ਡਿੰਪੀ ਮੱਛਰ ਜਦੋਂ ਦਾ ਜੁਆਨ ਹੋਇਆ ਉਸੇ ਵੇਲ਼ੇ ਤੋਂ ਗੰਦੀ ਨਾਲ਼ੀ ਦੇ ਦੂਜੇ ਸਿਰੇ ਤੇ ਆਪਣੇ 400 ਭੈਣ ਭਾਈਆਂ ਨਾਲ ਰਹਿੰਦੀ ਡੇਜ਼ੀ ਮੱਛਰੀ ਤੇ ਨਿਗ੍ਹਾ ਰੱਖੀ ਫਿਰਦਾ ਸੀ।ਅਤੇ ਸੌ ਝੂਠ ਬੋਲਣ ਅਤੇ 56 ਪਾਪੜ ਵੇਲਣ ਬਾਅਦ ਅੱਜ ਮੱਛਰੌਲੀ ਮੰਡੀ ਵਿੱਚ ਲੱਗੇ ਮੇਲੇ ਦੌਰਾਨ ਡੇਜ਼ੀ ਨੇ ਡਿੰਪੀ ਨੂੰ ਹਾਮੀ ਭਰੀ ਸੀ।ਡਿੰਪੀ ਮੱਛਰ ਖ਼ੁਸ਼ੀ ਵਿੱਚ ਡੇਜ਼ੀ ਦੁਆਲੇ ਭੂਆਂਟਣੀਆਂ ਲੈਂਦਾ ਲੁਡੀਆਂ ਪਾ ਰਿਹਾ ਸੀ।ਇੰਨੀ ਦੇਰ ਨੂੰ ਗਲ਼ੀ ਵਿੱਚੋ ਮਨੁੱਖਾ ਦਾ ਜੁਆਨ ਜੋੜਾ ਨਿਕਲਿਆ ਜਿਸਨੂੰ ਦੇਖਦਿਆਂ ਹੀ ਡੇਜ਼ੀ ਨੇ ਤਿਉੜੀਆਂ ਚੜ੍ਹਾ ਆਪਣੇ ਪ੍ਰੇਮੀ ਡਿੰਪੀ ਨੂੰ ਵਖ਼ਤ ਪਾ ਦਿੱਤਾ।
ਡੇਜ਼ੀ ਬੋਲੀ ‘ ਵੇ ਡਿੰਪੀ ਮੱਛਰ ਦੇਖ ਕਿੰਨੀ ਸੋਹਣੀ ਜੋੜੀ ਵੇ”।
ਡਿੰਪੀ ਮੱਛਰ ਨੂੰ ਇਹ ਦੇਖ ਬੜ੍ਹਾ ਕ੍ਰੋਧ ਆਇਆ ਕੇ ਉਹਦੀ ਪ੍ਰੇਮਿਕਾ ਕਿਸੇ ਹੋਰ ਨੂੰ ਕਿਉਂ ਦੇਖ ਰਹੀ ਏ।ਡਿੰਪੀ ਨੇ ਛਾਤੀ ਫੁਲਾ ਕੇ ਕਿਹਾ ਡਿੰਪੀ ‘ਛੱਡ ਪਰੇ ਇਹ੍ਹਨਾਂ ਦੀ ਕੀ ਔਕਾਤ ਏ ਮੇਰੇ ਅੱਗੇ ਇਹ੍ਹ ਮੇਰੇ ਤੇਰੇ ਵਾਂਗੂੰ ਉੱਡ ਨਹੀਂ ਸੱਕਦੇ।ਉਸ ਲਈ ਇਹ੍ਹਨਾਂ ਨੂੰ ਜਹਾਜ਼ ਚਾਹੀਦਾ।ਨਾ ਇਹ੍ਹ ਸਾਡੇ ਵਾਂਗੂੰ ਸਾਰੀ ਰਾਤ ਗਾਣਾ ਗਾ ਸਕਦੇ।ਹੋਰ ਤੇ ਹੋਰ ਇਹ੍ਹ ਬੱਚਾ ਪੈਦਾ ਕਰਨ ਵਿਚ ਵੀ 9 ਮਹੀਨੇ ਲਾ ਦਿੰਦੇ ਆਲਸੀ ਕਿਸੇ ਥਾਂ ਦੇ ਅਸੀਂ ਤਾਂ ਇੰਨੇ ਚਿਰ ਵਿਚ ਪੂਰੀ ਫੌਜ ਤਿਆਰ ਕਰ ਦੇਈਏ”।
ਡਿੰਪੀ ਡੇਜ਼ੀ ਦੇ ਕੰਨ ਕੋਲ ਮੂੰਹ ਕਰ ਕੇ ਫੁਸਫੁਸਾ ਰਿਹਾ ਸੀ’ਇਹ੍ਹ ਤਾਂ ਸੰਸਾਰ ਦੀ ਸੱਭ ਤੋਂ ਨਿਕੰਮੀ ਕਿਸਮ ਏ ਜੋ ਔਜ਼ਾਰਾਂ ਹਥਿਆਰਾਂ ਅਤੇ ਮਸ਼ੀਨਾਂ ਕੰਪਿਊਟਰਾਂ ਦੇ ਆਸਰੇ ਨਾਲ ਟਾਈਮ ਪਾਸ ਕਰਦੀ ਏ”।
ਡੇਜ਼ੀ ਵੀ ਡਿੰਪੀ ਦੇ ਮਨੁੱਖ ਬਾਰੇ ਵਿਚਾਰ ਸੁਣ ਕੇ ਲਹਿਰ ਵਿੱਚ ਆ ਗਈ ਤੇ ਹੂੰਅ ਭੁੰਅ ਕਰਕੇ ਝੱਟਕੇ ਲੱਟਕੇ ਮਾਰਦੀ ਡਿੰਪੀ ਦੀ ਝੋਲੀ ਆਣ ਡਿੱਗੀ।’ਹਾਂ ਬਣੇ ਫਿਰਦੇ ਵੱਡੇ ਮਨੁੱਖ ਪਰ ਸਾਡੀ ਬਰਾਬਰੀ ਕਦੇ ਨਹੀਂ ਕਰ ਸੱਕਦੇ।ਤੇ ਦੋਂਵੇਂ ਖੀਵੇ ਹੋ ਕੇ ਮਸਤ ਹੋ ਗਏ।
ਚੰਨਣ ਸਿੰਘ ਹਰਪੁਰਾ
ਸੀਏਟਲ ਤੋਂ