ਮਹਿਕਮੇਂ ਵਿਚ ਪੰਝੀ ਸਾਲ ਪੂਰੇ ਕਰਨ ਵਾਲੇ ਪਹਿਲੇ ਬੈਚ ਦਾ ਸਮਾਗਮ ਚੱਲ ਰਿਹਾ ਸੀ..ਸਬੱਬ ਨਾਲ ਓਸੇ ਦਿਨ ਮਾਂ ਦਿਵਸ ਵੀ ਸੀ!
ਸਟੇਜ ਤੋਂ ਇਕ ਵਚਿੱਤਰ ਇਨਾਮ ਦੀ ਘੋਸ਼ਣਾ ਹੋਈ..!
ਜੋ ਵੀ ਬਟੂਏ ਵਿਚ ਰੱਖੀ ਆਪਣੀ ਮਾਂ ਦੀ ਫੋਟੋ ਸਭ ਤੋਂ ਪਹਿਲਾਂ ਸਟੇਜ ਤੇ ਲੈ ਕੇ ਆਵੇਗਾ..ਉਸਨੂੰ ਪੰਜ ਸੌ ਦਾ ਇਨਾਮ ਮਿਲੇਗਾ..!
ਕਿੰਨੇ ਲੋਕ ਬਟੂਏ ਵਿਚੋਂ ਫੋਟੋਆਂ ਕੱਢ ਸਟੇਜ ਵੱਲ ਨੂੰ ਦੌੜੇ..!
ਮੇਰੇ ਬਟੂਏ ਵਿਚ ਵੀ ਉਸ ਵੇਲੇ ਭਾਵੇਂ ਦੋ ਸਨ..ਪਰ ਮੈਂ ਬੈਠਾ ਰਿਹਾ..ਬਟੂਏ ਵਿਚ ਮਾਂ ਦੀ ਫੋਟੋ ਰੱਖਣੀ ਭਲਾ ਕਿਹੜੀ ਵੱਡੀ ਗੱਲ ਏ!
ਫੇਰ ਅਗਲਾ ਇਨਾਮ ਅਨਾਊਂਸ ਹੋਇਆ..!
ਪਿਛਲੇ ਦੋ ਦਿਨਾਂ ਵਿਚ ਮਾਂ ਲਈ ਖਰੀਦੇ ਕਿਸੇ ਵੀ ਗਿਫ਼੍ਟ ਦਾ ਬਿੱਲ ਹੋਵੇ..ਲੈ ਕੇ ਸਟੇਜ ਤੇ ਆਵੇ..!
ਮੈਂ ਕੱਲ ਹੀ ਉਸ ਜੋਗਾ ਚਵਣ-ਪ੍ਰਕਾਸ਼ ਅਤੇ ਬਦਾਮ ਰੋਗਨ ਦੀ ਵੱਡੀ ਬੋਤਲ ਖਰੀਦੀ ਸੀ..ਸਬੱਬ ਨਾਲ ਬਿੱਲ ਵੀ ਮੇਰੇ ਬਟੂਏ ਵਿਚ ਹੀ ਸੀ..!
ਮੈਂ ਤਾਂ ਵੀ ਨਾ ਉੱਠਿਆ..ਇਹ ਸਭ ਕੁਝ ਤੇ ਮੇਰੀ ਲੋੜ ਸੀ ਕੇ ਉਹ ਤੰਦਰੁਸਤ ਰਹੇ..ਉਸਦਾ ਗਿਫ਼੍ਟ ਥੋੜੀ!
ਮਾਂ ਲਈ ਖਰੀਦੇ ਸੋਨੇ ਦੇ ਝੁਮਕੇ ਵਾਲਾ ਦੂਜਾ ਬੰਦਾ ਹਜਾਰ ਰੁਪਈਏ ਦਾ ਇਨਾਮ ਲੈ ਗਿਆ!
ਅਗਲਾ ਤੇ ਆਖਰੀ ਇਨਾਮ..ਜੋ ਵੀ ਆਪਣੀ ਮਾਂ ਨੂੰ ਆਪਣੇ ਕੋਲ ਘਰੇ ਰੱਖਦਾ ਹੋਵੇ..ਸਟੇਜ ਤੇ ਆਵੇ..!
ਸਾਰੇ ਪੰਡਾਲ ਵਿਚ ਚੁੱਪੀ ਛਾ ਗਈ..ਸਭ ਏਧਰ ਓਧਰ ਵੇਖਣ ਲੱਗੇ..ਅੱਜ ਕੱਲ ਦੇ ਜਮਾਨੇ ਵਿਚ ਭਲਾ ਕੌਣ ਨਾਲ ਰੱਖਦਾ ਏ!
ਫੇਰ ਅਚਾਨਕ ਕਿਸੇ ਮੇਰਾ ਨਾਮ ਲੈ ਦਿੱਤਾ..ਅਖ਼ੇ ਇਹ ਆਪਣੀ ਮਾਂ ਨੂੰ ਕੋਲ ਰੱਖਦਾ ਏ..ਬਾਕੀ ਸਾਰਿਆਂ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ..ਮੈਂਨੂੰ ਮਜਬੂਰਨ ਖਲੋਣਾ ਪਿਆ..ਸਟੇਜ ਤੇ ਗਿਆ ਤਾਂ ਆਖਣ ਲੱਗੇ ਹੁਣ ਦੋ ਸ਼ਬਦ ਬੋਲਣੇ ਵੀ ਪੈਣੇ ਨੇ..!
ਪਹਿਲੋਂ ਸਟੇਜ ਤੋਂ ਕਦੀ ਨਹੀਂ ਸੀ ਬੋਲਿਆ..ਤਾਂ ਵੀ ਏਨੀ ਗੱਲ ਆਖ ਛੇਤੀ ਨਾਲ ਹੇਠਾਂ ਉੱਤਰ ਆਇਆ ਕੇ ਦੋਸਤੋ ਮੈਂ ਉਸਨੂੰ ਨਹੀਂ ਸਗੋਂ ਉਹ ਮੈਨੂੰ ਆਪਣੇ ਕੋਲ ਰੱਖਦੀ ਏ..ਨਿੱਕੇ ਹੁੰਦਿਆਂ ਤੋਂ..ਗਿੱਲੇ ਪੋਤੜਿਆਂ ਵਾਲੀ ਉਮਰ ਤੋਂ..!
ਮੇਰੇ ਹੱਥ ਵਿਚ ਫੜੇ ਲਫਾਫੇ ਵਿੱਚ ਤਾਂ ਪਤਾ ਨਹੀਂ ਕਿੰਨੇ ਪੈਸੇ ਸਨ ਪਰ ਇੰਝ ਜਰੂਰ ਲੱਗਿਆ ਜਿੱਦਾਂ ਸਾਰੇ ਪਾਸਿਓਂ ਦੁਆਵਾਂ ਦੀ ਵਾਛੜ ਹੋ ਰਹੀ ਹੋਵੇ..ਕੁਝ ਸੀਟਾਂ ਤੋਂ ਉੱਠ ਤਾੜੀਆਂ ਮਾਰ ਰਹੇ ਸਨ ਤੇ ਕੁਝ ਰੋ ਰਹੇ ਸਨ!
ਹਰਪ੍ਰੀਤ ਸਿੰਘ ਜਵੰਦਾ