ਬਹੁਤ ਵਰੇ ਪਹਿਲੋਂ ਦਾ ਬਿਰਤਾਂਤ..ਵਾਕਿਫ ਰਿਟਾਇਰਡ ਪ੍ਰਿੰਸੀਪਲ ਜਲੰਧਰ ਵਿਆਹ ਤੇ ਚਲੇ ਗਏ..ਸਕੂਟਰ ਲਈ ਥਾਂ ਨਾ ਲੱਭੇ..ਪੁਲਿਸ ਆਖੇ ਕਿਸੇ ਵੱਡੇ ਲੀਡਰ ਨੇ ਆਉਣਾ ਸੀ ਇਥੇ ਨਾ ਲਾਓਂ..ਕੋਲ ਸੀਮੇਂਟ ਏਜੰਸੀ ਵਾਲਾ ਲਾਲਾ ਵੀ ਔਖਾ ਭਾਰਾ ਹੋਵੇ..ਮੇਰੀ ਡਿਲੀਵਰੀ ਵਾਲਾ ਟਰੱਕ ਆਉਣਾ..ਸੋਚੀ ਪੈ ਗਏ ਕੀ ਕੀਤਾ ਜਾਵੇ..!
ਕੋਲ ਨਿੱਕਾ ਜਿਹਾ ਮੁੰਡਾ ਅਮਰੂਦ ਵੇਚ ਰਿਹਾ ਸੀ..ਆਖਣ ਲੱਗਾ ਜੀ ਇਥੇ ਲਾ ਜਾਓ..ਖਿਆਲ ਰੱਖਾਂਗਾ..!
ਫੇਰ ਅੰਦਰ ਗਏ..ਖੁੱਲੀ ਗਰਾਉਂਡ..ਵਿਆਹ ਵਾਲਾ ਮੁੰਡਾ ਹੈਲੀਕਾਪਟਰ ਤੇ ਆਇਆ..ਖੁੱਲ੍ਹਾ ਖਰਚ..ਮਹਿੰਗੀਆਂ ਗੱਡੀਆਂ ਕੋਟ ਪੈਂਟ ਗਹਿਣੇ ਗੱਟੇ ਸੌ ਤਰਾਂ ਦੇ ਪਕਵਾਨ ਰਾਜਸੀ ਠਾਠ ਬਾਠ ਡੀ.ਜੇ ਭੰਗੜਾ ਪਾਉਂਦੇ ਮੁੰਡੇ ਕੁੜੀਆਂ..ਲੱਖਾਂ ਦਾ ਲੈਣ ਦੇਣ..!ਅਖੀਰ ਮਨ ਨਾ ਲੱਗਿਆ ਤਾਂ ਬੋਝਿਓਂ ਲਿਫ਼ਾਫ਼ਾ ਕੱਢ ਸਟੇਜ ਵੱਲ ਨੂੰ ਹੋ ਤੁਰੇ..ਅਖ਼ੇ ਸ਼ਗਨ ਪਾਵਾਂ ਤੇ ਛੇਤੀ ਬਾਹਰ ਨਿੱਕਲਾਂ ਇਸ ਰੌਲੇ ਰੱਪੇ ਵਿਚੋਂ..ਪਰ ਫੇਰ ਕੁਝ ਸੋਚ ਲਿਫ਼ਾਫ਼ਾ ਮੁੜ ਜੇਬ ਵਿਚ ਪਾ ਲਿਆ ਤੇ ਬਿਨਾ ਸ਼ਗਨ ਪਾਇਆਂ ਹੀ ਬਾਹਰ ਨਿੱਕਲ ਆਏ..ਬਾਹਰ ਬੈਠੇ ਮੁੰਡੇ ਦੇ ਅਮਰੂਦ ਭਾਵੇਂ ਕਦੇ ਦੇ ਵਿਕ ਗਏ ਸਨ ਪਰ ਸਕੂਟਰ ਦੀ ਰਾਖੀ ਲਈ ਅਜੇ ਵੀ ਬੈਠਾ ਸੀ..!
ਸ਼ਗਨ ਵਾਲਾ ਲਿਫ਼ਾਫ਼ਾ ਉਸਦੀ ਮੁੱਠੀ ਵਿਚ ਫੜਾਇਆ ਤੇ ਕਿੱਕ ਮਾਰ ਪਿੰਡ ਨੂੰ ਹੋ ਤੁਰੇ..ਉਹ ਹਮਾਤੜ ਮਗਰੋਂ ਵਾਜਾਂ ਮਾਰਦਾ ਹੀ ਰਹਿ ਗਿਆ!
