ਉਸ ਦਿਨ ਪਾਣੀ ਦੀ ਵਾਰੀ ਆਪਣੀ ਸੀ..ਆਪਣਾ ਟਾਈਮ ਰਾਤ ਬਾਰਾਂ ਵਜੇ ਸ਼ੁਰੂ ਹੋਣਾ ਸੀ..!
ਸ਼ਰੀਕਾਂ ਨਾਲ ਖਹਿਬਾਜੀ..ਬੀਜੀ ਆਖਣ ਲੱਗੀ ਨਿੱਕੇ ਨੂੰ ਵੀ ਨਾਲ ਲੈਂਦਾ ਜਾਵੀਂ..
ਪੁੱਛਿਆ ਤਾਂ ਨਾਂਹ-ਨੁੱਕਰ ਕਰਨ ਲੱਗਾ ਅਖ਼ੇ ਨਵੇਂ ਸਾਲ ਵਾਲਾ ਪ੍ਰੋਗਰਾਮ ਵੇਖਣਾ..!
ਅਖੀਰ ਧੱਕਾ ਕਰਨਾ ਪਿਆ!
ਸਾਰੇ ਰਾਹ ਆਖਦਾ ਰਿਹਾ ਪੈਰ ਠਰਦੇ ਨੇ..ਤੇ ਕਦੀ ਪੈਰ ਹੇਠ ਸੱਪ ਸਪੂਲੀ ਹੀ ਨਾ ਆ ਜਾਵੇ..!
ਆਪਣਾ ਟਾਈਮ ਆਇਆ ਤਾਂ ਵਹਾਅ ਬਹੁਤ ਤੇਜ..ਨੱਕਾ ਨਾ ਮੋੜਿਆ ਜਾਵੇ..ਉੱਤੋਂ ਘਸੇ ਸਿਰੇ ਵਾਲੀ ਨਿੱਕੀ ਜਿਹੀ ਕਹੀ..ਸ਼ੂਕਦਾ ਪਾਣੀ ਪੇਸ਼ ਨਾ ਜਾਣ ਦੇਵੇ..ਇੱਕ ਦੋ ਮਿੰਟ ਇੰਝ ਹੀ ਲੰਘ ਗਏ..ਅਖੀਰ ਕੋਲ ਖਲੋਤੇ ਨਿੱਕੇ ਨੂੰ ਜਬਰਦਸਤੀ ਚੁੱਕ ਵਗਦੇ ਹੋਏ ਪਾਣੀ ਵਾਲੇ ਖ਼ਾਲ ਅੱਗੇ ਬਿਠਾ ਪਾਣੀ ਰੋਕ ਦਿੱਤਾ..!
ਉਸਨੇ ਅੱਗੋਂ ਗਾਹਲ ਕੱਢ ਦਿੱਤੀ..ਮੈਂ ਵੀ ਘਸੁੰਨ ਜੜ ਦਿੱਤਾ..ਹੰਝੂ ਵਹਿ ਤੁਰੇ..ਫੇਰ ਗੁੱਸੇ ਨਾਲ ਆਖਿਆ ਕੇ ਇਥੇ ਹੀ ਬੈਠਾ ਰਹਿ..ਜਦੋਂ ਤੱਕ ਆਖਾਂ ਨਾ ਉੱਠਣਾ ਨਹੀਂ..!
ਫੇਰ ਜਾ ਕੇ ਕਿਧਰੇ ਪਾਣੀ ਕਾਬੂ ਵਿਚ ਆਇਆ..!
ਪਾਣੀ ਨਾਲ ਗੜੁੱਚ ਰੋਈ ਜਾਵੇ ਤੇ ਨਾਲੇ ਕੰਬੀ ਵੀ..ਫੇਰ ਉਸਨੂੰ ਓਸੇ ਤਰਾਂ ਚੁੱਕ ਬੰਬੀ ਦੇ ਢਾਰੇ ਅੰਦਰ ਲੈ ਆਇਆ..ਕਮਾਦ ਦੀ ਖੋਰੀ ਇੱਕਠੀ ਕਰ ਧੂਣੀ ਲਾ ਦਿੱਤੀ..ਆਪਣੇ ਅਤੇ ਬਲਦੀ ਹੋਈ ਅੱਗ ਦੇ ਐਨ ਵਿਚਕਾਰ ਨਿੱਘੇ ਥਾਂ ਉਸਨੂੰ ਬਿਠਾ ਲਿਆ..ਦੰਦੋੜਿੱਕੇ ਵੱਜੀ ਜਾਣ..ਅੰਦਰੋਂ ਅੰਦਰ ਰੋਈ ਵੀ ਜਾਵੇ..ਨਜਰਾਂ ਨਾ ਮਿਲਾਵੈ ਤੇ ਨਾ ਗੱਲ ਹੀ ਕਰੇ..ਗਿੱਲੇ ਕੱਪੜੇ ਵੀ ਮਸਾਂ ਬਦਲੇ!
