ਬੈਂਕ ਵਿੱਚ ਖਾਤਾ ਖਲਾਉਣ ਵੇਲੇ ਜਦੋਂ ਪ੍ਰੀਤ ਨੂੰ ਪਰਮਾਨੇਂਟ ਐਡਰੈੱਸ ਦਾ ਕਾਲਮ ਭਰਨਾ ਪਿਆ ਤਾਂ ਉਸਦਾ ਮਨ ਪਤਾ ਨੀ ਕਿਹੜੀ ਦੁਨੀਆ ਵਿੱਚ ਚਲਾ ਗਿਆ। ਕੀ ਹੈ ਇਹ ਪੱਕਾ ਪਤਾ। ਛੱਬੀ ਸਾਲ ਤੱਕ ਇਹ ਪੱਕਾ ਪਤਾ ਓਹਦੇ ਪਿਤਾ ਦਾ ਘਰ ਸੀ।
ਹੁਣ ਵਿਆਹ ਤੋਂ ਬਾਅਦ ਓਹਦੇ ਪਤੀ ਦੇ ਪਿਤਾ ਦਾ ਘਰ।
ਜਿੱਥੇ ਉਹ ਆਪਣੀ ਮਰਜ਼ੀ ਨਾਲ ਸ਼ਾਇਦ ਸਾਹ ਹੀ ਮਸਾ ਲੈਂਦੀ ਸੀ। ਜਦੋਂ ਉਹਨੇ ਬੈਂਕ ਵਾਲਿਆਂ ਨੂੰ ਕਿਹਾ ਕਿ ਪੱਕਾ ਪਤਾ ਤਾਂ ਮੈਨੂੰ ਯਾਦ ਨਹੀਂ ਤਾਂ ਉਹਨਾਂ ਨੇ ਆਧਾਰ ਕਾਰਡ ਉਸ ਵੱਲ ਕਰ ਦਿੱਤਾ ਤੇ ਕਿਹਾ ਇਸ ਤੋਂ ਦੇਖ ਕ ਲਿਖ ਲਵੋ। ਹਰ ਕਾਗਜ਼ ਤੇ ਹੁਣ ਇਹ ਹੀ ਪੱਕਾ ਪਤਾ ਸੀ। ਪ੍ਰੀਤ ਸੋਚ ਰਹੀ ਸੀ ਕਿ ਕਾਸ਼ ਪੱਕਾ ਪਤਾ ਉਹ ਹੁੰਦਾ ਜਿੱਥੇ ਨਾਂ ਓਹਦੀ ਸੋਚ ਖਤਮ ਹੁੰਦੀ ਤੇ ਮਿਹਨਤ ਨਾਲ ਬਣਾਇਆ ਇਹ ਪਤਾ ਹਮੇਸ਼ਾ ਲਈ ਓਹਦਾ ਹੁੰਦਾ। ਓਹਨੂੰ ਕਿਸੇ ਨੂੰ ਵਾਰ ਵਾਰ ਪੁੱਛ ਕ ਉਸ ਘਰ ਦੀਆਂ ਚੀਜ਼ਾਂ ਨੂੰ ਛੂਹਣਾ ਨਾਂ ਪੈਂਦਾ। ਖ਼ੈਰ ਓਹਦਾ ਪੱਕਾ ਪਤਾ ਹੁਣ ਇਹ ਹੀ ਸੀ ਜੋ ਉਸ ਨੂੰ ਕਦੇ ਯਾਦ ਨਹੀਂ ਰਹਿੰਦਾ।
ਮਨਪ੍ਰੀਤ