ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਫੇਰੀ ਬਹੁਤ ਵਧੀਆ ਰਹੀ, ਬਾਬੇ ਨਾਨਕ ਦੀ ਧਰਤੀ ਨੂੰ ਜਾ ਮੱਥਾ ਟੇਕਿਆ ਅਰਦਾਸਾਂ ਬੇਨਤੀਆਂ ਕੀਤੀਆ ਮਨ ਸਵਾਦ ਗੜੂੰਦ ਹੋ ਗਿਆ।
ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਅਸੀਂ ਸੱਤ ਤਰੀਕ ਨੂੰ ਸਵੇਰੇ ਸਾਢੇ ਚਾਰ ਵਜੇ ਡੇਰਾ ਬਾਬਾ ਨਾਨਕ ਵੱਲ ਨੂੰ ਚਾਲੇ ਪਾ ਦਿੱਤੇ, ਮੇਰੇ ਨਾਲ ਮੇਰੀ ਧਰਮ ਪਤਨੀ , ਮੇਰੇ ਬੱਚੇ ਅਤੇ ਬੱਚਿਆਂ ਦੇ ਨਾਨਾ ਜੀ ਨਾਲ ਸਨ , ਕਰੀਬਨ 210-220 ਕਿਲੋਮੀਟਰ ਸੀ ਡੇਰਾ ਬਾਬਾ ਨਾਨਕ।
ਚਲਦੇ ਚਲਦੇ ਸਵੇਰੇ 7-8 ਵਜੇ ਦੇ ਕਰੀਬ ਪਹੁੰਚ ਗਏ । ਅਧਾਰ ਕਾਰਡ, ਪਾਸਪੋਰਟ ਅਤੇ I T ਫਾਰਮ ਚੈੱਕ ਕਰਵਾ , ਅਸੀਂ ਅੰਦਰ ਚਲੇ ਗਏ, ਇਮੀਗ੍ਰੇਸ਼ਨ ਵਿੱਚ ਮੇਰੇ ਬੱਚਿਆਂ ਦੇ ਮਾਮਾ ਜੀ ਦੇ ਦੋਸਤਾਂ ਨੇ ਸਾਡੀ ਬਹੁਤ ਮੱਦਦ ਕੀਤੀ, ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ, ਚਾਹ ਪਾਣੀ ਪਿਆਇਆ, ਸਭ ਕੁਝ ਚੈਕ ਕਰਵਾ, ਅਸੀਂ ਜ਼ੀਰੋ ਲਾਈਨ ਤੇ ਪਹੁੰਚ ਗਏ, ਉਧਰਲੇ ਪਾਸਿਉਂ ਉਨ੍ਹਾਂ ਦੀ ਗੱਡੀ ਨੇ ਸਾਨੂੰ ਪਾਕਿਸਤਾਨ ਇਮੀਗ੍ਰੇਸ਼ਨ ਕੋਲ ਪਹੁੰਚਾ ਦਿੱਤਾ, ਉਥੇ ਵੀ ਦੁਬਾਰਾ ਤੋਂ ਸਾਰੇ ਕਾਗਜ਼ਾਂ ਦੀ ਚੈਕਿੰਗ ਹੋਈ, ਫਿੰਗਰ ਪ੍ਰਿੰਟ ਕਰਵਾ, ਅਸੀਂ ਬੱਸ ਵਿਚ ਬੈਠ ਗਏ ।
ਹੁਣ ਅਸੀਂ ਗੁਰੂਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ, ਬਸ ਦੋ ਚਾਰ ਮਿੰਟ ਦੇ ਵਕਫੇ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਸਾਹਮਣੇ ਸਾਂ। ਬੜਾ ਹੀ ਮਨਮੋਹਕ ਦ੍ਰਿਸ਼ ਅੱਖਾਂ ਸਾਹਮਣੇ,ਮਨ ਬਹੁਤ ਠੰਢਕ ਮਹਿਸੂਸ ਕਰ ਰਿਹਾ ਸਾਂ, ਮਨ ਤੇ ਦਿਲ ਬਹੁਤ ਖੁਸ਼ ਸਨ ਕਿ ਜਿਥੇ ਬਾਬੇ ਨਾਨਕ ਨੇ ਕਿਸੇ ਸਮੇਂ ਖੇਤੀ ਕੀਤੀ ਸੀ ਜਾਂ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਸਨ , ਅਸੀਂ ਉਸ ਪਵਿੱਤਰ ਧਰਤੀ ਨੂੰ ਸਤਿਕਾਰ ਸਹਿਤ ਨਮਸਕਾਰ ਕਰਨ ਆਏ ਹਾਂ ।