ਪਿੰਡ ਵਾਪਿਸ ਮੁੜਦੇ ਵਕਤ ਇਹੀ ਸਮਝਾਉਂਦਾ ਆਇਆ ਕੇ ਜੇ ਇੱਕ ਵੀ ਵੱਢ ਸੁੱਕਾ ਰਹਿ ਜਾਂਦਾ ਤਾਂ ਅਗਲੀ ਵਾਰੀ ਪੂਰੇ ਮਹੀਨੇ ਬਾਅਦ ਆਉਣੀ ਸੀ..ਓਦੋਂ ਤੱਕ ਸਭ ਕੁਝ ਸੁੱਕ ਜਾਣਾ ਸੀ..ਫੇਰ ਸ਼ਰੀਕਾਂ ਦੇ ਮਖੌਲ ਅਤੇ ਆੜਤੀਆਂ ਦਾ ਕਰਜਾ..!
ਪਰ ਕੋਈ ਅਸਰ ਨਹੀਂ ਸੀ ਹੋ ਰਿਹਾ..ਘਰੇ ਆ ਕੇ ਵੀ ਕਿੰਨੇ ਦਿਨ ਮੂੰਹ ਵੱਟੀ ਰੱਖਿਆ..ਬੀਜੀ ਅਤੇ ਵੱਡੀ ਭੈਣ ਜੀ ਨੂੰ ਸ਼ਿਕਾਇਤਾਂ ਲਾਈਆਂ..!
ਅਸਲ ਗੱਲ ਜਾਣਦੀ ਬੀਜੀ ਆਖਣ ਲੱਗੀ ਕਮਲਿਆਂ ਵੱਡੇ ਵੀਰਾਂ ਅਤੇ ਮਾਸਟਰਾਂ ਵੱਲੋਂ ਮਾਰੀਆਂ ਦਾ ਗੁੱਸਾ ਨੀ ਕਰੀਦਾ ਤੇ ਨਾ ਹੀ ਪੀੜ ਮਨਾਈਦੀ ਹੁੰਦੀ ਏ..ਇਹ ਤਾਂ ਬੰਦੇ ਨੂੰ ਹੋਰ ਕਰੜਾ ਕਰਦੀਆਂ..!
ਫੇਰ ਨਵੇਂ ਸਾਲ ਦੀ ਰਾਤ ਨੂੰ ਹੋਈ ਉਸ ਘਟਨਾ ਦਾ ਜਿਕਰ ਮੁੜਕੇ ਕਿੰਨੇ ਵਰ੍ਹਿਆਂ ਤੱਕ ਹੁੰਦਾ ਰਿਹਾ..!
ਥੋੜਾ ਜੁਆਨ ਹੋਇਆ ਤਾਂ ਮੈਂ ਵਾਹੀ ਖੇਤੀ ਉਸਦੇ ਹਵਾਲੇ ਕਰ ਆਪ ਫੌਜ ਵਿੱਚ ਭਰਤੀ ਹੋ ਗਿਆ..ਪਹਿਲੀ ਵੇਰ ਛੁੱਟੀ ਕੱਟਣ ਪਿੰਡ ਆਇਆਂ ਤਾਂ ਮਿੱਟੀਓਂ ਮਿੱਟੀ ਹੋਇਆ ਬਾਹਰ ਖੇਤਾਂ ਵਿੱਚ ਹੀ ਮਿਲ ਪਿਆ..!
