ਬਿਨਾਂ ਦਵਾਈ ਭੁੱਖਣ-ਭਾਣੀ ਤੇਜ਼ ਬੁਖ਼ਾਰ ਨਾਲ਼ ਜੂਝਦੀ ਰਾਣੋ ਪੂਰੀ ਰਾਤ ਨਾ ਸੁੱਤੀ।ਸਰੀਰ ਦਰਦ ਨਾਲ਼ ਭੰਨਿਆ ਪਿਆ ਸੀ।ਪਾਠੀ ਬੋਲ ਪਿਆ।ਇੱਛਾ ਹੋਈ ਦੋ ਘੁੱਟ ਚਾਹ ਮਿਲ ਜਾਵੇ।ਅੱਠਵੀਂ ‘ਚ ਪੜ੍ਹਦੀ ਕੁੜੀ ਨੂੰ ਚਾਹ ਬਣਾਉਣ ਲਈ ਆਵਾਜ਼ ਮਾਰਦੀ- ਮਾਰਦੀ ਰੁਕ ਗਈ।ਯਾਦ ਆਇਆ ਰਾਤ ਦੁੱਧ ਤਾਂ ਮਿਲਿਆ ਹੀ ਨਹੀਂ।ਦੁਕਾਨ ਵਾਲੇ ਨੇ ਹੋਰ ਉਧਾਰ ਤੋਂ ਨਾਂਹ ਕਰ ਦਿੱਤੀ ਸੀ…ਕੁੜੀ ਉੱਠੀ ਤਾਂ ਦੂਜੀ ‘ਚ ਪੜ੍ਹਦਾ ਮੁੰਡਾ ਵੀ ਜਾਗ ਜਾਊਂ…ਸੁੱਤੀ ਭੁੱਖ ਨਾਲ਼ ਪੰਗਾ ਕਿਉਂ ਲੈਣਾ?..ਹਿੰਮਤ ਕਰਕੇ ਮਾਰੂ ਹੀ ਬਣਾ ਲਵੇਂ…ਪਰ ਓਸ ਲਈ ਗੁੜ ਪੱਤੀ ਵੀ ਕਿੱਥੇ ਹੈ? …ਉਹ ਖ਼ੁਦ ਨਾਲ਼ ਸਲਾਹ ਕਰਕੇ ਖ਼ੁਦ ਹੀ ਢਾਹ ਰਹੀ ਰਹੀ ਸੀ।
“ਭਾਈ ਅੱਜ ਡੀਪੂ ਵਾਲੇ ਕਣਕ ਦੀਆਂ ਪਰਚੀਆਂ ਕੱਟਣਗੇ”,ਧਰਮਸ਼ਾਲਾ ਵਿੱਚੋਂ ਆਏ ਹੋਕੇ ਨੇ ਓਸ ਨੂੰ ਅਪਣੀ ਭੁੱਖ-ਦਰਦ ਵਲੋਂ ਕੁਝ ਅਵੇਸਲੇ ਕਰ ਦਿੱਤਾ।.. ਦੋਵਾਂ ਬੱਚਿਆਂ ਪਤੀ-ਪਤਨੀ ਸਮੇਤ ਚਾਰ ਜੀਆਂ ਦੀ ਕਣਕ ਮਿਲ ਜਾਣੀ ਸੀ। ਭਾਵੇਂ ਓਸ ਦੀ ਹਾਲਤ ਬਹੁਤ ਬੁਰੀ ਸੀ ਪਰ ਉਹ ਫਿਰ ਵੀ ਦਵਾਈ ਲੈਣ ਤੋਂ ਵੀ ਕਿਰਸ ਕਰ ਰਹੀ ਸੀ..ਕਿ ਪਰਚੀਆਂ ਲਈ ਰੁਪਏ ਨਾ ਘੱਟ ਜਾਣ।
ਉਸਦਾ ਪਤੀ ਪਹਿਲਾਂ ਸਰਦਾਰਾਂ ਦੇ ਘਰ ਸੀਰੀ ਹੁੰਦਾ ਸੀ…ਹਾਲਾਤ ਠੀਕ ਸਨ ਪਰ ਹੁਣ ਵਿਹਲੜ,ਨਿਕੰਮਾ ਸਿਰੇ ਦਾ ਨਸ਼ੇੜੀ ਬਣਿਆ ਹੋਇਆ ਸੀ।
