ਚੇਨਈ ਦੇ ਇੱਕ ਸਕੂਲ ਨੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਤੇ ਕੋਈ ਕੰਮ ਨਹੀਂ ਦਿੱਤਾ ਗਿਆ ਸਗੋਂ ਹੋਮ ਵਰਕ ਦੀ ਇੱਕ ਵੱਡੀ ਲਿਸਟ ਬਣਾ ਕੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਤੇ ਨਾਲ ਹੀ ਇਹ ਆਖਿਆ ਕੇ ਅਸੀਂ ਤੁਹਾਡੇ ਨਿਆਣਿਆਂ ਦੀ ਪੂਰੇ ਦਸ ਮਹੀਨੇ ਸੇਵਾ ਸੰਭਾਲ ਕੀਤੀ ਹੈ ਤੇ ਤੁਸੀਂ ਗੌਰ ਕੀਤਾ ਹੋਵੇਗਾ ਕੇ ਤੁਹਾਡੇ ਬੱਚੇ ਸਕੂਲ ਆਉਣਾ ਪਸੰਦ ਵੀ ਕਰਿਆ ਕਰਦੇ ਸਨ!
ਦੋ ਮਹੀਨੇ ਦੀਆਂ ਛੁੱਟੀਆਂ ਵਿਚ ਅੱਗੇ ਦੱਸੀ ਲਿਸਟ ਦੇ ਸਾਰੇ ਪੁਆਇੰਟਾਂ ਤੇ ਗੌਰ ਕਰਨਾ ਹੁਣ ਤੁਹਾਡੀ ਜੁਮੇਵਾਰੀ ਏ
1.ਦਿਹਾੜੀ ਵਿਚ ਆਪਣੇ ਜੁਆਕਾਂ ਨਾਲ ਆਰਾਮ ਨਾਲ ਬੈਠ ਘਟੋ ਘੱਟ ਦੋ ਵਾਰ ਖਾਣਾ ਜਰੂਰ ਖਾਓ
2.ਓਹਨਾ ਨੂੰ ਕਿਰਸਾਨੀ ਦਾ ਮਹੱਤਵ ਅਤੇ ਕਿਸਾਨਾਂ ਦੀ ਸਖਤ ਮੇਹਨਤ ਬਾਰੇ ਜਰੂਰ ਦੱਸੋ
ਅਤੇ ਇਹ ਵੀ ਦੱਸੋ ਕੇ ਏਨੀ ਮੇਹਨਤ ਨਾਲ ਪੈਦਾ ਕੀਤਾ ਅੰਨ ਬੇਕਾਰ ਨਾ ਸਿਟਿਆ ਜਾਵੇ
3.ਖਾਣਾ ਖਾਣ ਮਗਰੋਂ ਨਿਆਣਿਆਂ ਨੂੰ ਆਪਣੀਆਂ ਜੂਠੀਆਂ ਪਲੇਟਾਂ ਖੁਦ ਧੋਣ ਬਾਰੇ ਉਤਸ਼ਾਹਿਤ ਕਰੋ ਅਤੇ ਹੱਥੀਂ ਕਾਰ ਕਰਨ ਦੇ ਮਹੱਤਵ ਤੋਂ ਜਾਣੂੰ ਕਰਾਉਂਦੇ ਰਿਹਾ ਕਰਿਓ
