….ਅੱਜ ਕਲ੍ਹ ਦੀਆਂ ਕੁੜੀਆਂ ਤਾਂ ਹਰ ਤਰ੍ਹਾਂ ਦਾ ਵਹੀਕਲ ਚਲਾਉਣਾ ਜਾਣਦੀਆਂ ਹਨ । ਸਾਈਕਲ , ਗੱਡਾ, ਸਕੂਟਰ ਕਾਰ ਤਾਂ ਪਿੱਛੇ ਰਹਿ ਗਏ, ਔਰਤ ਨੇ ਟਰੱਕ ਰੇਲ ਗੱਡੀ, ਹਵਾਈ ਜਹਾਜ਼ ਅਤੇ ਰਾਕਟ ਆਦਿ ਚਲਾਉਣ ਵਿੱਚ ਹੱਥ ਅਜ਼ਮਾ ਲਏ ਹਨ ।
ਪਰ ਸਾਡੇ ਵਕਤ ਸਾਈਕਲ ਚਲਾਉਣਾ ਹੀ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਸੀ ।
ਮੈਂ ਸਾਈਕਲ ਗਿਆਰਵੀਂ ਕਲਾਸ ਤੋਂ ਬਾਅਦ ਸਿੱਖਿਆ… ਕਾਰਣ ਬੀ.ਏ ਲਈ ਵੂਮੈਨ ਕਾਲਜ ਪਟਿਆਲਾ ਐਡਮਿਸ਼ਨ ਲਈ ਸੀ ।ਰਾਘੋਮਾਜਰੇ ਤੋਂ ਵੂਮੈਨ ਕਾਲਜ ਦੋ ਢਾਈ ਕਿਲਮੀਟਰ ਦੀ ਦੂਰੀ ਸੀ ।
ਇਸ ਲਈ ਭਾਪਾ ਜੀ ਨੇ ਕਿਹਾ ਕਿ ਪਹਿਲਾਂ ਸਾਈਕਲ ਚਲਾਉਣੀ ਸਿੱਖੋ।
ਓਦੋਂ ਪਿੱਪਲ ਵਾਲੀ ਮਸ਼ੀਨ ਕੋਲ ਕਸਤੂਰੀ ਲਾਲ ਦੀ ਸਾਈਕਲਾਂ ਦੀ ਦੁਕਾਨ ਸੀ , ਜੋ ਕਿ ਕਿਰਾਏ ਤੇ ਸਾਈਕਲ ਦਿੰਦਾ ਸੀ । ਬਸ ਉਸ ਤੋਂ ਇੱਕ ਆਨਾ ਕਿਰਾਇਆ ਦੇ ਕੇ ਘੰਟੇ ਲਈ ਗਰਾਊਂਡ ਵਿੱਚ ਛੋਟੀ ਸਾਈਕਲ ਚਲਾਉਣੀ ਸ਼ੁਰੂ ਕੀਤੀ । ਵੀਰ ਅਤੇ ਤਾਇਆ ਜੀ ਨੇ ਸਹਾਰਾ ਦੇਕੇ ਸਾਈਕਲ ਚਲਾਉਣੀ ਸਿਖਾਈ ।
ਇੱਥੇ ਮੈਂ ਕਸਤੂਰੀ ਲਾਲ ਬਾਰੇ ਲਿਖਣਾ ਚਾਹੁੰਦੀ ਹਾਂ , ਉਸਦੀ ਸ਼ਕਲ ਹਿਜੜਿਆਂ ਵਰਗੀ ਸੀ , ਉਹ ਜਨਾਨੀ ਵਾਂਙ ਤੁਰਦਾ , ਜਨਾਨੀਆ ਵਾਂਙ ਲੰਬੀ ਕਮੀਜ਼ ਤੇ ਸਲਵਾਰ ਪਹਿਨਦੇ । ਮੂੰਹ ਵਿੱਚ ਸੁਪਾਰੀ ਪਾਨ ਪਰ ਜੇ ਸਾਈਕਲਾਂ ਦਾ ਕੰਮ ਤੋਂ ਵਿਹਲਾ ਹੁੰਦਾ ਤਾਂ ਹੱਥ ਵਿੱਚ ਊਨ ਸਲਾਈਆਂ ਰੱਖਦਾ , ਉਹ ਬਹੁਤ ਸੋਹਣੀਆਂ ਸਵੈਟਰਾਂ ਬੁਣਦਾ ਸੀ ।
ਉਸਦੀ ਦੁਕਾਨ ਤੇ ਉੱਚੀ ਅਵਾਜ਼ ਵਿੱਚ ਰੇਡੀਉ ਚਲ ਰਿਹਾ ਹੁੰਦਾ , ਆਲ ਇੰਡੀਆ ਰੇਡੀਓ ਅਤੇ ਬਿਨਾਕਾ ਲੋਕੀਂ ਉਸ ਦੀ ਦੁਕਾਨ ਤੇ ਖੜੇ ਹੋਕੇ ਸੁਣਦਾ । ਸਾਧਾਰਣ ਜਿਹਾ ਕਸਤੂਰੀ ਲਾਲ ਹਮੇਸ਼ਾ ਆਪ ਵੀ ਖੁਸ਼ ਰਹਿੰਦਾ ਅਤੇ ਸੰਗੀਤ ਨਾਲ ਆਲੇ ਦੁਆਲੇ ਦੀ ਫ਼ਿਜ਼ਾ ਨੂੰ ਮਹਿਕ ਭਰਪੂਰ ਕਰ ਦਿੰਦਾ ।
….
