11 ਮਈ 1922 ਈਸਵੀ
ਸੂੰਢ ਪਿੰਡ , ਜਿਸਨੂੰ ਮਕਸੂਦਪੁਰ ਵੀ ਕਹਿੰਦੇ ਸਨ , ਉਥੋਂ ਦੇ ਹਰੀ ਸਿੰਘ ਜੋ ਕਨੇਡਾ ਤੋਂ ਗ਼ਦਰ ਲਹਿਰ ਵਿੱਚ ਸ਼ਾਮਲ ਹੋਣ ਆਏ ਸਨ , ਪਹਿਲਾਂ ਕਾਂਗਸੀ ਤੇ ਫਿਰ ਅਕਾਲੀ ਲਹਿਰ ਵਿਚ ਸ਼ਾਮਲ ਹੋਏ। ਪਿੰਡ ਦੇ ਗ੍ਰੰਥੀ ਦੀ ਲੜਕੀ ਨਾਲ ਉਹਨਾਂ ਨੇ ਆਪਣੇ ‘ਨੰਦ ਪੜਵਾਏ।ਪਿੰਡ ਦੇ ਕੁਝ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਵਿਰੋਧੀ ਧਿਰ ਦਾ ਆਗੂ ਸਰਕਾਰੀ ਝੋਲੀ ਝੁੱਕ ਲੰਬੜਦਾਰ ਸ਼ੇਰ ਸਿੰਘ ਸੀ । ਸਮੇਂ ਤੇ ਹਲਾਤਾਂ ਨਾਲ ਇਹ ਦੋਨੋਂ ਧੜੇ ਦੇਸ਼ ਭਗਤ ਤੇ ਅੰਗਰੇਜ਼ ਝੋਲੀ ਝੁਕ ਦੇ ਰੂਪ ਵਿਚ ਬਦਲ ਗਏ। ਇਹਨਾਂ ਦਿਨਾਂ ਵਿੱਚ ਹਰੀ ਸਿੰਘ ਗ੍ਰਿਫਤਾਰ ਹੋ ਗਿਆ । ਲੰਬੜਦਾਰ ਨੇ ਥੋੜਾ ਹੱਥ ਪੱਲਾ ਮਾਰ ਹਰੀ ਸਿੰਘ ਦੇ ਵੱਡੇ ਭਰਾ ਭਾਈ ਅਰਜਨ ਸਿੰਘ ਦੇ ਵਾਰੰਟ ਕੜਵਾ ਦਿੱਤੇ । ਭਾਈ ਅਰਜਨ ਸਿੰਘ ਬੱਬਰਾਂ ਨਾਲ ਰੱਲਣ ਦਾ ਮਨ ਬਣਾ ਤੇ ਇਹਨਾਂ ਸਰਕਾਰੀ ਝੋਲੀ ਝੁੱਕਾਂ ਨੂੰ ਜੜੋ ਪੁਟਣ ਦੀ ਕਾਮਨਾ ਲੈ , ਭਾਈ ਕਿਸ਼ਨ ਸਿੰਘ ਹੁਣਾ ਦੀ ਤਲਾਸ਼ ਵਿਚ ਤੁਰਿਆ ਤਾਂ ਨਕਦੀਪੁਰ ਪਿੰਡ ਵਿਚ ਇਸਦਾ ਮਿਲਾਪ ਭਾਈ ਕਿਸ਼ਨ ਸਿੰਘ , ਭਾਈ ਸੁੰਦਰ ਸਿੰਘ ਤੇ ਗਿਆਨੀ ਕਰਤਾਰ ਸਿੰਘ ਗੋਂਦਪੁਰ ਨਾਲ ਹੋਇਆ।ਸਾਰੀ ਗੱਲ ਭਾਈ ਅਰਜਨ ਸਿੰਘ ਨੇ ਸੁਣਾਈ ਤੇ ਇਹਨਾਂ ਨੂੰ ਆਪਣੇ ਨਾਲ ਚੱਲਣ ਲਈ ਕਿਹਾ । ਗਿਆਨੀ ਕਰਤਾਰ ਸਿੰਘ ਹੁਣਾਂ ਨੂੰ ਕੋਈ ਜ਼ਰੂਰੀ ਕੰਮ ਸੀ ਤੇ ਉਹ ਨਾਲ ਨ ਤੁਰੇ , ਦੂਜੇ ਦੋਵੇਂ ਸਿੰਘ ਭਾਈ ਅਰਜਨ ਸਿੰਘ ਨਾਲ ਸੂੰਢ ਪਿੰਡ ਵੱਲ ਤੁਰ ਪਏ।ਰਸਤੇ ਵਿੱਚ ਇਹਨਾਂ ਨੂੰ ਸੂੰਢ ਪਿੰਡ ਵੱਲ ਜਾਂਦਾ ਇਹਨਾਂ ਦਾ ਸਾਥੀ ਭਾਈ ਚਤਰ ਸਿੰਘ ਕੰਦੋਲਾ ਵੀ ਮਿਲਿਆ ਜੋ ਮਿਲਖੀ ਰਾਮ ਕੋਲ ਜਾ ਰਿਹਾ ਸੀ । ਇਹ ਸੰਗ ਜਦ ਸੂੰਢ ਪਿੰਡ ਪੁਜਾ ਤਾਂ ਭਾਈ ਚਤਰ ਸਿੰਘ ਤਾਂ ਮਿਲਖੀ ਰਾਮ ਦੀ ਹੱਟੀ ਤੇ ਚਲਾ ਗਿਆ ਤੇ ਦੂਜੇ ਦੋਵੇਂ ਸਿੰਘ ਭਾਈ ਕਿਸ਼ਨ ਸਿੰਘ ਤੇ ਭਾਈ ਸੁੰਦਰ ਸਿੰਘ , ਭਾਈ ਅਰਜਨ ਸਿੰਘ ਦੇ ਘਰ ਚਲੇ ਗਏ।ਜਦ ਇਥੇ ਫਿਰ ਭਾਈ ਅਰਜਨ ਸਿੰਘ ਨੇ ਚਕਰਵਰਤੀ ਜੱਥੇ ਵਿਚ ਸ਼ਾਮਲ ਹੋਣ ਦੀ ਗੱਲ ਕੀਤੀ ਤਾਂ ਭਾਈ ਕਿਸ਼ਨ ਸਿੰਘ ਹੁਣਾ ਨੇ ਬੜੇ ਪਿਆਰ ਨਾਲ ਸਮਝਾਇਆ ਕੇ ਅਜੇ ਤੁਹਾਡਾ ਸਮਾਂ ਜੱਥੇ ਵਿਚ ਸ਼ਾਮਲ ਹੋਣ ਦਾ ਨਹੀਂ , ਤੁਸੀਂ ਅਜੇ ਆਪਣੀ ਗ੍ਰਿਫਤਾਰੀ ਦੇ ਦੋ ,ਦਫਾ 107 ਹੀ ਲੱਗੀ ਆ , ਕੋਈ ਖਾਸ ਸਜਾ ਨਹੀਂ ਹੋਵੇਗੀ। ਹਾਂ ਇਹ ਤੁਹਾਡੇ ਨਾਲ ਵਾਅਦਾ ਹੈ ਜਦ ਸਮਾਂ ਆ ਗਿਆ , ਜੱਥੇ ਵਿਚ ਤੁਹਾਡੀਆਂ ਸੇਵਾਵਾਂ ਦਾ ਤਾਂ ਅਸੀਂ ਤੁਹਾਨੂੰ ਆਪ ਆਵਾਜ਼ ਮਾਰਾਂਗੇ।ਭਾਈ ਕਿਸ਼ਨ ਸਿੰਘ ਦੇ ਵੀਚਾਰਾਂ ਨਾਲ ਭਾਈ ਅਰਜਨ ਸਿੰਘ ਸਹਿਮਤ ਹੋ ਗਿਆ। ਉਧਰ ਲੰਬੜਦਾਰ ਵੀ ਆਪਣੇ ਘਰ ਵਿੱਚ ਦੋ ਸਿਪਾਹੀ ਤੇ ਕੁਝ ਕੌਲੀ ਚੱਟਾਂ ਨਾਲ ਇਸ ਮੌਕੇ ਨੂੰ ਉਡੀਕ ਰਿਹਾ ਸੀ ਕੇ ਕਦੋਂ ਉਹ ਭਾਈ ਅਰਜਨ ਸਿੰਘ ਨੂੰ ਘਰ ਆਏ ਨੂੰ ਸਰਕਾਰ ਕੋਲ ਫੜਾ ਇਨਾਮ ਲਵੇ।