿ ਹੈਰਾਨ ਰਹਿ ਗਿਆ, ਕਿ ਸਾਰੇ ਸਾਈਕਲ ਲੇਡੀ ਸਾਈਕਲ ਹੀ ਸਨ। ਮੈਂ ਰੁਕ ਗਿਆ ਤੇ ਪਹਿਚਾਣ ਕੀਤੀ ਕਿ ਇਹ ਤਾਂ ਉਹੀ ਮੇਰੇ ਸੀਨੀਅਰ ਮੁੰਡੇ ਨੇ ਜ਼ਿਹਨਾਂ ਦੀ ਧੋਲੀ ਦਾੜ੍ਹੀ ਹੋ ਗਈ ਆ, ਮੈਂ ਹੱਸਿਆ ਤੇ ਪੁੱਛਿਆ ਕਿਉਂ ਬਈ ਇਹ ਸਾਰੇ ਲੇਡੀ ਸਾਈਕਲਾਂ ਦਾ ਕੀ ਰਾਜ਼ ਆ, ਓਹ ਵੀ ਸਾਰੇ ਹੱਸ ਪਏ। ਕਹਿੰਦੇ ਬਈ ਹੁਣ ਗੋਡੇ ਨਹੀਂ ਮੁੜਦੇ ਤੇ ਡੰਡੇ ਵਾਲਾ ਸਾਈਕਲ ਨਹੀਂ ਚੱਲਦਾ, ਇਸ ਕਰਕੇ ਸਾਨੂੰ ਹੁਣ ਲੇਡੀ ਸਾਈਕਲ ਲੈਣੀ ਪੈ ਗਈ॥
ਭੱਜੀ ਘੁੰਗਰਾਣਾ