4ਰੋਟੀ ਤਿਆਰ ਕਰਦੇ ਹੋਏ ਓਹਨਾ ਨੂੰ ਆਪਣੀ ਮਦਦ ਲਈ ਆਪਣੇ ਨਾਲ ਖੜਾ ਜਰੂਰ ਕਰੋ..ਓਹਨਾ ਨੂੰ ਸਬਜ਼ੀ ਕੱਟਣੀ ਅਤੇ ਸੈਲਾਦ ਤਿਆਰ ਕਰਨਾ ਵੀ ਸਿਖਾਓ
5.ਆਪਣੇ ਨਿਆਣਿਆਂ ਨੂੰ ਆਪਣੇ ਓਹਨਾ ਤਿੰਨ ਗੁਆਂਢੀਆਂ ਦੇ ਘਰ ਜਰੂਰ ਲੈ ਕੇ ਜਾਵੋ ਜਿਹਨਾਂ ਨੂੰ ਤੁਸੀਂ ਅੱਗੇ ਕਿਸੇ ਕਾਰਨ ਨਹੀਂ ਮਿਲ ਸਕੇ..ਓਹਨਾ ਨਾਲ ਗੱਲਾਂ ਕਰੋ ਅਤੇ ਓਹਨਾ ਦੇ ਨਾਲ ਨੇੜਤਾ ਵਧਾਓ
6.ਨਿਆਣਿਆਂ ਨੂੰ ਦਾਦਾ-ਦਾਦੀ ਅਤੇ ਨਾਨਾ-ਨਾਨੀ ਕੋਲ ਲੈ ਕੇ ਜਰੂਰ ਜਾਓ ਅਤੇ ਨਿਆਣਿਆਂ ਨੂੰ ਇਹ ਵੀ ਆਖੋ ਕੇ ਓਹਨਾ ਕੋਲ ਬੈਠ ਓਹਨਾ ਦੀਆਂ ਗੱਲਾਂ ਸੁਣੋ ਅਤੇ ਓਹਨਾ ਨੂੰ ਆਪਣੇ ਬਾਰੇ ਦੱਸੋ..ਹੋ ਸਕੇ ਤਾਂ ਓਹਨਾ ਦੀਆਂ ਆਪਣੇ ਨਾਲ ਤਸਵੀਰਾਂ ਵੀ ਖਿੱਚੋ!
7.ਓਹਨਾ ਨੂੰ ਆਪਣੇ ਕੰਮ ਵਾਲੀ ਜਗਾ ਤੇ ਵੀ ਲੈ ਕੇ ਜਰੂਰ ਜਾਵੋ ਤਾਂ ਕੇ ਓਹਨਾ ਨੂੰ ਵੀ ਪਤਾ ਲੱਗ ਸਕੇ ਕੇ ਅਸਲ ਜਿੰਦਗੀ ਵਿਚ ਰੋਟੀ ਕਮਾਉਣ ਲਈ ਕੀ ਕੀ ਪਾਪੜ ਵੇਲਣੇ ਪੈਂਦੇ ਨੇ!
8.ਆਪਣੇ ਘਰ ਦੇ ਬਾਹਰ ਸਬਜੀਆਂ ਅਤੇ ਫੁੱਲ-ਬੂਟਿਆਂ ਦੀਆਂ ਕਿਆਰੀਆਂ ਵਿਚ ਬੀਜ ਆਪਣੇ ਨਿਆਣਿਆਂ ਦੇ ਹੱਥੀਂ ਬਿਜਵਾਓ ਤਾਂ ਕੇ ਓਹਨਾ ਨੂੰ ਫੁੱਲ ਬੂਟਿਆਂ ਦੇ ਮਹੱਤਵ ਬਾਰੇ ਪਤਾ ਲੱਗ ਸਕੇ