ਪਿਛਲੀ ਵਾਰ ਤਾਂ ਓਸ ਨੇ ਹੱਦ ਹੀ ਕਰ ਦਿੱਤੀ…ਨਸ਼ੇ ਖ਼ਾਤਿਰ ਅਪਣੇ ਹੀ ਘਰ ਵਿੱਚੋਂ ਡੀਪੂ ਵਾਲ਼ੀ ਕਣਕ ਚੋਰੀ ਕਰਕੇ ਵੇਚ ਦਿੱਤੀ। ਉਸ ਨੂੰ ਬਾਅਦ ‘ਚ ਪਤਾ ਲੱਗਾ ਚੱਕੀ ਵਾਲ਼ੇ ਨੇ ਏਹ ਕਹਿ ਕੇ ਕਣਕ 12 ਰੁਪਏ ਦੇ ਹਿਸਾਬ ਹੀ ਖ਼ਰੀਦ ਲਈ ਕਿ ਉਸ ਕੋਲ ਪਹਿਲਾਂ ਹੀ ਬਹੁਤ ਪਈ ਹੈ …ਏਹ ਕਣਕ ਦਾਣੇ ਦੇ ਹੀ ਕੰਮ ਆਉਂਦੀ ਹੈ…ਸਾਫ਼ ਨਹੀਂ ਹੁੰਦੀ.. ਮੈਂ ਤਾਂ ਏਸ ਭਾਅ ਹੀ ਲਵਾਂਗਾ।..ਓਸੇ ਕਣਕ ਦਾ ਆਟਾ ਓਸ ਨੇ 24 ਰੁਪਏ ਕਿਲੋ ਦੇ ਹਿਸਾਬ ਨਾਲ਼ ਦਿੱਤਾ ਜਦੋਂ ਉਹ ਲੈਣ ਗਈ। ਬੱਚੇ ਤੇ ਉਹ ਇੱਕ ਡੰਗ ਰੋਟੀ ਖਾ ਕੇ ਗੁਜ਼ਾਰਾ ਕਰ ਰਹੇ ਸਨ।ਉਪਰੋਂ ਓਸ ਕਈ ਨੂੰ ਘਰਾਂ ਦਾ ਗੋਹਾ-ਕੂੜਾ ਕਰਨਾ ਪੈਂਦਾ… ਫਿਰ ਜਾ ਕੇ ਘਰ ਚਲਦਾ।
ਅੱਜ ਉਹ ਫਿਰ ਡੀਪੂ ਅੱਗੇ ਲੱਗੀ ਕਤਾਰ ਵਿੱਚ ਖੜ੍ਹੀ ਅਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ। ਬੁਖ਼ਾਰ ਤੇ ਭੁੱਖ ਕਰਕੇ ਉਸਦੇ ਸਿਰ ਨੂੰ ਚੱਕਰ ਆ ਰਹੇ ਸਨ …ਗੋਹਾ ਕੂੜਾ ਵੀ ਕਰਨ ਜਾਣਾ ਹੈ…ਦੂਸਰੇ ਘਰ ਦੇ ਕੱਪੜੇ ਵੀ ਧੋਣੇ ਵਾਲ਼ੇ ਪਏ ਹਨ। ਡਿੱਗਦੀ ਡਿੱਗਦੀ ਨੇ ਖ਼ੁਦ ਨੂੰ ਸੰਭਾਲ ਲਿਆ…ਜ਼ਮੀਨ ਤੇ ਬੈਠ ਗਈ। ਡਿੱਗ ਪਈ ਤਾਂ ਕੰਮ ਤੋਂ ਛੁੱਟੀ…ਬੱਚੇ ਕੀ ਕਰਨਗੇ ?..ਕੀ ਖਾਣਗੇ ? ਸੋਚਾਂ ਤੇਜ਼ ਹੋ ਗਈਆਂ। ਹੁਣ ਓਸ ਨੂੰ ਕੰਮ ਤੇ ਦੇਰੀ ਨਾਲ਼ ਪਹੁੰਚਣ ਦਾ ਡਰ ਸਤਾ ਰਿਹਾ ਸੀ।
ਕਤਾਰ ਇੱਕ ਥਾਂ ਹੀ ਰੁਕੀ ਹੋਈ ਸੀ। ਕਤਾਰ ਵਿੱਚ ਲੱਗੇ ਮਜ਼ਦੂਰ ਪਰਿਵਾਰ ਘੁਸਰ-ਮੁਸਰ ਕਰ ਰਹੇ ਸਨ।
ਉਸਨੇ ਕਤਾਰ ਚੋਂ ਧੌਣ ਬਾਹਰ ਕੱਢ ਕੇ ਵੇਖਿਆ…
ਕਾਫ਼ੀ ਸਮੇਂ ਤੋਂ ਚਿੱਟੇ ਕੁੜਤੇ ਪਜਾਮੇ ਵਾਲ਼ਾ ਪਿੰਡ ਦਾ ਅਮੀਰ ਆਦਮੀ ਅੰਦਰ ਬੈਠਾ ਸੀ… ਡੀਪੂ ਵਾਲ਼ਾ ਓਸ ਨੂੰ ਕਹਿ ਰਿਹਾ ਸੀ ਤੁਹਾਡੀਆਂ ਪਰਚੀਆਂ ਮੈਂ ਘਰ ਭੇਜ ਦਿੰਦਾ…ਜੇ ਕੰਮ ਵਾਲਾ ਮੁੰਡਾ ਨਹੀਂ ਆਇਆ ਸੀ ਤਾਂ ਫੋਨ ਦੀ ਘੰਟੀ ਮਾਰ ਦਿੰਦੇ।ਗ਼ਰੀਬਾਂ ਲਈ ਹੁੰਦੇ ਸਾਲਾਨਾ ਭੰਡਾਰੇ ਲਈ ਪਹਿਲੀ ਤੇ ਵੱਡੀ ਪਰਚੀ ਤੁਹਾਡੀ ਹੀ ਹੁੰਦੀ ਹੈ…ਸਰਕਾਰੇ-ਦਰਬਾਰੇ ਤੁਹਾਡੀ ਪੁਹੰਚ ਕਰਕੇ ਸਾਨੂੰ ਵੀ ਰੋਟੀ ਮਿਲੀ ਜਾਂਦੀ ਆ… ਫਿਰ ਸਾਡਾ ਵੀ ਕੁੱਝ ਫਰਜ਼ ਬਣਦਾ..ਅੱਗੇ ਤੋਂ ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ…ਕੋਠੀ ਦੇ ਕੰਮ ਵਿੱਚ ਮਜਦੂਰਾਂ ਦੀ ਲੋੜ ਹੋਵੇ ਤਾਂ ਦੱਸਣਾ..ਨਵੀਂ ਗੱਡੀ ਤੇ ਮੁੰਡੇ ਦੇ ਬਾਹਰ ਪੱਕੇ ਹੋਣ ਦੀਆਂ ਬਹੁਤ ਬਹੁਤ ਵਧਾਈਆਂ ਜੀ । ਅਮੀਰ ਆਦਮੀ ਬਾਹਰ ਆਇਆ ਬੇਫ਼ਿਕਰੀ ਦੀ ਚਾਲ ਤੁਰਦਾ ਵੱਡੀ ਸਾਰੀ ਗੱਡੀ ਤੇ ਸਵਾਰ ਹੋ ਚਲਾ ਗਿਆ।ਭੀੜ ਵਿੱਚ ਧੱਕਾ ਮੁੱਕੀ ਤੇਜ਼ ਹੋ ਗਈ ।ਰਾਣੋ ਨੂੰ ਆਪਣੇ ਬੱਚਿਆਂ ਤੇ ਕੰਮ ਤੋਂ ਦੇਰੀ ਦਾ ਫ਼ਿਕਰ ਦੁਬਾਰਾ ਸਤਾਉਣ ਲੱਗਾ।
ਰਣਜੀਤ ਕਲੇਰ ਕੇਸਰਵਾਲ਼ਾ