ਤੜਕੇ ਹੀ ਬੀਜੀ ਦਾ ਪਾਰਾ ਸਤਵੇਂ ਆਸਮਾਨ ਤੇ ਸੀ..ਲੰਘੀ ਰਾਤ ਸ਼ਾਇਦ ਕੋਈ ਭੈੜਾ ਸੁਫਨਾ ਵੇਖ ਲਿਆ ਸੀ..!
ਸਾਰੇ ਬਚ ਰਹੇ ਸਨ ਪਰ ਦਾਦੇ ਹੂਰੀ ਰੇਂਜ ਵਿੱਚ ਆ ਗਏ..ਆਪੋ ਵਿੱਚ ਬਹਿਸ ਹੋ ਗਈ..ਪਹਿਲੋਂ ਢੇਰ ਸਾਰੀਆਂ ਝਿੜਕਾਂ ਦੇ ਦਿੱਤੀਆਂ..ਫੇਰ ਓਹਨਾ ਨੂੰ ਕਿਸੇ ਕੰਮ ਟਿਊਬਵੈਲ ਤੇ ਘੱਲ ਦਿੱਤਾ..ਉਹ ਚੁੱਪ ਚੁਪੀਤੇ ਮੋਢੇ ਤੇ ਪਰਨਾ ਸੁੱਟ ਬਾਹਰ ਨੂੰ ਨਿੱਕਲ ਗਏ..!
ਅੱਗਿਓਂ ਬੰਦ ਹੋਈ ਬੰਬੀ ਅਤੇ ਸੁੱਕ ਗਏ ਨਕਾਲ ਨੂੰ ਵੇਖ ਨਿੱਕੇ ਚਾਚੇ ਦਵਾਲੇ ਹੋ ਗਏ..ਦਿਲ ਖੋਲ ਕੇ ਝਿੜਕਾਂ ਦਿੱਤੀਆਂ!
ਭਰਿਆ ਭੀਤ ਚਾਚਾ ਘਰੇ ਪਰਤ ਆਇਆ..ਚਾਚੀ ਨੇ ਰੋਟੀ ਵਾਲਾ ਥਾਲ ਅੱਗੇ ਲਿਆ ਧਰਿਆ..ਸਬਜੀ ਵਿੱਚ ਲੂਣ ਜਿਆਦਾ ਵੇਖ ਚਾਚੀ ਦੀ ਕਲਾਸ ਲਾ ਦਿੱਤੀ..ਲਾਈ ਵੀ ਮੇਰੇ ਸਾਮਣੇ..ਮੇਰਾ ਹਾਸਾ ਨਿੱਕਲ ਗਿਆ..ਮਸੀਂ ਹੀ ਡੱਕਿਆ..ਪਰ ਉਸਨੇ ਵੇਖ ਲਿਆ!
ਸ਼ਾਮੀਂ ਮੈਨੂੰ ਪੜਾਉਣ ਬੈਠੀ ਤਾਂ ਅੱਗੇ ਨਾਲੋਂ ਕੁਝ ਜਿਆਦਾ ਹੀ ਸਖਤ ਲੱਗੀ..ਗਲਤ ਸਵਾਲ ਵੇਖ ਪਹਿਲੋਂ ਝਿੜਕਾਂ ਦਿੱਤੀਆਂ ਮੁੜਕੇ ਮੇਰੇ ਕੰਨ ਪੁੱਟ ਦਿੱਤੇ..!
ਮੈਂ ਆਪਣਾ ਸਾਰਾ ਗੁੱਸਾ ਅੰਦਰ ਪੀ ਗਿਆ ਤੇ ਬਹਾਨੇ ਨਾਲ ਬਾਹਰ ਖੇਡਣ ਨਿੱਕਲ ਗਿਆ..!
ਬਾਹਰ ਗੇਟ ਤੇ ਬੈਠਾ ਕਾਲਾ ਕੁੱਤਾ..ਅੱਗੇ ਪਿੱਛੇ ਹਮੇਸ਼ਾਂ ਦੁੰਮ ਹਿਲਾਉਂਦਾ ਮਿਲਦਾ ਪਰ ਅੱਜ ਉੱਚੀ ਉੱਚੀ ਭੌਂਕਣ ਲੱਗਾ..ਬੜਾ ਗੁੱਸਾ ਚੜਿਆ..ਢੇਮ ਚੁੱਕੀ ਤੇ ਓਧਰ ਚਲਾ ਦਿੱਤੀ..ਸਿੱਧੀ ਲੱਤ ਤੇ ਵੱਜੀ..ਚੂੰ-ਚੂੰ ਕਰਦਾ ਦੂਰ ਭੱਜ ਗਿਆ!
ਅਗਲੀ ਸੁਵੇਰ ਰੌਲਾ ਪੈ ਗਿਆ..ਗੁਰੂਦੁਆਰੇ ਗਈ ਬੀਜੀ ਨੂੰ ਓਸੇ ਗੇਟ ਵਾਲੇ ਕੁੱਤੇ ਨੇ ਦੰਦ ਲਾ ਦਿੱਤੇ..!
ਸਾਰੇ ਬੀਜੀ ਕੋਲ ਬੈਠੇ ਸਨ..ਕਿੰਨੇ ਖਬਰ ਸਾਰ ਲੈਣ ਵੀ ਆ ਰਹੇ ਸਨ..ਪਰ ਚਾਚਾ ਕੁੱਤੇ ਮਗਰ ਸੀ..ਕਿਧਰੇ ਹਲਕਾਇਆ ਤੇ ਨਹੀਂ ਸੀ ਪਰ ਮੈਂ ਜਾਣਦਾ ਸਾਂ ਕੇ ਉਹ ਠੀਕ ਏ..ਉਸਨੇ ਤਾਂ ਸਿਰਫ ਇੱਕ ਕੁਦਰਤੀ ਚੱਕਰ ਹੀ ਪੂਰਾ ਕੀਤਾ..ਉਹ ਚੱਕਰ ਜਿਸ ਅਧੀਨ ਪਾਣੀ ਭਾਵੇਂ ਜਿੰਨਾ ਮਰਜੀ ਨਿਵਾਣ ਵੱਲ ਨੂੰ ਵਗੇ..ਅਖੀਰ ਨੂੰ ਸਮੁੰਦਰ ਵਿੱਚ ਰਲ ਭਾਫ ਬਣ ਇੱਕ ਦਿਨ ਉਤਾਂਹ ਵੱਲ ਨੂੰ ਉੱਡਣਾ ਹੀ ਪੈਂਦਾ..ਫੇਰ ਮੀਂਹ ਬਣ ਗਲੀਆਂ ਨਾਲੀਆਂ ਥਣੀਂ ਵਹਿ ਕੇ ਦਰਿਆ ਦਾ ਹਿੱਸਾ ਬਣ ਸਮੁੰਦਰ ਵਿੱਚ ਲੀਨ ਹੋ ਜਾਣ ਵਾਲਾ ਚੱਲਦਾ ਸਦੀਆਂ ਪੂਰਾਣਾ ਚੱਕਰ!
ਹਰਪ੍ਰੀਤ ਸਿੰਘ ਜਵੰਦਾ