ਜ਼ੀਰੋ ਲਾਈਨ ਤੋਂ ਪਾਰ ਜਾਣ ਦਾ ਅਨੁਭਵ ਵੱਖਰਾ ਸੀ, ਸ਼ਬਦੀ ਬਿਆਨ ਨਹੀਂ ਕੀਤਾ ਜਾ ਸਕਦਾ
ਅੰਦਰ ਜਾ ਜੋੜੇ ਵਗੈਰਾ ਜਮ੍ਹਾਂ ਕਰਵਾਉਣ ਉਪਰੰਤ , ਦਰਬਾਰ ਸਾਹਿਬ ਵੱਲ ਨੂੰ ਚੱਲੇ ਪਏ, ਆਸੇ ਪਾਸੇ ਨਿਗ੍ਹਾ ਮਾਰੀ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ, ਦਰਬਾਰ ਸਾਹਿਬ ਦੇ ਮੁੱਖ ਗੇਟ ਤੋਂ ਪਹਿਲਾਂ ਬਾਬਾ ਜੀ ਦੀ ਮਜ਼ਾਰ, ਮੁਸਲਿਮ ਭਾਈਚਾਰੇ ਵੱਲੋਂ ਉਹਨਾਂ ਦੇ ਫੁੱਲ ਦਫਨ ਕੀਤੇ ਹੋਏ ਹਨ, ਉਸਦੇ ਦਰਸ਼ਨ ਕੀਤੇ, ਫੇਰ ਅੰਦਰ ਜਾ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦੇ ਸ਼ਰੀਰ ਦਾ ਸੰਸਕਾਰ ਜਿਥੇ ਕੀਤਾ ਸੀ ਉਸ ਥਾਂ ਦੇ ਦਰਸ਼ਨ ।
ਦਰਬਾਰ ਸਾਹਿਬ ਉਪਰ ਹੈ, ਪੌੜੀਆਂ ਚੜ੍ਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੇ ਦਰਸ਼ਨ ਕਰ, ਸੀਸ ਨਿਵਾਇਆ ਉਪਰੰਤ ਅਰਦਾਸ, ਬੇਨਤੀਆਂ, ਜੋਦੜੀਆਂ ਸੱਚੇ ਪਾਤਸ਼ਾਹ ਅੱਗੇ ਕੀਤੀਆਂ , ਜਪਜੀ ਸਾਹਿਬ ਜੀ ਦੇ ਜਾਪ ਇਕ ਮਨ ਇਕ ਚਿੱਤ ਹੋ ਕੀਤਾ , ਉਪਰੰਤ ਕੜਾਹ ਪ੍ਰਸ਼ਾਦ ਲੈ ਹੇਠਾਂ ਉਤਰ ਆਏ, ਇਸ ਤੋਂ ਥੋੜ੍ਹੀ ਦੂਰ ਅੱਗੇ ਧੰਨ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਖੂਹ ਜਿਸ ਤੋਂ ਉਹ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਸਨ,ਉਸ ਦੇ ਦਰਸ਼ਨ ਕੀਤੇ , ਅਤੇ ਉਸ ਨਾਲ ਇਕ ਬੰਬ ਨੂੰ ਸ਼ੀਸ਼ੇ ਵਿੱਚ ਜੜਾ ਕੇ ਵੀ ਰੱਖਿਆ ਗਿਆ ਹੈ , ਜੋ ਕਿ ਉਹਨਾਂ ਦੇ ਦੱਸੇ ਅਨੁਸਾਰ ਭਾਰਤੀ ਫੌਜ ਵੱਲੋਂ ਸੁੱਟਿਆ ਗਿਆ ਸੀ ਤੇ ਉਹ ਪਵਿੱਤਰ ਖੂਹ ਵਿੱਚ ਗਿਰ ਗਿਆ ਸੀ ਪਰ ਫਟਿਆ ਨਹੀਂ ਸੀ ,