ਭਾਈ ਕਿਸ਼ਨ ਸਿੰਘ ਤੇ ਭਾਈ ਸੁੰਦਰ ਸਿੰਘ , ਭਾਈ ਅਰਜਨ ਸਿੰਘ ਦੇ ਘਰੋਂ ਪ੍ਰਸ਼ਾਦਾ ਪਾਣੀ ਛੱਕ ਕੇ ਜਦ ਤੁਰਨ ਲੱਗੇ ਤਾਂ ਭਾਈ ਅਰਜਨ ਸਿੰਘ ਉਹਨਾਂ ਨੂੰ ਰੁਖਸਤ ਕਰਨ ਲਈ ਪਿੰਡੋਂ ਬਾਹਰ ਤੱਕ ਆਇਆ , ਉਧਰ ਲੰਬੜਦਾਰ ਦੇ ਮੁੰਡੇ ਨੇ ਵੀ ਘਰ ਆ ਸੁਨੇਹਾ ਦਿੱਤਾ ਕੇ ਦੋ ਹੋਰ ਅਕਾਲੀਆਂ ਨਾਲ ਅਰਜਨ ਸਿੰਘ ਪਿੰਡ ਦੇ ਬਾਹਰ ਵੱਲ ਜਾ ਰਿਹਾ । ਲੰਬੜਦਾਰ ,ਸਿਪਾਹੀਆਂ ਸਮੇਤ ਜਦ ਇਹਨਾਂ ਪਿੱਛੇ ਆਇਆ ਤਾਂ ਭਾਈ ਕਿਸ਼ਨ ਨੇ ਪੁੱਛ ਲਿਆ ਕੇ ਤੂੰ ਸਾਡਾ ਪਿੱਛਾ ਕਿਉਂ ਕਰ ਰਿਹਾ ਹੈਂ?ਤਾਂ ਲੰਬੜਦਾਰ ਕਹਿਣ ਲੱਗਾ ਕੇ ਮੇਰਾ ਥੋਡੇ ਦੋਨਾਂ ਨਾਲ ਕੋਈ ਮਸਲਾ ਨਹੀਂ , ਮੈਂ ਤੇ ਬੱਸ ਭਾਈ ਅਰਜਨ ਸਿੰਘ ਨੂੰ ਜ਼ਰੂਰ ਗ੍ਰਿਫ਼ਤਾਰ ਕਰਨਾ ਹੈ। ਭਾਈ ਕਿਸ਼ਨ ਸਿੰਘ ਨੇ ਕਿਹਾ ਕੇ ਭਾਈ ਅਰਜਨ ਸਿੰਘ ਗ੍ਰਿਫਤਾਰੀ ਦੇਣ ਲਈ ਤਿਆਰ ਹਨ । ਸਿਪਾਹੀ ਹੱਥ ਕੜੀਆਂ ਲਾ ਕੇ ਭਾਈ ਅਰਜਨ ਸਿੰਘ ਨੂੰ ਗ੍ਰਿਫ਼ਤਾਰ ਕਰ ਪਿੰਡ ਵੱਲ ਤੁਰ ਪਏ। ਉਧਰ ਭਾਈ ਸੁੰਦਰ ਸਿੰਘ ਹੁਣਾ ਦੀ ਤੂੰ ਤੂੰ ਮੈਂ ਮੈਂ ਲੰਬੜਦਾਰ ਦੇ ਮੁੰਡੇ ਨਾਲ ਹੋ ਗਈ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਭਾਈ ਕਿਸ਼ਨ ਨੇ ਭਾਈ ਸੁੰਦਰ ਸਿੰਘ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨ ਮੰਨੇ । ਗੱਲ ਹੱਥੋ ਪਾਈ ਤੇ ਡਾਂਗ ਸੋਟੇ ਤੱਕ ਪਹੁੰਚ ਗਈ।