ਅੱਜ ਵੀ ਬਥੇਰਾ ਕਿਹਾ ਪਾਰਲਰ ਵਾਲੀ ਦੀਦੀ ਨੂੰ ਕਿ ਜਲਦੀ ਜਾਣ ਦਿਓ ਪਰ ਬੜੀ ਚਲਾਕ ਆ…ਜਾਣ ਕੇ ਅਣਸੁਣੀ ਜਿਹੀ ਕਰ ਛੱਡੀ… ਜਦੋਂ ਜਿਆਦਾ ਕਿਹਾ ਤਾਂ ਖਿਝ ਗਈ…ਉਹ ਵੀ ਕੀ ਕਰੇ ..ਵਿਆਹਾਂ ਦਾ ਸੀਜਨ…..ਉਤੋੰ ਵਿਦੇਸ਼ਾਂ ਤੋਂ ਪਰਤੀਆਂ ਬੀਬੀਆਂ…. ਪਾਰਲਰ ਹਰ ਵੇਲੇ ਭਰਿਆ ਰਹਿੰਦਾ .. ਕੰਮ ਬਹੁਤ ਜਿਆਦਾ ਆਉਂਦਾ …..ਸਾਰੇ ਸਾਲ ਦੀ ਕਮਾਈ ਇੱਕ ਪਾਸੇ ਤੇ ਇਹ ਸਰਦੀ ਦੇ ਦੋ ਮਹੀਨਿਆਂ ਦੀ ਕਮਾਈ ਇਕ ਪਾਸੇ….ਉਸਨੂੰ ਕਹੇ ਵੀ ਤਾਂ ਕੀ ਕਹੇ..ਅੱਜ ਫਿਰ ਨਿਕਲਦੀ ਨੂੰ ਸੱਤ ਵੱਜ ਗਏ ।ਅੱਜ ਤੇ ਬਹੁਤਾ ਈ ਕੁਵੇਲਾ ਕਰ ਦਿੱਤਾ ।ਬਾਹਰ ਬੱਤੀਆਂ ਜਗ ਚੁੱਕੀਆਂ ਸਨ ਤੇ ਗੂੜ੍ਹੀ ਧੁੰਦ ਵੀ ਪੈ ਗਈ ਸੀ।ਆਟੋ ਰੋਕਿਆ…ਚੜ ਗਈ। ਗੂੜ੍ਹਾ ਹਨੇਰਾ ਵੇਖ ਜਿਵੇਂ ਉਹਦਾ ਦਿਲ ਅੰਦਰੋਂ ਕੰਬ ਰਿਹਾ ਸੀ।ਆਟੋ ਤੱਕ ਤਾਂ ਠੀਕ ਸੀ..ਪਰ ਭੈਅ ਉਹਨੂੰ ਅੱਗਲੇ ਭਵ-ਸਾਗਰ ਤੋਂ ਆ ਰਿਹਾ ਸੀ ।ਉਸਦਾ ਪਿੰਡ ਮੇਨ ਸੜ੍ਕ ਤੋਂ ਕਿਲੋਮੀਟਰ ਅੰਦਰ ਨੂੰ ਸੀ।ਸਾਰਾ ਦਿਨ ਬਹੁਤ ਚਲਦੀ ਸੀ ਸੜ੍ਕ …..ਸੜਕ ਦੇ ਦੁਆਲੇ ਦੀ ਬਹੁਤੀ ਜਮੀਨ ਪਲਾਟਾਂ ਦੀ ਭੇੰਟ ਚੜ੍ ਚੁੱਕੀ ਸੀ।ਖਾਲੀ ਪਲਾਟਾਂ ਚ ਉਗੀ ਭੰਗ ਤੇ ਆਦਮ-ਕੱਦ ਬੂਟੀ ਬੜੀ ਡਰਾਉਣੀ ਲੱਗਦੀ ।ਉਥੇ ਅੱਧ -ਪਚੱਧੇ ਉਸਰੇ ਕਮਰਿਆ ਜਿਹਿਆੰ ਚ ਕੁਝ ਚੱਕਰਵਰਤੀ ਤੇ ਨਸ਼ੇੜੀ ਕਿਸਮ ਦੇ ਲੋਕ ਆਮ ਫਿਰਦੇ ਰਹਿੰਦੇ…ਉਸਨੂੰ ਅਜੇ ਕੁਝ ਦਿਨ ਪਹਿਲਾਂ ਈ ਮਾਂ ਨੇ ਦੱਸਿਆ ਸੀ ਕਿ ਪਿੰਡ ਦੀਆਂ ਜਨਾਨੀਆਂ ਗੁਰਦੁਆਰਾ ਸਾਹਿਬ ਗੱਲ ਕਰਦੀਆਂ ਸਨ ਕਿ ਕੱਲ੍ਹ ਰਾਤ ਇਨ੍ਹਾਂ ਸਾਧਾਂ ਨੇ ਇਕ ਸੁਦੈਣ ਪਤਾ ਨਹੀਂ ਕਿਥੋੰ ਫੜ ਲਿਆਂਦੀ ਸੀ….