ਕਲਮ ਸਿੰਘ ਸਵੇਰੇ ਸਪਰੇ ਪੰਪ ਅਤੇ ਕੀੜੇਮਾਰ ਦਵਾਈ ਆਪਣੇ ਨੌਕਰ (ਭਈਏ) ਨੂੰ ਦੇ ਕੇ ਸਮਝਾਅ ਰਿਹਾ ਸੀ ਕਿ ਬਹੁਤ ਵਧੀਆ ਕੀਟਨਾਸ਼ਕ ਦਵਾਈ ਹੈ। ਸੁੰਡੀਆਂ ਅਤੇ ਕੀੜਿਆਂ ਦਾ ਬਿਲਕੁਲ ਸਫ਼ਾਇਆ ਕਰ ਦੇਵੇਗੀ। ਇੱਧਰਲੇ ਖੇਤ ਜੀਰੀ (ਧਾਨ) ਦੇ ਪੰਜਾਂ ਕਿਲਿਆਂ ਵਿੱਚ ਅੱਜ ਛਿੜਕ ਦਿਓ। ਐਨ ਉਸੇ ਵਕਤ ਕਰਮ ਸਿੰਘ ਦੀ ਬੇਬੇ ਹਰ ਰੋਜ਼ ਦੀ ਤਰ੍ਹਾਂ ਧਰਮ ਅਸਥਾਨ ਤੋਂ ਵਾਪਿਸ ਆ ਕੇ ਖਿੱਲਾਂ/ ਪਤਾਸਿਆਂ ਦਾ ਪ੍ਰਸ਼ਾਦ ਸਭ ਨੂੰ ਵੰਡਦੀ ਹੋਈ ਬੋਲੀ, ‘ਵੇ ਪੁੱਤ ਕਰਮ ਸਿਆਂ, ਸੁੰਡੀਆਂ/ਕੀੜੇ ਮਾਰਨ ਦਾ ਵੀ ਪਾਪ ਲਗਦੈ। ਇੰਨ੍ਹਾਂ ਵਿੱਚ ਵੀ ਜਿਉਂਦੇ ਜੀਆਂ ਵਰਗੀ ਜਾਨ ਹੁੰਦੀ ਐ । ਜੈ ਨੂੰ ਖਾਵੇ ਚਾਰ ਮਣ ਘੱਟ ਹੋ ਜੂ। ਪੁੱਤ ਦਵਾਈ ਨਾ ਛਿੜਕਿਆ ਕਰੋ’। ਕਰਮ ਸਿੰਘ ਨੇ ਚੰਗਾ ਬੇਬੇ ਕਹਿ ਕੇ ਨੌਕਰ ਭਈਏ ਨੂੰ ਖੇਤ ਭੇਜ ਦਿੱਤਾ।
ਕਰਮ ਸਿੰਘ ਪੜਿਆ ਲਿਖਿਆ ਤਰਕਸ਼ੀਲ ਵਿਚਾਰਾਂ ਵਾਲਾ ਕਿਸਾਨ ਹੈ। ਉਸ ਦੇ ਵਿਆਹ ਹੋਏ ਨੂੰ ਪੰਜ ਕੁ ਸਾਲ ਹੋ ਗਏ ਹਨ। ਉਸ ਦੀ ਪਤਨੀ ਕੋਲ ਦੋ ਪੁੱਤਰੀਆਂ ਹਨ ਅਤੇ ਪੁੱਤਰ ਨੂੰ ਲੈ ਕੇ ਤੀਜੇ ਬੱਚੇ ਦੀ ਆਸ ਬੱਝ ਗਈ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਫਿਰ ਉਸ ਦੀ ਬੇਬੇ ਸਵੇਰੇ ਧਰਮ ਅਸਥਾਨ ਤੋਂ ਵਾਪਿਸ ਆ ਕੇ ਪ੍ਰਸ਼ਾਦ ਵੰਡਦੀ ਹੋਈ ਬੋਲੀ ‘ਵੇ ਪੁੱਤ ਕਰਮ ਸਿਆਂ, ਕੀ ਕਹਿੰਦੇ ਨੇ ਜ਼ੋ ਖਾਣੇ ਨੂੰ, ਹਾਂ ਸੱਚ ਅਲਟਰਾਸਾਉੰਡ, ਦੇ ਸ਼ਹਿਰ ਜਾ ਕੇ ਵਹੁਟੀ ਦਾ ਅਲਟਰਾਸਾਉੰਡ ਕਰਵਾ ਲਏ। ਮੁੰਡੇ/ ਕੁੜੀ ਦਾ ਪਤਾ ਲੱਗਜੂ ਦੇ ਐਤਕੀਂ ਵੀ ਕੁੜੀ ਹੋਈ ਤਾਂ ਉਥੇ ਹੀ ਫਾਹਾ ਵਢਾ ਕੇ ਮੁੜੀ, ਕੀ ਕਰਾਉਣੇ ਕੁੜੇ-ਖਾਨੇ ਤੋਂ।’ ਬੇਬੇ ਦੀਆਂ ਇਹ ਗੱਲਾਂ ਸੁਣਕੇ ਕਰਮ ਸਿੰਘ ਦੀਆਂ ਹੈਰਾਨੀ ਨਾਲ ਅੱਖਾਂ ਅੱਡੀਆਂ ਰਹਿ ਗਈਆਂ ਕਿ ਬੇਬੇ ਤਾਂ ਸੁੰਡੀਆਂ/ਕੀੜੇ ਮਾਰਨ ਦਾ ਵੀ ਪਾਪ ਲਗਦੈ ਪਰ ਅੱਜ…..?
ਲੇਖਕ:- ਜੁਝਾਰ ਸਿੰਘ “ਖੁਸ਼ਦਿਲ ” ਹਰੀਗੜ੍ਹ, ਬਰਨਾਲਾ । ਮੋਬਾ:- 94172-10015, 78884-65783