ਭਾਈ ਸੁੰਦਰ ਸਿੰਘ ਡਿੱਗ ਪਏ ਤੇ ਉਹਨਾਂ ਤੇ ਲੰਬੜਦਾਰ ਦੇ ਪੁਤ ਤੇ ਮੁਸ਼ਟੰਡੇ ਡਾਂਗਾਂ ਵਰਾਉਂਦੇ ਰਹੇ , ਉਹ ਬੇ ਸੁਰਤ ਜੇ ਹੋ ਗਏ । ਇਸ ਵਕਤ ਕਿਸ਼ਨ ਸਿੰਘ ਹੁਣਾ ਨੇ ਉਹਨਾਂ ਨੂੰ ਉਠਾਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨ ਹੋ ਸਕੇ ।ਅਖ਼ੀਰ ਉਹਨਾਂ ਨੇ ਸੁੰਦਰ ਸਿੰਘ ਹੁਣਾ ਕੋਲੋਂ ਪਿਸਤੌਲ ਲੈ ਲਿਆ ।ਉਸ ਵਕਤ ਹੀ ਲੰਬੜਦਾਰ ਦੇ ਬੰਦੇ ਭਾਈ ਕਿਸ਼ਨ ਸਿੰਘ ਵੱਲ ਨੂੰ ਵੱਧਣ ਦੀ ਕੋਸ਼ਿਸ਼ ਕਰਦੇ ਹਨ , ਉਹਨਾਂ ਜਦ ਦੋ ਫਾਇਰ ਕੱਢੇ ਤਾਂ ਚੱਢਿਆਂ ‘ਚ ਪੂਛਾਂ ਲੈ ਇਹ ਦੌੜ ਗਏ। ਭਾਈ ਕਿਸ਼ਨ ਸਿੰਘ ਨੇ ਭਾਈ ਸੁੰਦਰ ਸਿੰਘ ਨੂੰ ਉਠਾਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਗੱਲ ਨ ਬਣੀ , ਜਿਸ ਕਾਰਨ ਉਹਨਾਂ ਨੂੰ ਇਕਲਿਆਂ ਹੀ ਨਿਕਲਣਾ ਪਿਆ।ਇਸ ਕਾਹਲ ਵਿਚ ਕਾਰਤੂਸ ਤੇ ਜ਼ਰੂਰੀ ਕਾਗਜ਼ ਪੱਤਰ ਵਾਲਾ ਝੋਲਾ ਵੀ ਭਾਈ ਸੁੰਦਰ ਸਿੰਘ ਹੁਣਾ ਕੋਲ ਰਹਿ ਗਿਆ। ਲੰਬੜਦਾਰ ਦੇ ਬੰਦੇ ਬਾਅਦ ਵਿੱਚ ਮੰਜੀ ਉੱਤੇ ਪਾ ਕੇ ਭਾਈ ਸੁੰਦਰ ਸਿੰਘ ਨੂੰ ਵੀ ਠਾਣੇ ਲੈ ਗਏ।ਇਹ ਘਟਨਾ 11 ਮਈ 1922 ਦੀ ਹੈ।
ਬਲਦੀਪ ਸਿੰਘ ਰਾਮੂੰਵਾਲੀਆ