“ਗਰੀਬਾਂ ਦੀਆਂ ਸੁਨੱਖੀਆਂ ਧੀਆਂ ਆਪਣੇ ਪੈਸੇ ਦੇ ਦਮ ‘ਤੇ ਵਿਆਹ ਲਿਆਉਂਦੇ ਨੇ ਇਹ ਅੱਧਖੜ ਉਮਰ ਦੇ ਮਰਦ ਤੇ ਬੰਦ ਕਰ ਦਿੰਦੇ ਨੇ ਕੋਠੀਆਂ, ਹਵੇਲੀਆਂ ਦੀਆਂ ਚਾਰ ਦਿਵਾਰਾਂ ‘ਚ!” ਨਿੰਮੋ ਜੋ ਕਿ ਹੁਣ ਨਿਰਮਲ ਕੌਰ ਹੋ ਗਈ ਸੀ, ਸੋਚਦੀ-ਸੋਚਦੀ ਅਮੀਰਾਂ, ਠਾਕਰਾਂ, ਜਗੀਰਦਾਰਾਂ ਨਾਲ਼ ਘੋਰ ਨਫ਼ਰਤ ਕਰਨ ਲੱਗਦੀ।
ਆਪਣੇ ਪੇਕੇ ਵੀ ਨਾਂ ਜਾਂਦੀ, ਸੋਚਦੀ, “ਜੇ ਪੜ੍ਹਾਕੇ ਆਪਣੇ ਪੈਰਾਂ ਸਿਰ ਨੀਂ ਕਰ ਸਕਦੇ ਸੀ, ਜੰਮਿਆ ਕਿਉਂ ਸੀ, ਪੇਟ ‘ਚ ਈ ਕਿਉਂ ਨੀਂ ਮਾਰ ਦਿੱਤਾ?” ਤੇ ਇਉਂ ਉਹ ਭਰੂਣ-ਹੱਤਿਆ ਦੀ ਪੈਰਵਾਈ ਕਰਨ ਲੱਗਦੀ।
ਭਾਵੇਂ ਦੋ ਬੱਚੇ ਵੀ ਹੋ ਗਏ ਪਰ ਆਪਣੇ ਸੁਪਨਿਆਂ ਦੇ ਰਾਜਕੁਮਾਰ ਬਾਰੇ ਸਦਾ ਸੋਚਦੀ ਰਹਿੰਦੀ,”ਉਹ ਹੁੰਦਾ ਤਾਂ ਜ਼ਿੰਦਗੀ ਇਉਂ ਹੋਣੀ ਸੀ।”
ਨੰਬਰਦਾਰ ਜਦੋਂ ਨੇੜੇ ਆਉਂਦਾ ਤਾਂ ਉਹਨੂੰ ਇੳਂ ਮਹਿਸੂਸ ਹੁੰਦਾ ਜਿਵੇਂ ਕਿਸੇ ਓਪਰੇ ਮਰਦ ਨੇ ਉਹਦੀ ਬਾਂਹ ਫੜ੍ਹ ਲਈ ਹੋਵੇ। ਲੂੰ-ਕੰਡਾ ਖੜ੍ਹਾ ਹੋ ਜਾਂਦਾ, ਝਰਨਾਟ ਛਿੜ ਜਾਂਦੀ। ਉਹਦਾ ਜੀ ਕਰਦੈ ਬਾਂਹ ਛੁਡਾ ਕੇ ਕਿਤੇ ਦੂਰ ਭੱਜ ਜਾਵੇ।
ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ। ਪੰਦਰਾਂ ਜਨਵਰੀ, ਵੀਹ ਸੌ ਤੇਈ।