ਕਿੰਨੀਆਂ ਸਾਰੀਆਂ ਗੱਲਾਂ ਕੀਤੀਆਂ..ਸ਼ਿਕਾਇਤਾਂ ਲਾਈਆਂ..ਫ਼ੇਰ ਗੱਲ ਕਰਦਾ ਅਚਾਨਕ ਨਾਲ ਲੱਗ ਰੋ ਪਿਆ ਅਖ਼ੇ ਤੁਸੀਂ ਤੇ ਬੀਜੀ ਸਹੀ ਆਖਿਆ ਕਰਦੇ ਸੋ..ਆਪਣਿਆਂ ਵੱਲੋਂ ਮਾਰੀਆਂ ਦੀ ਪੀੜ ਤੇ ਕੁਝ ਵੀ ਨਹੀਂ ਹੁੰਦੀ..ਅਸਲ ਪੀੜ ਤੇ ਓਹਨਾ ਬੋਲਾਂ ਅਤੇ ਤਾਹਨੇ-ਮੇਹਣਿਆਂ ਦੀ ਹੁੰਦੀ ਏ ਜੋ ਸ਼ਰੀਕ ਅਤੇ ਬੇਗਾਨੇ ਨਿੱਤ ਦਿਹਾੜੇ ਮਾਰਦੇ ਹੀ ਰਹਿੰਦੇ ਨੇ..ਹਰ ਗੱਲ ਸਿੱਧੀ ਦਿਲ ਤੇ ਹੀ ਵੱਜਦੀ ਤੇ ਮੁੜਕੇ ਜੇ ਰੋਣ ਨਿੱਕਲ ਵੀ ਆਵੇ ਤਾਂ ਮਜਾਕ ਵੱਖਰਾ ਉਡਾਉਂਦੇ..!
ਬੀਜੀ ਦੇ ਜਾਣ ਮਗਰੋਂ ਸ਼ਾਇਦ ਕੱਲਾ ਰਹਿ ਗਿਆ ਉਹ ਬਹੁਤ ਜਿਆਦਾ ਓਦਰ ਵੀ ਗਿਆ ਸੀ..ਮੈਂ ਵੀ ਉਸਨੂੰ ਓਨੀ ਦੇਰ ਛਾਤੀ ਨਾਲ ਹੀ ਲਾਈ ਰਖਿਆ ਜਿੰਨੀ ਦੇਰ ਉਸ ਅੰਦਰ ਚਿਰਾਂ ਤੋਂ ਬਲਦੀ ਅੱਗ ਪੂਰੀ ਤਰਾਂ ਠੰਡੀ ਨਾ ਹੋ ਗਈ..!
ਕਈ ਵੇਰ ਠਰਦੇ ਬਾਹਰੀ ਵਜੂਦ ਨੂੰ ਗਰਮ ਕਰਨ ਲਈ ਦੁਨਿਆਵੀ ਅੱਗ ਬਾਲਣੀ ਪੈਂਦੀ ਏ ਅਤੇ ਕਦੀ ਕਦੀ ਅੰਦਰ ਬਲਦੀ ਹੋਈ ਨੂੰ ਠੰਡਿਆਂ ਕਰਨ ਲਈ ਬਾਹਰੀ ਤਲਿੱਸਮੀ ਤਰੌਂਕੇ ਵੀ ਮਾਰਨੇ ਪੈਂਦੇ ਨੇ..!
ਪਰ ਮਨ ਅੰਦਰ ਇਕੱਠਾ ਹੋ ਗਿਆ ਕਿੰਨਾ ਕੁਝ ਬਾਹਰ ਕੱਢਣਾ ਬਹੁਤ ਹੀ ਜਰੂਰੀ ਏ..ਨਹੀਂ ਤੇ ਅੰਦਰੋਂ ਅੰਦਰ ਇੱਕ ਐਸਾ ਜਹਿਰ ਬਣ ਜਾਂਦਾ ਏ ਜਿਹੜਾ ਪਹਿਲੋਂ ਰੂਹ ਨੂੰ ਸਾੜ ਕੇ ਸਵਾਹ ਕਰਦਾ ਤੇ ਮਗਰੋਂ ਬਾਹਰੀ ਵਜੂਦ ਅਤੇ ਬਾਕੀ ਬਚੇ ਹੋਏ ਸਭ ਕੁਝ ਨੂੰ ਸਿਫ਼ਰ.!
ਸੋ ਦੋਸਤੋ ਅੱਜ ਕੱਲ ਦੀ ਭੱਜ ਦੌੜ ਵਿਚ ਕੋਈ ਗੁਬਾਰ ਕੱਢਣ ਲਈ ਕਿਸੇ ਮੋਢੇ ਦੀ ਭਾਲ ਵਿਚ ਤੁਰਿਆ ਫਿਰਦਾ ਦਿਸ ਪਵੇ ਤਾਂ ਨਿਸੰਗ ਹੋ ਕੇ ਦੇ ਦੇਣਾ ਚਾਹੀਦਾ..ਦੱਸਦੇ ਇੰਝ ਕਰਨਾ ਵੀ ਉੱਪਰਲੇ ਦੇ ਦਰਬਾਰ ਵਿਚ ਇੱਕ ਵੱਡਾ ਦਾਨ ਪੁੰਨ ਮੰਨਿਆਂ ਜਾਂਦਾ..!
ਹਰਪ੍ਰੀਤ ਸਿੰਘ ਜਵੰਦਾ