ਬੀਬੀ ਹਰਚਰਨ ਜੀਤ ਕੌਰ..ਦੋ ਧੀਆਂ..ਵੱਡੀ ਬਾਰਾਂ ਵਰ੍ਹਿਆਂ ਦੀ ਤੇ ਨਿੱਕੀ ਅੱਠ ਦੀ..ਇੱਕ ਛੇ ਵਰ੍ਹਿਆਂ ਦਾ ਨਿੱਕਾ ਪੁੱਤ ਵੀ..!
ਵਕਤੀ ਹਨੇਰੀਆਂ ਦੇ ਫਿਕਰ ਮੰਦੀ ਵਾਲੇ ਆਲਮ ਵਿਚ ਜਦੋਂ ਵੀ ਪੜਾਉਣ ਜਾਂਦੇ ਅਕਸਰ ਹੀ ਸਿਰ ਦੇ ਸਾਈਂ ਐਡਵੋਕੇਟ ਸ੍ਰ ਸੁਖਵਿੰਦਰ ਸਿੰਘ ਭੱਟੀ ਬਾਰੇ ਹੀ ਸੋਚਦੇ ਰਹਿੰਦੇ..ਦੂਜੇ ਪਾਸੇ ਸਰਦਾਰ ਸਾਬ ਬੇਪਰਵਾਹੀ ਦੇ ਆਲਮ ਵਿੱਚ ਹੱਸ ਛੱਡਿਆ ਕਰਦੇ..!
ਝੂਠੇ ਮੁਕਦਮਿਆਂ ਵਿੱਚ ਉਲਝਾਈ ਉਸ ਵੇਲੇ ਦੀ ਬੇਹਿਸਾਬ ਸਿੱਖ ਨੌਜੁਆਨੀ..ਸੰਗਰੂਰ ਕਚਹਿਰੀਆਂ ਵਿੱਚ ਬੈਠਦੇ ਭੱਟੀ ਸਾਬ ਹੀ ਆਖਰੀ ਸਹਾਰਾ ਹੁੰਦੇ..ਕਿਸੇ ਦੀ ਜਮਾਨਤ..ਕਿਸੇ ਦੀ ਤਰੀਖ..ਪੈਰਵਾਈ..ਨਜਾਇਜ ਹਿਰਾਸਤ..ਝੂਠੇ ਮੁਕਾਬਲੇ..ਫਿਰੌਤੀਆਂ..ਵਧੀਕੀਆਂ..ਅਤੇ ਹੋਰ ਵੀ ਕਿੰਨਾ ਕੁਝ..!
ਪੁਲਸ ਦੇ ਪੈਰਾਂ ਅਤੇ ਗਲੇ ਵਿੱਚ ਹਮੇਸ਼ਾਂ ਕੰਢੇ ਵਾਂਙ ਚੁੱਭਦੇ ਭੱਟੀ ਸਾਬ ਅਖੀਰ ਬਾਰਾਂ ਮਈ ਉੱਨੀ ਸੌ ਚੁਰਨਵੇਂ ਨੂੰ ਸੰਗਰੂਰ ਪੁਲਸ ਵੱਲੋਂ ਚੁੱਕ ਲਏ ਤੇ ਹਮੇਸ਼ਾਂ ਲਈ ਗਾਇਬ ਕਰ ਦਿੱਤੇ ਗਏ..ਕੋਈ ਨਹੀਂ ਜਾਣਦਾ ਕਿੰਨੇ ਸਰੀਰਕ ਅਤੇ ਮਾਨਸਿਕ ਤਸੀਹੇ ਹੰਢਾਏ..ਖੈਰ ਈਨ ਨਹੀਂ ਮੰਨੀ ਤੇ ਨਾ ਹੀ ਸੱਚ ਤੇ ਸਮਝੌਤਾ ਹੀ ਕੀਤਾ!
ਦੋਸਤੋ ਜਿੰਦਗੀ ਜਿਉਣ ਦੇ ਦੋ ਤਰੀਕੇ..ਪਹਿਲਾਂ ਜੋ ਵੀ ਆਸ ਪਾਸ ਹੁੰਦਾ ਹੋਣ ਦਿਓ ਤੇ ਆਪਣੇ ਆਪ ਵਿੱਚ ਮਸਤ ਰਹੋ ਤੇ ਦੂਜਾ ਤਰੀਕਾ ਜੋ ਕੁਝ ਨਹੀਂ ਹੋਣਾ ਚਾਹੀਦਾ ਉਸ ਖਿਲਾਫ ਚੱਟਾਨ ਵਾਂਙ ਡਟ ਜਾਣਾ..ਪਰਿਵਾਰ ਰੁਤਬੇ ਬੱਚਿਆਂ ਘਰ ਬਾਹਰ ਅਤੇ ਸੁਖ ਸਹੂਲਤਾਂ ਦੀ ਪ੍ਰਵਾਹ ਕੀਤੇ ਬਗੈਰ..!
ਦੂਜਾ ਤਰੀਕਾ ਵਿਰਲੇ ਹੀ ਅਪਣਾਉਂਦੇ..ਕਿਓੰਕੇ ਜਿੰਦਗੀ ਦੀ ਮਣਿਆਦ ਅਕਸਰ ਸੁੰਗੜ ਜੂ ਜਾਇਆ ਕਰਦੀ..ਪਰ ਲੋਕਾਈ ਦੇ ਮਨਾਂ ਅੰਦਰ ਸਦੀਵੀਂ ਵਾਸਾ ਜਰੂਰ ਹੋ ਜਾਂਦਾ..ਨਹੀਂ ਤੇ ਪੂਰੇ ਉਨੱਤੀ ਵਰ੍ਹਿਆਂ ਬਾਅਦ ਅੱਜ ਅਸੀਂ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭੱਟੀ ਸਾਬ ਨੂੰ ਇੰਝ ਯਾਦ ਨਾ ਕਰ ਰਹੇ ਹੁੰਦੇ..!
ਇਹ ਪੁੱਤਰ ਹੱਟਾਂ ਤੇ ਨਈ ਵਿਕਦੇ..ਤੂੰ ਲੱਭਦੀ ਫਿਰੇ ਬਜਾਰ ਕੁੜੇ..ਇਹ ਸੌਂਦਾ ਮੁੱਲ ਵੀ ਨਹੀਂ ਮਿਲਦਾ..ਤੂੰ ਲੱਭਦੀ ਫਿਰੇ ਉਧਾਰ ਕੁੜੇ..ਇਹ ਪੁੱਤਰ ਹੱਟਾਂ ਤੇ..!
ਹਰਪ੍ਰੀਤ ਸਿੰਘ ਜਵੰਦਾ