ਸ਼ਹਿਰੋਂ ਆਏ ਵਿਓਪਾਰੀਆਂ ਨੇ ਮੁਨਿਆਦੀ ਕਰਾ ਦਿੱਤੀ..ਬਾਂਦਰ ਚਾਹੀਦੇ..ਇੱਕ ਦੇ ਦੋ ਸੌ ਰੁਪਈਏ ਮਿਲਣਗੇ!
ਲੋਕਾਂ ਸਾਰੇ ਪਿੰਡ ਦੇ ਬਾਂਦਰ ਵੇਚ ਦਿੱਤੇ!
ਜਾਂਦੇ ਜਾਂਦੇ ਆਖ ਗਏ ਅਗਲੇ ਹਫਤੇ ਫੇਰ ਆਵਾਂਗੇ..ਓਦੋਂ ਇੱਕ ਦਾ ਤਿੰਨ ਸੌ ਮਿਲੇਗਾ..ਬਾਂਦਰ ਤਿਆਰ ਰਖਿਓ!
ਲੋਕ ਇਸ ਵੇਰ ਜੰਗਲ ਗਏ ਓਥੋਂ ਸਾਰੇ ਫੜ ਲਿਆਂਦੇ..ਲੜਾਈਆਂ ਹੋਈਆਂ..ਬਾਂਦਰ ਚੋਰੀ ਵੀ ਹੋਏ!
ਵਿਓਪਾਰੀ ਹਫਤੇ ਬਾਅਦ ਫੇਰ ਆਏ..ਇਸ ਵੇਰ ਇੱਕ ਦੇ ਤਿੰਨ ਸੌ ਦੇ ਗਏ..ਜਾਂਦੇ ਜਾਂਦੇ ਆਖ ਗਏ ਦੋ ਹਫਤਿਆਂ ਬਾਅਦ ਫੇਰ ਪਰਤਣਗੇ..ਓਦੋਂ ਇੱਕ ਦਾ ਪੰਜ ਸੌ ਮਿਲੇਗਾ!
ਹੁਣ ਮੁਸ਼ਕਲ ਹੋ ਗਈ..ਬਾਂਦਰ ਤਾਂ ਕੋਈ ਬਚਿਆ ਹੀ ਨਹੀਂ ਸੀ..ਨਾ ਪਿੰਡ ਤੇ ਨਾ ਜੰਗਲ ਵਿਚ..ਹੁਣ ਕੀ ਕੀਤਾ ਜਾਵੇ?
ਅਚਾਨਕ ਸ਼ਹਿਰੋਂ ਇੱਕ ਦਲਾਲ ਆਇਆ..ਆਖਣ ਲੱਗਾ ਬਾਂਦਰ ਮੈਥੋਂ ਲੈ ਲਵੋ..ਪਰ ਸਾਢੇ ਚਾਰ ਸੌ ਦਾ ਇੱਕ ਮਿਲੂ..ਤੁਸੀਂ ਅੱਗਿਓਂ ਪੰਜ ਸੌ ਦਾ ਇੱਕ ਵੇਚ ਹੀ ਲੈਣਾ..ਪੰਜਾਹ ਤਾਂ ਵੀ ਬਚ ਜਾਣੇ!
ਪਿੰਡ ਵਾਲਿਆਂ ਹੁਣ ਤੀਕਰ ਜਿੰਨੇ ਵੀ ਵੇਚੇ ਸਨ ਸਾਰੇ ਮੁੜ ਖਰੀਦ ਲਏ..ਤੇ ਉਡੀਕਣ ਲੱਗੇ..ਸ਼ਹਿਰੋਂ ਆਉਣ ਵਾਲੇ ਵਿਓਪਾਰੀਆਂ ਨੂੰ..!
ਪਰ ਪੰਦਰਾਂ ਦਿਨਾਂ ਬਾਅਦ ਕੋਈ ਨਾ ਆਇਆ..ਮਹੀਨਾ ਲੰਘ ਗਿਆ..ਦੋ ਮਹੀਨੇ ਵੀ..ਮੁੜ ਸਾਲ..ਪਰ ਸ਼ਹਿਰੋਂ ਆਉਂਦੇ ਸਾਰੇ ਰਾਹ ਸੁੰਨੇ ਦੇ ਸੁੰਨੇ ਹੀ ਰਹੇ..!
ਸੋ ਦੋਸਤੋ ਇਹੀ ਹੈ ਆਮ ਭਾਸ਼ਾ ਵਿਚ “ਪੰਪ ਐਂਡ ਡੰਪ” ਵਾਲਾ ਚੱਲਦਾ ਮੌਜੂਦਾ ਚੱਕਰ..ਜਿਸਦੇ ਤਹਿਤ ਲਾਕ-ਡਾਊਨ ਵੇਲੇ ਡੇਢ ਸੌ ਦਾ ਮਸੀਂ ਵਿਕਦਾ ਇੱਕ ਸ਼ੇਅਰ ਦਸ ਦਿਨ ਪਹਿਲੋਂ ਚਾਰ ਹਜਾਰ ਤੀਕਰ ਅੱਪੜ ਗਿਆ ਸੀ..ਪਰ ਹੁਣ ਅੱਧੀ ਕੀਮਤ ਤੇ ਵੀ ਕੋਈ ਨਹੀਂ ਪੁੱਛ ਰਿਹਾ..ਜਿਹਨਾਂ ਚਾਰ ਚਾਰ ਹਜਾਰ ਦਾ ਇਕ ਲਿਆ ਸੀ..ਅੱਜ ਦਿੱਲੀ ਵੱਲ ਵੇਖੀ ਜਾਂਦੇ ਸ਼ਾਇਦ ਕੋਈ ਐਲਾਨ ਹੋਵੇਗਾ..ਪਰ ਮਿੱਤਰੋ ਹਮ ਤੋਂ ਫਕੀਰ ਹੈਂ..ਝੋਲਾ ਪਕੜ ਨਿਕਲ ਜਾਵੇਂਗੇ..!
ਹਰਪ੍ਰੀਤ ਸਿੰਘ ਜਵੰਦਾ