ਇੱਕ ਵਾਰ ਕਹਿੰਦੇ ਦੁਧ ਅਤੇ ਪਾਣੀ ਦੀ ਮੁਲਾਕਾਤ ਹੁੰਦੀ ਹੈ| ਪਾਣੀ ਕਹਿਣ ਲੱਗਿਆ ਮੈਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝਦਾ ਹਾਂ ਕਿ ਮੈਨੂੰ ਤੇਰੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ|ਅੱਗੋਂ ਦੁਧ ਕਹਿੰਦਾ ਨਹੀਂ ਯਾਰ ਐਸੀ ਗੱਲ ਨਹੀਂ ਚੱਲ ਅੱਜ ਤੋਂ ਆਪਣੀ ਯਾਰੀ ਪੱਕੀ| ਪਾਣੀ ਕਹਿੰਦਾ ਭਰਾਵਾ ਤੇਰੀ ਮੇਰੇ ਨਾਲ ਕਾਹਦੀ ਯਾਰੀ,ਤੂੰ ਦੁਧ ਮੈਂ ਪਾਣੀ| ਤੇਰੇ ਨਾਲ ਮੇਰਾ ਕਾਹਦਾ ਮੇਲ ਹੈ| ਤੂੰ ਮਜਾਕ ਕਰ ਰਿਹਾ ਏਂ|ਦੁੱਧ ਕਹਿੰਦਾ ਨਹੀਂ ਯਾਰ ਇਹ ਮਜਾਕ ਨਹੀਂ| ਤੂੰ ਆਪਣੇ ਆਪ ਨੂੰ ਛੋਟਾ ਕਿਉਂ ਸਮਝਦਾ ਏਂ| ਮੇਰੇ ਬਗੈਰ ਤਾਂ ਲੋਕਾਂ ਦਾ ਸਰ ਸਕਦਾ ਏ ਪਰ ਤੇਰੇ ਬਿਨਾ ਤਾਂ ਧਰਤੀ ਤੇ ਜੀਵਨ ਹੀ ਅਸੰਭਵ ਹੈ| ਤੇਰੀ ਅਹਿਮੀਅਤ ਮੇਰੇ ਨਾਲੋਂ ਕਿਤੇ ਵੱਧ ਹੈ|ਓਸ ਦਿਨ ਤੋਂ ਉਹ ਪੱਕੇ ਯਾਰ ਬਣ ਗਏ ਤੇ ਇੱਕ ਦੂਜੇ ਵਿੱਚ ਅਭੇਦ ਹੋ ਗਏ|
ਥੋੜੇ ਟਾਇਮ ਬਾਅਦ ਦੋਧੀ ਆਇਆ ਤੇ ਓਹੀ ਦੁੱਧ ਲੈ ਕੇ ਸ਼ਹਿਰ ਹਲਵਾਈ ਨੂੰ ਵੇਚ ਦਿੱਤਾ| ਹਲਵਾਈ ਨੇ ਦੁੱਧ ਕੜਾਹੀ ਵਿੱਚ ਪਾ ਕੇ ਭੱਠੀ ੳੁਤੇ ਰੱਖ ਦਿੱਤਾ| ਹੁਣ ਅੱਗ ਦੇ ਸੇਕ ਨਾਲ ਪਾਣੀ ਭਾਫ ਬਣ ਕੇ ਉਡਣ ਲੱਗਾ| ਦੁੱਧ ਨੇ ਸੋਚਿਆ ਮੇਰਾ ਯਾਰ ਮੇਰੇ ਵਾਸਤੇ ਸੜ ਰਿਹੈ ਦੁੱਧ ਨੇ ਗੁਸੇ ਵਿੱਚ ਉਬਾਲਾ ਮਾਰਿਆ | ਕੋਲ ਬੈਠੇ ਹਲਵਾਈ ਨੇ ਪਾਣੀ ਦਾ ਛਿੱਟਾ ਮਾਰਿਆ | ਦੁੱਧ ਨੂੰ ਥੋੜੀ ਤਸੱਲੀ ਹੋਈ ਕਿ ਯਾਰ ਆ ਗਿਆ ਹੈ | ਪਰ ਇਹ ਸਿਲਸਿਲਾ ਜਿਆਦਾ ਦੇਰ ਨਾ ਚੱਲਿਆ ਅਖੀਰ ਪਾਣੀ ਸੜ ਗਿਆ ਤੇ ਖਾਲਸ ਦੁੱਧ ਕੜਾਹੀ ਵਿੱਚ ਰਹਿ ਗਿਆ | ਦੁੱਧ ਨੂੰ ਬੜਾ ਦੁੱਖ ਹੋਇਆ | ਦੁੱਧ ਨੇ ਸੋਚਿਆ ਜੇ ਹੁਣ ਯਾਰ ਹੀ ਨਹੀਂ ਰਿਹਾ ਤਾਂ ਫਿਰ ਆਪਾਂ ਵੀ ਰਹਿਕੇ ਕੀ ਕਰਨੈ | ਅਖੀਰ ਦੁੱਧ ਨੇ ਵੀ ਆਪਣੇ ਯਾਰ ਦੇ ਵਿਯੋਗ ਵਿੱਚ ਖੋ ਕੇ ਆਪਣੇ ਆਪ ਦੀ ਪਹਿਚਾਣ ਨੂੰ ਖਤਮ ਕਰ ਦਿੱਤਾ ਅਤੇ ਖੋਆ ਬਣ ਗਿਆ |