9.ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਜਰੂਰ ਦੱਸੋ ਅਤੇ ਭੂਤ-ਕਾਲ ਵਿਚ ਕੀਤੀ ਮੇਹਨਤ ਅਤੇ ਹੱਥੀਂ ਕੀਤੇ ਹੋਏ ਸਾਰੇ ਕਾਰ ਵਿਹਾਰਾਂ ਬਾਰੇ ਜਰੂਰ ਜਾਣੂੰ ਕਰਵਾਓ
10.ਆਪਣੇ ਜੁਆਕਾਂ ਨੂੰ ਕਦੀ ਕਦਾਈਂ ਬਾਹਰ ਕੱਲੇ ਖੇਡਣ ਦਿਓ..ਮਿੱਟੀ ਵਿਚ ਲਿੱਬੜਨ ਦਿਓ..ਕਿਓੰਕੇ ਕਦੇ ਕਦਾਈਂ ਚਿੱਕੜ ਵਿਚ ਡਿਗ ਗੰਦੇ ਹੋਣਾ ਤੇ ਗਿੱਟੇ ਗੋਡਿਆਂ ਤੇ ਸੱਟਾਂ ਖਾਣੀਆਂ ਓਹਨਾ ਵਿਚ ਬਰਦਾਸ਼ਤ ਦਾ ਮਾਦਾ ਪੈਦਾ ਕਰਦਿਆਂ ਹਨ! ਏਅਰ-ਕੰਡੀਸ਼ਨ ਕਮਰਿਆਂ ਦੇ ਮਖਮਲੀ ਗੱਦਿਆਂ ਤੇ ਬੈਠ ਘੰਟਿਆਂ ਬੱਦੀ ਟੀ.ਵੀ ਦੇਖਣਾ ਓਹਨਾ ਨੂੰ ਸਦੀਵੀਂ ਆਲਸੀ ਅਤੇ ਅਪਾਹਜ ਬਣਾਉਂਦਾ ਏ!
11.ਜੇ ਉਹ ਚਾਹੁੰਦੇ ਹੋਣ ਤਾਂ ਓਹਨਾ ਨੂੰ ਕੋਈ ਪਾਲਤੂ ਜਾਨਵਰ ਜੀਵੇਂ ਕੁੱਤਾ ਬਿੱਲੀ ਚਿੜੀਆਂ ਜਾ ਮੱਛੀ ਜਰੂਰ ਪਾਲ ਲੈਣ ਦਿਓ..ਇਹ ਸਭ ਕੁਝ ਓਹਨਾ ਵਿਚ ਵਫ਼ਾਦਾਰੀ ਅਤੇ ਜੁਮੇਵਾਰੀ ਦਾ ਇਹਸਾਸ ਪੈਦਾ ਕਰਦਾ ਏ
12.ਓਹਨਾ ਨੂੰ ਆਪਣੇ ਪੂਰਾਣੇ ਵਿਰਸੇ ਨਾਲ ਜੁੜੇ ਹੋਏ ਉਹ ਲੋਕ ਗੀਤ ਜਰੂਰ ਸੁਣਾਓ ਜਿਹਨਾਂ ਨੂੰ ਸੁਣਦੇ ਸੁਣਦੇ ਤੁਸੀਂ ਜੁਆਨ ਹੋਏ ਸੋ ਅਤੇ ਜਿਹਨਾਂ ਵਿਚ ਤੁਹਾਡੇ ਬਾਬਿਆਂ ਦੀਆਂ ਲੋਰੀਆਂ ਦੁਆਵਾਂ ਅਤੇ ਝਿੜਕਾਂ ਲੁਕੀਆਂ ਹੋਣ!