ਓਹਦੀਆੰ ਚੀਕਾਂ ਸੁੁਣ ਕਿਸੇ ਰਾਹ ਜਾਂਦਿਆਂ ਨੇ ਦਬਕਾ ਕੇ ਛੁਡਾਈ ਉਨ੍ਹਾਂ ਤੋਂ …..ਕਹਿੰਦੇ ਪਤਾ ਨਹੀਂ ਵਿਚਾਰੀ ਪਹਿਲਾਂ ਹੀ ਕਿਸਦਾ ਪਾਪ ਢਿੱਡ ਚ ਚੁੱਕੀ ਫਿਰਦੀ ਸੀ।ਆਟੋ ਤੋਂ ਉਤਰ ਪਿੰਡ ਦੇ ਰਾਹ ਤੁਰ ਪਈ…ਹਨੇਰਾ ਹੋਰ ਗੂੜਾ ਹੋ ਗਿਆ ਸੀ…ਫੋਨ ਕੋਲ ਸੀ….ਆਖਰ .ਘਰੋਂ ਬੁਲਾਉਂਦੀ ਵੀ ਕਿਸ ਨੂੰ …ਪਿਓ ਮਰਨ ਪਿਛੋਂ ਆਂਢ-ਗੁਆਂਢ ਦੇ ਮੁੰਡੇ ਵੀ ਜਿਵੇਂ ਖਾ ਜਾਣ ਵਾਲੀਆਂ ਨਜਰਾਂ ਨਾਲ ਵੇਖਦੇ ਸਨ…ਕੋਈ ਭਰੋਸੇ ਲਾਇਕ ਨਹੀ ਸੀ ਜਾਪਦਾ…ਖਾਣ ਲਈ ਕੰਮ ਵੀ ਕਰਨਾ ਪੈਂਦਾ …ਰੋਜ ਕਿਦੇ ਅੱਗੇ ਹੱਥ ਅੱਡੇ…….ਕੋਲੋ ਲੑੰਘਦੇ ਵਿਰਲੇ-ਟਾੰਵੇੰ ਮੋਟਰਸਾਇਕਲ ਜਾੰ ਗੱਡੀ ਤੋਂ ਲਿਫਟ ਲੈਣਾ ਉਹਨੂੰ ਖਤਰੇ ਤੋਂ ਖਾਲੀ ਨਹੀਂ ਸੀ ਜਾਪਦਾ..ਬਥੇਰੀਆਂ ਅਗਵਾ ਹੋਣ ਦੀਆੰ ਖਬਰਾਂ ਅਖ਼ਬਾਰ ਦੀਆਂ ਸੁਰਖੀਆੰ ਬਣਦੀਆਂ ਨੇ…..ਚੋਕੰਨੀ ਹੋ ਕੇ ਤੁਰੀ ਜਾੰਦੀ ਦਾ ਸਾਰਾ ਸਰੀਰ ਈ ਜਿਵੇਂ ਕੰਨ ਬਣਿਆ ਹੋਇਆ ਸੀ…. ਬਿਜਲੀ ਦੀ ਫੁਰਤੀ ਨਾਲ ਤੁਰਦੀ ਦਾ ਦਿਮਾਗ ਵੀ ਓਨੀ ਈ ਤੇਜੀ ਨਾਲ ਕੰਮ ਕਰ ਰਿਹਾ ਸੀ ….ਸੁੱਕੀ ਬੂਟੀ ਵਿੱਚੋੰ ਪਹਿਲਾਂ ਕੁਝ ਹਿੱਲਣ ਦੀ ਅਵਾਜ਼ ਉਸਨੂੰ ਸੁਣੀ….ਫਿਰ ਕੋਈ ਤੁਰਨ ਲੱਗਾ..ਜਿਵੇਂ ਉਹਦੇ ਵੱਲ ਨੂੰ …ਡਰ ਨਾਲ ਉਹਦਾ ਜਿਵੇਂ ਖੂਨ ਈ ਜਮ ਗਿਆ …ਦਿਲ ਦੀ ਧੜ੍ਕਣ ਬਹੁਤ ਤੇਜ ਹੋ ਗਈ …..