ਇੰਜ ਹੀ ਜਲੰਧਰ ਜਾ ਰਹੇ ਸਾਂ..ਬੁਟਾਰੀ ਕੋਲ ਸੜਕ ਤੋਂ ਹਟਵਾਂ ਅਮਰੂਦਾਂ ਦਾ ਬਾਗ..ਇੱਕ ਹੌਲੀ ਉਮਰ ਦਾ ਮੁੰਡਾ ਸੜਕ ਕੰਢੇ ਪੱਲੀ ਤੇ ਕਿੰਨੇ ਸਾਰੇ ਅਮਰੂਦ ਖਲਾਰੀ ਬੈਠਾ ਸੀ..ਅਸੀਂ ਬ੍ਰੇਕ ਲਾ ਲਈ..ਏਨੇ ਸਾਰੇ ਬੰਦੇ ਵੇਖ ਪਤਾ ਨੀਂ ਡਰ ਗਿਆ ਸੀ ਕੇ ਸੰਗ ਗਿਆ..ਪੁਛੀਏ ਕੁਝ ਦੱਸੀ ਕੁਝ ਹੋਰ ਜਾਵੇ..ਅਖੀਰ ਕੋਲ ਬਾਗ ਵੱਲ ਨੂੰ ਨੱਸ ਗਿਆ ਅਖ਼ੇ ਡੈਡੀ ਨੂੰ ਸੱਦ ਲਿਆਉਂਦਾ..ਓਹੀ ਦੱਸੂ..!
ਸਾਡੇ ਵਿਚੋਂ ਇੱਕ ਆਖਣ ਲੱਗਾ ਇੱਕ ਦੋ ਚੁੱਕੋ ਤੇ ਚਲਦੇ ਬਣੀਏ..ਆਖੀ ਤੇ ਭਾਵੇਂ ਹਾਸੇ ਵਿਚ ਹੀ ਪਰ ਮੇਰੇ ਦਿਲ ਨੂੰ ਲੱਗ ਗਈ..ਮੈਂ ਚਾਰ ਪੰਜ ਚੁੱਕੇ ਤੇ ਸੌ ਸੌ ਦੇ ਦੋ ਨੋਟ ਚਾਦਰ ਹੇਠ ਰੱਖ ਦਿੱਤੇ..ਏਨੇ ਨੂੰ ਦੋਵੇਂ ਅਉਂਦੇ ਦਿਸ ਪਏ..ਸਾਨੂੰ ਅਮਰੂਦ ਚੁੱਕਦਿਆਂ ਵੇਖ ਲਿਆ ਪਰ ਰੌਲਾ ਨਹੀਂ ਪਾਇਆ ਤੇ ਨਾ ਹੀ ਦੁਹਾਈ ਹੀ ਦਿੱਤੀ..ਸ਼ਾਇਦ ਜਾਣਦੇ ਸਨ ਕੇ ਹੱਕ ਹਲਾਲ ਦੀ ਕਮਾਈ ਥੋੜੀ ਕੀਤੀਆਂ ਕਿਧਰੇ ਨਹੀਂ ਜਾਂਦੀ..!
ਕੁਝ ਲੋਕਾਂ ਕੋਲ ਗਵਾਉਣ ਲਈ ਬਹੁਤਾ ਕੁਝ ਨਹੀਂ ਹੁੰਦਾ ਤਾਂ ਵੀ ਬੇਫਿਕਰੀ ਅਤੇ ਬੇਪਰਵਾਹੀ ਦੇ ਆਲਮ ਵਿੱਚ ਝੱਟ ਲੰਘਾਉਂਦੇ ਨੇ ਕਿਓੰਕੇ ਜਾਣਦੇ ਹਨ ਕੇ ਜੋ ਅਜੇ ਕੱਲ ਨੂੰ ਵਾਪਰਨਾ ਉਸਦਾ ਫਿਕਰ ਕਿਓਂ ਤੇ ਜੋ ਬੀਤੇ ਦਿਨ ਵਾਪਰ ਗਿਆ ਉਸਦਾ ਜਿਕਰ ਕਿਓਂ..!
ਵਰਤਮਾਨ ਵਿਚ ਜਿਉਂਦੇ ਰਹਿਣ ਵਾਲੀ ਸ਼ੈਲੀ ਨੂੰ ਹੀ ਸ਼ਾਇਦ ਕਿਸੇ ਸਵਰਗ ਦਾ ਦੂਜਾ ਨਾਮ ਦਿੱਤਾ ਏ..!
ਹਰਪ੍ਰੀਤ ਸਿੰਘ ਜਵੰਦਾ