13.ਓਹਨਾ ਨੂੰ ਉਮਰ ਮੁਤਾਬਿਕ ਪੜਨ ਲਈ ਰੰਗ-ਬਿਰੰਗੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਲੈ ਕੇ ਦਿਓਂ
14.ਜਿਥੋਂ ਤੱਕ ਹੋ ਸਕੇ ਨਿੱਕੇ ਨਿੱਕੇ ਜੁਆਕਾਂ ਨੂੰ ਟੀ.ਵੀ ਸੈੱਲ,ਫੋਨ,ਆਈ ਪੈਡ੍ਸ ਅਤੇ ਹੋਰ ਇਲੈਕਟ੍ਰੋਨਿਕਸ ਗੈਜੇਟਸ ਤੋਂ ਦੂਰ ਰੱਖੋ..ਇਹਨਾਂ ਸਭ ਲਈ ਅਜੇ ਓਹਨਾ ਦੀ ਸਾਰੀ ਉਮਰ ਪਈ ਹੈ
15.ਓਹਨਾ ਨੂੰ ਜਿਥੋਂ ਤੱਕ ਹੋ ਸਕੇ ਟਾਫੀਆਂ,ਜੈਲੀ,ਕੋਕ ਅਤੇ ਗੰਦੇ ਤੇਲ ਵਿਚ ਨਿੱਕਲੇ ਹਾਨੀਕਾਰਕ ਪਕਵਾਨ ਤੋਂ ਦੂਰ ਰੱਖ ਕੁਦਰਤੀ ਤੌਰ ਤੇ ਬਨਾਸਪਤੀ ਤੋਂ ਮਿਲੇ ਹੋਏ ਆਰਗੈਨਿਕ ਭੋਜਨ ਦੀ ਮਹੱਤਤਾ ਜਰੂਰ ਸਮਝਾਓ
16.ਜਦੋਂ ਮੌਕਾ ਮਿਲੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਓ..ਓਹਨਾ ਨਾਲ ਬੱਚੇ ਬਣ ਖੇਡੋ ਮੱਲੋਂ ਨੱਚੋ ਟੱਪੋ ਅਤੇ ਓਹਨਾ ਨਾਲ ਗੱਲਾਂ ਕਰੋ
17.ਜਦੋਂ ਵੀ ਮੌਕਾ ਮਿਲੇ ਓਹਨਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬਿਨਾ ਵਜਾ ਮੁਸਕੁਰਾਉਣਾ ਕਦੀ ਨਾ ਭੁੱਲੋਂ ਅਤੇ ਕਦੀ ਕਦੀ ਅੰਤਰ ਧਿਆਨ ਹੁੰਦੇ ਹੋਏ ਉਸ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਨਾ ਵੀ ਕਦੀ ਨਾ ਭੁੱਲੋਂ ਜਿਸਨੇ ਏਨੇ ਬੇਸ਼ਕੀਮਤੀ ਹੀਰੇ ਤੁਹਾਡੀ ਝੋਲੀ ਪਾਏ!
ਜੇ ਇਹ ਸਾਰੀ ਲਿਸਟ ਪੜਦੇ ਹੋਏ ਤੁਹਾਡੀਆਂ ਅੱਖਾਂ ਵਿਚੋਂ ਕੁਝ ਕੂ ਮੋਤੀ ਭੋਇੰ ਤੇ ਟਪਕ ਪੈਣ ਤਾਂ ਸਮਝ ਲਿਓ ਕੇ ਇਹ ਉਹ ਸ਼ੈਆਂ ਹਨ ਜਿਹਨਾਂ ਦੀ ਤੁਹਾਡੇ ਬਚਪਨ ਵੇਲੇ ਕੋਈ ਕਮੀਂ ਨਹੀਂ ਸੀ ਹੋਇਆ ਕਰਦੀ ਪਰ ਹੁਣ ਤੁਹਾਡੀ ਔਲਾਦ ਇਹਨਾਂ ਚੀਜਾਂ ਤੋਂ ਮਹਿਰੂਮ ਹੁੰਦੀ ਹੋਈ ਮੁੱਖਧਾਰਾ ਤੋਂ ਅਲੱਗ-ਥਲੱਗ ਪੈਂਦੀ ਜਾ ਰਹੀ ਏ ਅਤੇ ਇਸ ਸਾਰੇ ਵਰਤਾਰੇ ਦਾ ਜੁਮੇਵਾਰ ਕੋਈ ਹੋਰ ਨਹੀਂ ਸਗੋਂ ਖੁਦ ਤੁਸੀਂ ਹੀ ਹੋ!
written in 2019
ਹਰਪ੍ਰੀਤ ਸਿੰਘ ਜਵੰਦਾ