ਬਿਨਾ ੲੇਧਰ-ਉਧਰ ਵੇਖੇ……..ਉਹ ਸਰਪਟ ਦੌੜ੍ਨ ਲੱਗੀ….ਸਾਹ ਫੁੱਲਣ ਲੱਗਾ ।ਕੋਈ ਓਹਦੇ ਪਿਛੇ ਈ ਭੱਜਣ ਲੱਗਾ……..ਉਸਨੇ ਭੱਜਦੀ ਨੇ ਮਹਿਸੂਸ ਕੀਤਾ ਕਿ ਓਹ ਸ਼ਾਇਦ ਇਕ ਨਹੀਂ …. ਇਕ ਤੋਂ ਜਿਆਦਾ ਲੱਗ ਰਹੇ ਸਨ… ਪਿਛੇ ਮੁੜ ਕੇ ਓਸ ਨਾ ਵੇਖਿਆ…ਹਨੇਰਾ ਵੀ ਸੀ..ਤੇ ਪਿੰਡ ਦੀ ਫਿਰਨੀ ਵੀ ਹੁਣ ਨੇੜੇ ਹੀ ਸੀ…. ਸਾਹ ਫੁੱਲ ਗਿਆ..ਪਰ ਓਹ ਰੁਕੀ ਨਹੀ..ਪਿਛਲੇ ਹੁਣ ਉਹਨੂੰ ਨੇੜੇ ਲੱਗਦੇ ਪ੍ਰਤੀਤ ਹੋ ਰਹੇ ਸਨ…ਉਹ ਹੋਰ ਤੇਜ ਭੱਜਣ ਲੱਗੀ…ਅਚਾਨਕ …..ਠੇਡਾ ਲੱਗਿਆ..ਮੂਧੇ-ਮੂੰਹ ਜਾ ਪਈ….ੲੇਨੀ ਜੋਰ ਨਾਲ ਵੱਜੀ ਸੜਕ ਤੇ..ਇਕ ਪਲ ਲਈ ਜਿਵੇਂ ਚਕਰਾ ਗਈ…ਪਿਛੇ ਭੱਜਦੇ ਚਮਕਦੀਆਂ ਅੱਖਾੰ ਵਾਲੇ ਵੀ ਹੁਣ ਓਹਦੇ ਕੋਲ ਹੀ ਆ ਅੱਪੜੇ ਸਨ…ਓਹਨਾ ਨੂੰ ਵੇਖਦਿਆਂ ਉਹਦੀਆੰ ਡਰੀਆੰ ਅੱਖਾੰ ਹੈਰਾਨੀ ਨਾਲ ਹੋਰ ਵੀ ਚੌੜੀਆਂ ਹੋ ਗਈਆੰ…ਤਾਲੂ ਨਾਲ ਲੱਗੀ ਜੀਭ ਉਸਨੇ ਆਪਣੇ ਸੁਕੇ ਬੁੱਲ੍ਹਾਂ ਤੇ ਫੇਰਦਿਆਂ ….. ਜਿਵੇਂ ਸੁਖ ਦਾ ਸਾਹ ਲਿਆ…ਗੋਡਿਆਂ ਚ ਸਿੰਮ ਪੲੇ ਲਹੂ ਨੂੰ ਚੁੰਨੀ ਨਾਲ ਦੱਬਦੀ ਉਹ ਉੱਠ ਪਈ……ਓਹ ਆਪੇ ਚ ਮੁਸਕਰਾਈ…”ਇਹ ਤੇ ਕੁੱਤੇ ਈ ਸਨ…ਅੈਵੇ ਡਰ ਗਈ ਮੈ….ਮੈਨੂੰ ਭੱਜਦੀ ਵੇਖ…ਮੇਰੇ ਮਗਰ ਭੱਜਣ ਲੱਗੇ..ਵਿਚਾਰੇ ਸੁੰਘ ਕੇ ਪਛਾਂਹ ਮੁੜ ਗਏ …ਓਹਨਾ ਸੋਚਿਆ ਹੋਵੇਗਾ ਮੇਰੇ ਕੋਲ ਕੁਝ ਖਾਣ ਲਈ ਹੈ…..ਅੈੱਵੇ ਭਜਾਇਆ ਵਿਚਾਰਿਆਂ ਨੂੰ ੲੇਨਾ…..।ਲੰਘੜਾਓਦੀ ਓਹ ਅਗਾਂਹ ਤੁਰ ਪਈ।
ਕਿਰਨਦੀਪ ਕੌਰ