ਸੋਸ ਦੀ ਬੋਤਲ | sauce di botal

1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ ਘਰਾਂ ਵਿਚ ਟਮਾਟੋ ਸੋਸ ਦੀ ਬੋਤਲ ਲਿਆਉਣ ਦਾ ਆਮ ਪ੍ਰਚਲਨ ਨਹੀਂ ਸੀ। ਤੇ ਨਾ ਹੀ ਹਰ ਕਿਸੇ ਦੀ ਹੈਸੀਅਤ ਹੁੰਦੀ ਸੀ। ਅਸੀਂ ਵੀ ਘਰੇ ਇਮਲੀ ਦੀ ਖੁੱਲੀ ਚੱਟਣੀ ਬਜ਼ਾਰੋ ਲਿਆਉਂਦੇ ਯ ਕਈ ਵਾਰੀ ਘਰੇ ਬਣਾ ਲੈਂਦੇ ਸੀ। ਮੌਕੇ ਦੀ ਨਜ਼ਾਕਤ ਵੇਖਦਿਆਂ ਉਹ ਕਿਸਾਨ ਟਮਾਟੋ ਸੋਸ ਦੀ ਵੱਡੀ ਬੋਤਲ ਲਿਆਏ ਸਨ। ਜਦੋ ਚਾਹ ਪਕੌੜਿਆਂ ਦੀ ਕਾਰਵਾਈ ਸ਼ੁਰੂ ਹੋਈ ਤਾਂ ਸੋਸ ਵਾਲੀ ਬੋਤਲ ਜੋ ਅਜੇ ਸੀਲ ਬੰਦ ਸੀ ਨੂੰ ਖੋਲ੍ਹਣ ਦੀ ਸਮੱਸਿਆ ਖੜੀ ਹੋ ਗਈ। ਉਪਰਲਾ ਢੱਕਣ ਖੋਲਣ ਤੋਂ ਬਾਦ ਪਤਾ ਲੱਗਿਆ ਕਿ ਅੰਦਰ ਇੱਕ ਸੋਢੇ ਦੀ ਬੋਤਲ ਵਾਲਾ ਢੱਕਣ ਹੋਰ ਵੀ ਸੀ। ਉਹਨਾਂ ਘਰੇ ਓਪਨਰ ਵੀ ਨਹੀਂ ਸੀ। ਬੜੀ ਮੁਸ਼ਕਿਲ ਨਾਲ ਕਰਦ ਦੀ ਸਹਾਇਤਾ ਨਾਲ ਉਹ ਢੱਕਣ ਖੋਲ੍ਹਿਆ ਗਿਆ। ਪਰ ਹੁਣ ਇੱਕ ਹੋਰ ਗੰਭੀਰ ਸਮੱਸਿਆ ਸੀ। ਸੋਸ ਦੀ ਬੋਤਲ ਨੂੰ ਉਲਟਾ ਕਰਨ ਦੇ ਬਾਵਜੂਦ ਵੀ ਸੋਸ ਬਾਹਰ ਨਹੀਂ ਸੀ ਨਿਕਲ ਰਹੀ। ਲੜਕੀ ਦੇ ਛੋਟੇ ਭਰਾ ਨੇ ਬੋਤਲ ਦੀ ਪਿੱਠ ਤੇ ਬਹੁਤ ਹੱਥ ਮਾਰੇ ਪਰ ਸਫਲਤਾ ਨਹੀਂ ਮਿਲੀ। ਫਿਰ ਇਹੀ ਕੋਸ਼ਿਸ਼ ਭੈਣ ਨੇ ਵੀ ਕੀਤੀ ਪਰ ਨਕਾਮੀ ਹੀ ਪੱਲੇ ਪਈ। ਮਾਂ ਨੂੰ ਕੋਈ ਸੁਣ ਹੀ ਨਹੀਂ ਸੀ ਰਿਹਾ। ਸ਼ਰਮ ਨਾਲ ਲੜਕੀ ਦਾ ਬੁਰਾ ਹਾਲ ਸੀ। ਛੋਟਾ ਭਰਾ ਕਿਸੇ ਨੂੰ ਬੋਤਲ ਪਕੜਾ ਹੀ ਨਹੀਂ ਸੀ ਰਿਹਾ। ਸਗੋਂ ਸੋਸ ਨਾ ਨਿਕਲਣ ਤੇ ਖਿਝ ਰਿਹਾ ਸੀ। ਇਸ ਦੇ ਕਿਸੇ ਹੋਰ ਹੱਲ ਬਾਰੇ ਸਾਨੂੰ ਵੀ ਨਹੀਂ ਸੀ ਪਤਾ। “ਚਲੋ ਰਹਿਣ ਦਿਓਂ ਸੋਸ ਨੂੰ ” ਕਹਿ ਕੇ ਅਸੀਂ ਬਿਨਾਂ ਸੋਸ ਤੋਂ ਪਕੌੜੇ ਖਾਣੇ ਸ਼ੁਰੂ ਕਰ ਦਿੱਤੇ ਕਿਉਂਕਿ ਕੋਲ ਕੱਪਾਂ ਵਿੱਚ ਪਈ ਚਾਹ ਠੰਡੀ ਹੋ ਰਹੀ ਸੀ ਓਹਨਾ ਦਿਨਾਂ ਵਿਚ ਕੇਤਲੀ ਦਾ ਯੁੱਗ ਵੀ ਖਤਮ ਹੋ ਚੁੱਕਿਆ ਸੀ। ਛੋਟੂ ਅਜੇ ਵੀ ਸੋਸ ਵਾਲੀ ਬੋਤਲ ਨਾਲ ਮਗਜਮਾਰੀ ਕਰ ਰਿਹਾ ਸੀ ਸ਼ਾਇਦ ਉਸਨੇ ਇਸਨੂੰ ਆਪਣੀ ਇੱਜਤ ਦਾ ਸਵਾਲ ਬਣਾ ਲਿਆ ਸੀ। ਬਾਰ ਬਾਰ ਪਿੱਠ ਠੋਕਣ ਨਾਲ ਇੱਕ ਦਮ ਵਾਹਵਾ ਸਾਰੀ ਸੋਸ ਇਸਦੀ ਭੈਣ ਦੇ ਗੁਲਾਬੀ ਰੰਗ ਦੇ ਸੂਟ ਤੇ ਡਿੱਗ ਪਈ। ਹੁਣ ਇਹ ਉਸਤੋਂ ਵੀ ਮਾੜਾ ਕਾਂਡ ਹੋ ਗਿਆ ਸੀ। ਚਾਹੇ ਸੂਟ ਖਰਾਬ ਹੋ ਗਿਆ ਸੀ ਪਰ ਛੋਟੂ ਆਪਣੀ ਕਾਮਜਾਬੀ ਤੇ ਖੁਸ਼ ਸੀ। ਫ਼ਿਰ ਉਸਨੇ ਸਭ ਦੀਆਂ ਪਲੇਟਾਂ ਵਿਚ ਸੋਸ ਪਾਈ ਤੇ ਚਾਹ ਪੀਣ ਦੇ ਬਾਦ ਵੀ ਸਾਨੂੰ ਸੋਸ ਨਾਲ ਦੋ ਦੋ ਪਕੌੜੇ ਖਾਣ ਲਈ ਮਜਬੂਰ ਕੀਤਾ। ਜੋ ਅਸੀਂ ਉਸਦਾ ਮਾਣ ਰੱਖਣ ਲਈ ਖਾ ਵੀ ਲਏ। ਸੰਯੋਗ ਪ੍ਰਬਲ ਸਨ ਰਿਸ਼ਤਾ ਸਿਰੇ ਚੜ੍ਹ ਗਿਆ। ਸੋਸ ਵਾਲੀ ਘਟਨਾ ਇੱਕ ਯਾਦ ਬਣ ਗਈ। ਹੁਣ ਛੋਟੂ ਵੀ ਦੋ ਜੁਆਕਾਂ ਦਾ ਪਿਓ ਹੈ।
ਹੁਣ ਤਾਂ ਸੋਸ ਦੀ ਬੋਤਲ ਨੂੰ ਗਰਮ ਪਾਣੀ ਵਿੱਚ ਰੱਖਕੇ ਸਮੱਸਿਆ ਹੱਲ ਕਰ ਲਾਈਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *