84 ਦੇ ਦੰਗਿਆਂ ਤੋਂ ਪਹਿਲਾਂ ਦੀ ਗੱਲ – – – – ਪੋਹ ਦਾ ਮਹੀਨਾ ਤੇ ਉਹ ਰੇਡੀਉ ਸਟੇਸ਼ਨ ‘ਤੇ ਆਪਣੀ ਰਿਕਾਰਡਿੰਗ ਕਰਵਾ ਕੇ ਵਾਹੋ ਦਾਹੀ ਬੱਸ ਅੱਡੇ ਵੱਲ ਤੇਜ਼ ਕਦਮੀਂ ਤੁਰੀ ਜਾ ਰਹੀ । ਉਹ ਜਲੰਧਰ ਦੇ ਇਕ ਮੰਨੇ-ਪ੍ਰਮੰਨੇ ਸਕੂਲ ‘ਚ ਅਧਿਆਪਕਾ ਵਜੋਂ ਕੰਮ ਕਰਨ ਦੇ ਨਾਲ ਰੇਡੀਉ ‘ਤੇ ਸ਼ੌਕ ਵਜੋਂ ਪ੍ਰੋਗਰਾਮ ਵੀ ਦਿੰਦੀ ਸੀ। ਸਕੂਲ ਤੋਂ ਛੁੱਟੀ ਹੋਣ ਉਪਰੰਤ ਸਿੱਧਾ ਰੇਡੀਉ ਸਟੇਸ਼ਨ ਚਲੀ ਗਈ ਸੀ । ਹੁਣ ਉਸਦੇ ਮਨ ‘ਚ ਧੁੜਕੂ ਲੱਗਾ ਹੋਇਆ ਸੀ ਕਿ ਕਿਤੇ ਪੰਜ ਵਜੇ ਵਾਲੀ ਬੱਸ ਨਿਕਲ ਨਾ ਜਾਵੇ।- – – ਉਹੀਓ ਹੋਇਆ ਜਿਸਦਾ ਡਰ ਸੀ । ਅਗਲੀ ਬੱਸ ਲੈ ਕੇ ਪਿੰਡ ਪਹੁੰਚੀ ਜੋ ਕਿ ਜਲੰਧਰ ਤੋਂ ਪੱਚੀ ਕੁ ਕਿਲੋਮੀਟਰ ਦੀ ਦੂਰੀ ‘ਤੇ ਸੀ । ਦਿਨ ਛੋਟੇ ਹੋਣ ਕਾਰਣ ਹਨੇਰਾ ਪਸਰ ਚੁੱਕਾ ਸੀ ਪਿੰਡਾਂ ਵਿੱਚ ਵੈਸੇ ਵੀ ਸੂਰਜ ਡੁੱਬਦਿਆਂ ਹੀ ਲੋਕ ਥੱਕੇ-ਟੁੱਟੇ ਰਜ਼ਾਈਆਂ ‘ਚ ਜਾ ਵੜਦੇ ਹਨ ।
ਕੰਬਦੇ ਹੱਥਾਂ ਨਾਲ ਘਬਰਾਈ ਹੋਈ ਨੇ ਦਰਵਾਜ਼ਾ ਖੜਕਾਉਣ ਲਈ ਹੱਥ ਲਾਇਆ ਪਰ ਦਰਵਾਜ਼ਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ । ਸਹਿਮੀ ਹੋਈ ਘਰ ਅੰਦਰ ਦਾਖਲ ਹੋਈ- ਘਰ ‘ਚ ਛਾਇਆ ਸਨਾਟਾ ਸੱਸ ਦੇ ਗੁਸੇ ਦੀ ਗਵਾਹੀ ਭਰ ਰਿਹਾ ਸੀ। ਉਸਨੇ ਦੋ ਕੁ ਕਦਮ ਪੁੱਟੇ ਹੀ ਸਨ ਕਿ ਕੜਕਵੀਂ ਆਵਾਜ਼ ਸੁਣ ਕੇ ਠਠੰਬਰ ਗਈ ਤੇ ਸਿਰ ਤੋਂ ਪੈਰਾਂ ਤੀਕ ਕੰਬ ਗਈ – – –
‘ ਮੈਂ ਕਿਆ ਹਰਮੀਤਿਆ ਆਹ ਆਪਣੀ ਲਗਦੀ ਨੂੰ ਪੁੱਛ ਕਿੱਥੋਂ ਆਈ ਆ ਏਸ ਵੇਲੇ – – ਆ ਪੈਂਡ ਆ ਤੇਰਾ ਸ਼ੈਰ ਨਈ – – ਪਈ ਜਦੋਂ ਮਰਜ਼ੀ ਅੱਧੀ ਰਾਤੀਂ ਘਰ ਆ ਵੜੇਂ – – ਸ਼ਰਮ ਨਾ ਹਯਾ ਏਨੂੰ – – – – – ਹੁੰਅਅਅਅ
ਤੇ ਉਸਨੇ ਠਾਹ ਦੇਣੀ ਕਮਰੇ ਦੀ ਖਿੜਕੀ ਇੰਜ਼ ਬੰਦ ਕੀਤੀ ਜਿਵੇਂ ਸਾਰਾ ਗੁੱਸਾ ਵਿਚਾਰੀ ਖਿੜਕੀ ‘ਤੇ ਕੱਢਣਾ ਚਾਹੁੰਦੀ ਸੀ – – ਪਰ ਜੁਆਬ ‘ਚ ਕੋਈ ਨਾ ਕੁਸਕਿਆ – – ਉਹ ਐਨਾ ਡਰ ਗਈ ਸੀ ਕਿ ਉਸ ‘ਚ ਅਪਣੇ ਪਤੀ ਹਰਮੀਤ ਨੂੰ ਵੀ ਦਰਵਾਜ਼ਾ ਖੋਲ੍ਹਣ ਲਈ ਕਹਿਣ ਦੀ ਹਿੰਮਤ ਨਾ ਪਈ । ਸ਼ਾਇਦ ਮਾਂ ਦੇ ਹੁਕਮ ਅਨੁਸਾਰ ਸਭ ਕਮਰੇ ਅੰਦਰੋਂ ਬੰਦ ਸਨ ਤੇ ਮਾਂ ਦੇ ਹੁਕਮ ਦੀ ਉਲੰਘਣਾ ਕਰਨਾ – – ਤੋਬਾ – ਭੂੰਡਾਂ ਦੇ ਖੱਖਰ ਨੂੰ ਛੇੜਣਾ ਸੀ – – ।
ਉਸਨੂੰ ਸਮਝ ਨਾ ਆਵੇ ਕਿ ਕੀ ਕਰੇ – – ਹਰਮੀਤ ਵੀ ਮਾਂ ਦੇ ਡਰੋਂ ਬਾਹਰ ਨਾ ਬਹੁੜਿਆ ।ਅਚਾਨਕ ਉਸਦੀ ਨਜ਼ਰ ਡਰਾਇੰਗ-ਰੂਮ ਵੱਲ ਪਈ ਜੋ ਖੁੱਲ੍ਹਾ ਸੀ ਤਾਂ ਉਸਦੀ ਜਾਨ ‘ਚ ਜਾਨ ਆਈ । ਹੌਲੀ ਹੌਲੀ ਉਸਦੇ ਪੈਰ ਉਸ ਕਮਰੇ ਵੱਲ ਵਧੇ ਤੇ ਕੰਨ ਖਿੜਕੀ ਵੱਲ – – ਕੁਝ ਸੋਚ ਕੇ ਸੋਫ਼ੇ ਤੇ ਡਿੱਗ ਪਈ – – – ਸਾਰੀ ਰਾਤ ਉਸੇ ਸੋਫੇ ਉੱਤੇ – – ਬਿਨਾਂ ਰਜ਼ਾਈ / ਕੰਬਲ ਤੋਂ – – ਭੁੱਖੇ ਪੇਟ – – ਕਿਸੇ ਨੂੰ ਤਰਸ ਨਾ ਆਇਆ – – – – ।
ਤੇ ਅਗਲੀ ਸਵੇਰ ਸਕੂਲ ਜਾਣ ਲੱਗਿਆਂ ਉਹ ਕਾਲੇ ਸ਼ੀਸ਼ੇ ਵਾਲੀਆਂ ਐਨਕਾਂ ਲੱਭ ਰਹੀ ਸੀ ਤਾਂ ਜੋ ਰਾਤ ਭਰ ਦੇ ਉੁਨੀਂਦਰੇ ਨਾਲ ਜਾਂ ਰੋਣ ਕਰਕੇ ਸੁੱਜੀਆਂ ਅੱਖਾਂ ਨੂੰ ਹੋਰਾਂ ਤੋਂ ਲੁਕੋ ਸਕੇ ।