ਹੁਣ ਅਸੀਂ ਗੁਰਦੁਆਰਾ ਸਾਹਿਬ ਦਾ ਇਕ ਚੱਕਰ ਲਾ, ਲੰਗਰ ਸਾਹਿਬ ਵੱਲ ਨੂੰ ਚੱਲ ਪਏ, ਬਹੁਤ ਹੀ ਖੂਬਸੂਰਤ, ਬਹੁਤ ਹੀ ਸੁਆਦੀ ਲੰਗਰ ਸ਼ਕਿਆ, ਕਿਸੇ ਵੀ ਕਿਸਮ ਦਾ ਓਪਰਾ ਮਹਿਸੂਸ ਨਹੀਂ ਹੋਇਆ, ਥੋੜੀ ਬਹੁਤ ਸੇਵਾ ਲੰਗਰ ਵਿੱਚ ਵੀ ਕੀਤੀ ,ਉਪਰੰਤ ਲੰਗਰ ਦੇ ਸੇਵਾਦਾਰ ਨਾਲ ਗੱਲਬਾਤ ਵੀ ਕੀਤੀ ।
ਇੱਕ ਗੱਲ ਮੈਨੂੰ ਉਨ੍ਹਾਂ ਦੀ ਬਹੁਤ ਚੰਗੀ ਲੱਗੀ ਜੋ ਕਿ ਸਾਦਗੀ ਨਾਲ ਭਰਪੂਰ ਲੋਕ , ਗਰੀਬੀ ਹੋਣ ਦੇ ਬਾਵਜੂਦ ਵੀ ਖੁਸ਼ਦਿਲ ਆਪਣਾਪਣ ਵਿਖਾਉਂਦੇ ਲੋਕ, ਅਥਾਅ ਪਿਆਰ ਵੰਡਦੇ ਮਿਲੇ ।
ਨਾਲ ਦੀ ਨਾਲ ਪਾਕਿਸਤਾਨੀ ਭੈਣਾਂ-ਭਰਾਵਾਂ ਨਾਲ ਤਸਵੀਰਾਂ ਖਿਚਵਾਈਆਂ, ਗੱਲਾਂ ਬਾਤਾਂ ਵੀ ਕੀਤੀਆਂ, ਵਿਚਾਰ ਵਟਾਂਦਰੇ ਵੀ ਸਾਂਝੇ ਕੀਤੇ, ਓਥੇ ਇੱਕ ਸੋਹਣੇ ਪਰਿਵਾਰ ਦੇ ਵੀ ਦਰਸ਼ਨ ਹੋਏ , ਪਿਆਰੀ ਜਿਹੀ ਇੱਕ ਧੀ ਨੂੰ ਵੀ ਮਿਲੇ, ਉਸਦਾ ਮਾਸੂਮ ਜਿਹਾ ਚਿਹਰਾ ਬਹੁਤ ਕੁਝ ਬਿਆਨ ਕਰ ਰਿਹਾ ਸੀ, ਪਰ ਅਫਸੋਸ ਕਿ ਮੈਂ ਉਸ ਨਾਲ ਕੋਈ ਗੱਲਬਾਤ ਨਹੀਂ ਕਰ ਸਕਿਆ, ਉਹਦਾ ਸਿਰ ਪਲੋਸਿਆ ਤੇ ਆਸ਼ੀਰਵਾਦ ਦੇ ਰੂਪ ਵਿੱਚ ਕੁਝ ਭੇਂਟ ਵੀ ਕੀਤਾ , ਬਹੁਤ ਹੀ ਪਿਆਰੀ ਬੱਚੀ, ਪਰਮਾਤਮਾ ਉਸ ਨੂੰ ਲੰਮੀਆਂ ਉਮਰਾਂ ਨਾਲ ਨਿਵਾਜ਼ੇ, ਜਿਹੜੀ ਹੁਣ ਮੇਰੇ ਚੇਤਿਆਂ ਵਿੱਚ ਵਸ ਗਈ ਸੀ ।
ਲਾਗੇ ਬਾਜ਼ਾਰ ਵਿੱਚ ਵੀ ਇੱਕ ਚੱਕਰ ਲਾਇਆ , ਥੋੜਾ ਬਹੁਤ ਖਰੀਦੋ ਫਰੋਖਤ ਵੀ ਕੀਤੀ , ਬਾਬੇ ਨਾਨਕ ਦੇ ਖੇਤਾਂ ਦੇ ਦਰਸ਼ਨ ਵੀ ਕੀਤੇ , ਬੜਾ ਚੰਗਾ ਲੱਗਿਆ । ਦੂਰ-ਦੂਰ ਤੱਕ ਨਜ਼ਰ ਘੁਮਾਈ , ਆਲੇ ਦੁਆਲੇ ਦੇ ਦਰਸ਼ਨ ਕੀਤੇ , ਸਕਿਉਰਟੀ ਦਾ ਵੀ ਪੂਰਾ ਪ੍ਰਬੰਧ ਕੀਤਾ ਵੇਖਿਆ ,
ਵਕਤ ਰਹਿੰਦਿਆ ਅਸੀਂ ਵਾਪਸੀ ਦੀ ਤਿਆਰੀ ਵਿੱਚ ਰੁੱਝ ਗਏ, ਬਹੁਤ ਸਾਰੀਆਂ ਯਾਦਾਂ ਲੈ ਵਾਪਸ ਆਪਣੇ ਵਤਨ ਆ ਗਏ ,ਪਰ ਦਿਲ ਤੇ ਦਿਮਾਗ ਵਿਚ ਉਹੀ ਧਰਤੀ, ਉਹੀ ਲੋਕ ਘੁੰਮਦੇ ਰਹੇ ।
ਸ਼ਾਲਾ ਰੱਬ ਸੱਚਾ ਉਹਨਾਂ ਲੋਕਾਂ ਤੇ ਮਿਹਰ ਭਰਿਆ ਹੱਥ ਰੱਖੇ ,ਤੰਦਰੁਸਤੀ ਬਖਸ਼ੇ ,
ਇਹੀ ਮੇਰੀ ਦਿਲੀ ਅਰਦਾਸ ਹੈ।
✍️ ਗੁਰਮੀਤ ਸਿੰਘ ਘਣਗਸ
9872617880