ਮਨ ਦਾ ਸਕੂਨ ਸ਼ਾਇਦ ਬਿਰਲਾ ਟਾਟਾ ਕੋਲ ਨਾ ਹੋਵੇ ਜਿਹਨਾਂ ਕਸਤੂਰੀ ਲਾਲ ਕੋਲ ਸੀ । ਮਰਦਾਂ ਦੀ ਭੀੜ ਕਾਰਣ ਕਦੀ ਮੈਂ ਉਸ ਕੋਲੋਂ ਨਿਜੀ ਜ਼ਿੰਦਗੀ ਬਾਰੇ ਨਹੀਂ ਪੁੱਛਿਆ ।ਬਸ ਸਾਈਕਲ ਲੈ ਕੇ ਤੁਰਦੀ ਬਣਦੀ ਸੀ ।
ਜਦੋਂ ਭਾਪਾ ਜੀ ਨਵੀਂ ਹੀਰੋ ਲੇਡੀ ਸਾਈਕਲ ਲੈਕੇ ਆਏ , ਮੈਨੂੰ ਓਦੋਂ ਉਹਨੀਂ ਖੁਸ਼ੀ ਹੋਈ ਜਿਵੇਂ ਕਿ ਕਿਸੇ ਨੂੰ ਗਾਂ ਮੱਝ ਖ਼ਰੀਦਣ ਵਕਤ ਹੁੰਦੀ ਹੈ ।
ਤਾਇਆ ਜੀ ਨਾਲ ਮੈਂ ਅਤੇ ਉਹਨਾਂ ਦੀ ਬੇਟੀ ਵੱਡੀ ਨਵੀਂ ਸਾਈਕਲ ਮਹਿੰਦਰ ਕਾਲਜ ਦੀ ਅੰਦਰਲੀ ਸੜਕ ਤੇ ਸਿੱਖਣ ਲਈ ਗਏ। ਪਰ ਇਹ ਸਾਈਕਲ ਚਲਾਉਣਾ ਮੇਰੇ ਲਈ ਖ਼ਾਲਾ ਜੀ ਦਾ ਵਾੜਾ ਨਹੀਂ ਸੀ। ਦੋ ਦਿਨ ਵਿੱਚ ਸਾਈਕਲ ਚਲਾਉਣੀ ਸਿੱਖ ਤਾਂ ਗਈ ਪਰ ਦੋ ਤਿੰਨ ਵਾਰੀ ਐਸੀ ਡਿੱਗੀ ਕਿ ਗੋਡੇ ਕੂਹਣੀਆਂ ਛਿੱਲੇ ਗਏ।ਪਰ ਦਾਦੀ ਕਹਿੰਦੀ ਕਿ ਢਹਿ ਢਹਿ ਕੇ ਹੀ ਸਵਾਰ ਬਣਦਾ।
ਕਾਲਜ ਜਾਣ ਤੋਂ ਪਹਿਲਾਂ ਸਾਈਕਲ ਚਲਾਉਣ ਦੇ ਨਵੇਂ ਸ਼ੌਂਕ ਨਾਲ ਮੈਂ ਸਾਈਕਲ ਬਾਹਰ ਸੜਕ ਤੇ ਚਲਾਉਣ ਦੀ ਸੋਚੀ । ਆਪਣੇ ਸਕੂਲ ਔਲਡ ਪੁਲਿਸ ਲਾਈਨ ਤੋਂ ਅੱਗੋਂ ਲੰਘਦੇ ਹੋਏ ਹਨੂਮਾਨ ਜੀ ਦੇ ਮੰਦਰ ਵਲ ਚਲ ਪਈ , ਪਰ ਉੱਥੇ ਲੁੱਕਵਾਂ ਟਰਨ ਸੀ , ਅੱਗੋਂ ਖੱਚਰ ਠੇਲਾ ਆ ਗਿਆ , ਘਬਰਾ ਗਈ ਬਰੇਕ ਲਗਾ ਨਾ ਸਕੀ ਨਤੀਜਾ ਸਾਈਕਲ ਬਹੁਤ ਜ਼ੋਰ ਦੀ ਠੇਲੇ ਵਿੱਚ ਵੱਜੀ ।ਮੈਂ ਸਾਈਕਲ ਸਮੇਤ ਮੂਧੇ ਮੂੰਹ ਜਾ ਗਿਰੀ । ਹੋਂਠ ਦੰਦਾਂ ਵਿੱਚੋਂ ਖੂਨ ਵਗਣ ਲੱਗਾ।ਦਿਲ ਉਛਲ ਕੇ ਹਲਕ ਵਿੱਚ ਆ ਗਿਆ।ਅੱਖਾਂ ਵਿੱਚ ਹੰਝੂ ਆ ਗਏ। ਨਾ ਹੱਥ ਵਿੱਚ ਰੁਮਾਲ ਨਾ ਕਮੀਜ਼ ਨੂੰ ਜੇਬ ਜਾਂ ਪਰਸ …ਚੁੰਨੀ ਨਾਲ ਦੰਦਾਂ ਦੇ ਖੂਨ ਨੂੰ ਪੂੰਝਿਆ, ਇਕੱਠੀ ਹੋਈ ਭੀੜ ਨੇ ਦੂਹਰੇ ਹੋਏ ਸਾਈਕਲ ਨੂੰ ਘਸੀੜਦੇ ਹੋਏ ਸਾਈਕਲ ਠੀਕ ਕਰਨ ਵਾਲੀ ਦੁਕਾਨ ਤੇ ਲੈ ਗਏ ।
ਮੈਂ ਲੰਗੜਾਉਂਦੇ ਹੋਏ ਪਿੱਛੇ ਤੁਰ ਪਈ।
ਦਸ ਪੰਦਰਾਂ ਮਿੰਟਾਂ ਵਿੱਚ ਉਹਨਾਂ ਨੇ ਸਾਈਕਲ ਠੀਕ ਕਰ ਦਿਤੀ। ਮੈਂ ਸਵਾਲੀਆ ਨਜ਼ਰ ਨਾਲ ਉਹਨਾਂ ਨੂੰ ਤੱਕਣ ਲੱਗੀ । ਉਹ ਮੇਰੀ ਗੱਲ ਸਮਝ ਗਏ , ਬੋਲੇ ,ਗੁੱਡੀ ਮੈਂ ਤੈਨੂੰ ਪਹਿਚਾਣ ਲਿਆ ਤੂੰ ਡਾਕਟਰ ਸਾਹਿਬ ਦੀ ਬੇਟੀ ਹੈ । ਪੈਸਿਆਂ ਦੀ ਜ਼ਰੂਰਤ ਨਹੀਂ, ਤੇਰੇ ਭਾਪੇ ਕੋਲ ਦੋ ਹਾਜ਼ਮੇ ਦੀਆਂ ਖੁਰਾਕਾਂ ਪੀ ਆਸਾਂ । ਮੈਂ ਅੱਖਾਂ ਨੀਵੀਆਂ ਕਰਕੇ ਸਾਈਕਲ ਰੇੜ ਕੇ ਘਰ ਲੈ ਆਈ । ਓਦੋਂ ਸਾਈਕਲ ਚਲਾਉਣ ਦੀ ਹਿੰਮਤ ਨਾ ਪਈ ।
ਹੌਲੀ ਹੌਲੀ ਸਾਈਕਲ ਚਲਾਉਣ ਦੀ ਵਧੀਆ ਜਾਚ ਆ ਗਈ ।
ਮੋਦੀ ਕਾਲਜ ਦੇ ਅੱਗੋਂ ਲੰਘਦਿਆਂ ਜਦੋਂ ਕਮੈਂਟਸ ਦੇ ਤੀਰ ਚੱਲਣਾ, ਹਾਏ ਮੇਰੀ ਮੁਮਤਾਜ !! ਬਸ ਦੜ ਵੱਟ ਕੇ ਸਾਈਕਲ ਤੇਜ਼ ਚਲਾਉਂਦੇ ਹੋਏ ਸ਼ੂਟ ਵੱਟ ਲੈਣੀ । ਸਾਈਕਲ ਕਾਰਣ ਮਿੰਟਾਂ ਵਿੱਚ ਅੱਖਾਂ ਤੋਂ ਓਝਲ ਹੋ ਜਾਈਦਾ ਸੀ।
ਇੱਕ ਵਾਰ ਬੀ ਐਡ ਕਰਦਿਆਂ ਸਟੇਟ ਕਾਲਜ ਜਾ ਰਹੀ ਸਾਂ , ਤਾਂ ਚੁੰਨੀ ਚੇਨ ਵਿੱਚ ਫ਼ਸ ਗਈ , ਸ਼ੁਕਰ ਹੈ ਇਸ ਵਾਰ ਗਿਰੀ ਨਹੀਂ ਸਾਂ ਕਿਉਂਕਿ ਪੈਰ ਜ਼ਮੀਨ ਤੇ ਹੇਠਾਂ ਲਗਾਉਣ ਦੀ ਜਾਚ ਆ ਗਈ ਸੀ । ਕਿਸੇ ਰਾਹਗੀਰ ਨੇ ਬੜੇ ਸੁਲਝੇ ਢੰਗ ਨਾਲ ਚੁੰਨੀ ਫ਼ੱਟੇ ਬਿਨਾਂ ਨਿਕਾਲ ਦਿੱਤੀ ।
ਸਾਈਕਲ ਤੋਂ ਸਕੂਟਰ ਚਲਾਉਣਾ ਸਿੱਖਣ ਤੋਂ ਪਹਿਲਾਂ ਸਾਈਕਲ ਨਾਲ ਬਹੁਤ ਸਾਰੇ ਕੰਮ ਕੀਤੇ। ਲੰਚ ਸਮੇਂ ਵਿੱਚ ਝੱਟ ਅੰਮੀ ਨੂੰ ਨਨਾਣਾਂ ਨੂੰ ਮਿਲ ਆਈ ਦਾ ਸੀ । ਹਸਪਤਾਲ ਵਿੱਚ ਕੋਈ ਬੀਮਾਰ ਹੁੰਦਾ ਤਾਂ ਸ਼ਾਹੀ ਸਵਾਰੀ ਨਾਲ ਦਿਨ ਵਿੱਚ ਦੋ ਤਿੰਨ ਵਾਰੀ ਖਬਰ ਸਾਰ ਲੈ ਆਉਂਦੇ ਸਾਂ , ਅਦਾਲਤ ਬਜ਼ਾਰ ਤੋਂ ਘਰੇਲੂ ਨਿੱਕ ਸੁੱਕ , ਬੱਚਿਆਂ ਲਈ ਸਟੇਸ਼ਨਰੀ, ਕੱਪੜੇ ਆਦਿ ਬਸ ਆਪਣੇ ਹੀਰੋ ਸਾਈਕਲ ਨੂੰ ਜ਼ਿੰਦਾਬਾਦ ਕਹਿ ਲੈ ਆਈਦਾ ਸੀ ।
ਜ਼ਿੰਦਗੀ ਦੀਆਂ ਬਹੁਤ ਸੁਆਦਲੀਆ ਯਾਦਾਂ ਸਾਈਕਲ ਨਾਲ ਜੁੜੀਆਂ ਹੋਈਆਂ ਹਨ, ਫ਼ਿਰ ਕਦੀ ਸਾਂਝੀਆਂ ਕਰਾਂਗੀ ।
Suraj kiran miley Autobiography unpublished