ਤਸਵੀਰ ਵਿਚਲੇ ਕਿਸੇ ਸਿੰਘ ਨੂੰ ਵੀ ਨਿੱਜੀ ਤੌਰ ਤੇ ਨਹੀਂ ਜਾਣਦਾ..ਪਰ ਲੱਗਦੇ ਸਾਰੇ ਹੀ ਆਪਣੇ..ਸਮਕਾਲੀਨ..ਵੱਖਰੇ ਜਿਹੇ ਉਸ ਮਾਹੌਲ ਦੇ ਸਮਕਾਲੀਨ ਜਿਹੜਾ ਪਤਾ ਹੀ ਨਹੀਂ ਲੱਗਾ ਕਦੋਂ ਆਇਆ ਤੇ ਕਦੋਂ ਲੰਘ ਗਿਆ..ਲਕੀਰ ਪਿੱਟਦੇ ਰਹਿ ਗਏ..”ਜੇ ਮੈਂ ਜਾਣ ਦੀ ਜੱਗੇ ਮੁੱਕ ਜਾਣਾ..ਇਕ ਦੇ ਮੈਂ ਦੋ ਜੰਮਦੀ”!
ਸਾਫ ਪੇਚਾਂ ਵਾਲੀ ਬੰਨ੍ਹਣ ਲਈ ਹਰ ਸੁਵੇਰ ਅੱਧਾ ਘੰਟਾ ਉਚੇਚਾ ਰੱਖਿਆ ਜਾਂਦਾ..ਸ਼ਾਹ ਵੇਲਾ..ਹਰ ਪਾਸੇ ਦੌੜ ਭੱਜ..ਨਿੱਕੀਆਂ ਭੈਣਾਂ ਭਤੀਜੀਆਂ ਪੂਣੀ ਵੇਲੇ ਪੂਰੇ ਤਰਲੇ ਕਢਵਾਉਂਦੀਆਂ..ਫੇਰ ਸੌਦਾ ਸਿਰੇ ਨਾ ਚੜ੍ਹਦਾ ਤਾਂ ਮੁਹਾਰਾਂ ਜੰਮਣ ਵਾਲੀ ਵੱਲ ਮੁੜ ਜਾਂਦੀਆਂ..ਲੋਹ ਤੇ ਫੁਲਕੇ ਲਾਹੁੰਦੀ ਉਚੇਚਾ ਉੱਠ ਨਲਕਾ ਗੇੜ ਪਹਿਲੋਂ ਹੱਥ ਸਾਫ ਕਰਦੀ ਤੇ ਮਨ ਹੀ ਮਨ ਢੇਰ ਸਾਰੀਆਂ ਦੁਆਵਾਂ ਦਿੰਦੀ ਹੋਈ ਲੜ ਫੜ ਪੂਰਾ ਜ਼ੋਰ ਲਾ ਦਿੰਦੀ..!
ਫੇਰ ਪਿੱਛੋਂ ਹੱਥ ਪਾ ਕੇ ਉੱਚੀ ਕੀਤੀ ਦਾ ਪਹਿਲਾ ਤੇ ਆਖਰੀ ਲੜ ਅਕਸਰ ਹੀ ਦੋਹਾਂ ਅੱਖੀਆਂ ਦੀਆਂ ਕੰਨੀਆਂ ਢੱਕ ਲਿਆ ਕਰਦਾ..ਥੱਲੇ ਪਰਨਾ ਰੱਖ ਫੁਲਵੀਂ ਪੱਗ ਦੇ ਆਖਰੀ ਲੜ ਨਾਲ ਕਰਨਾ ਪੈਂਦਾ ਸੰਘਰਸ਼..ਸੰਘਰਸ਼ ਕੋਈ ਜੱਗੋਂ ਤੇਹਰਵਾਂ ਵਰਤਾਰਾ ਨਹੀਂ ਸੀ..ਆਮ ਜਿੰਦਗੀ ਵਿਚ ਇਸ ਅੱਖਰ ਨਾਲ ਅਕਸਰ ਹੀ ਪੇਚਾ ਪੈ ਜਾਇਆ ਕਰਦਾ..!
ਨਾਲਦਾ ਸਿੰਘ ਡੇਰਾ ਬਾਬਾ ਨਾਨਕ ਵੱਲੋਂ ਆਇਆ ਕਰਦਾ ਸੀ..ਕਦੀ ਸਾਈਕਲ ਅਤੇ ਕਦੇ ਬੱਸੇ..ਕਦੇ ਕਾਲਜ ਅਗੇਤਾ ਅੱਪੜ ਜਾਂਦਾ ਤਾਂ ਦੱਸਦਾ ਅੱਜ ਗੰਨਿਆਂ ਵਾਲੀ ਟਰਾਲੀ ਨੂੰ ਹੱਥ ਪੈ ਗਿਆ ਸੀ..ਪੇਂਟ ਬੁਸ਼ਰ੍ਟ ਆਮ ਜਿਹੀ ਪਰ ਪੱਗ ਖਿੱਚ ਕੇ ਬੰਨੀਂ ਹੁੰਦੀ..ਅਸੀਂ ਉਸਦੇ ਨਾਲ ਤੁਰਕੇ ਮਾਣ ਮਹਿਸੂਸ ਕਰਦੇ..ਉਹ ਸਾਨੂੰ ਆਪਣੇ ਨਾਲ ਇੰਝ ਬੰਨ ਲੈਂਦਾ ਜਿੱਦਾਂ ਪਹਿਲੇ ਲੜ ਤੋਂ ਹੀ ਥੱਲੇ ਲੱਗ ਗਈ ਸ਼ੁਰੂਆਤ ਵਾਲੀ ਕੰਨੀ ਇੱਕਦਮ ਹੀ ਸਾਰੇ ਲੜਾਂ ਦੇ ਉੱਤੋਂ ਦੀ ਵਲ ਪਾ ਕੇ ਸਾਰੀ ਦਸਤਾਰ ਨੂੰ ਆਪਣੀ ਗ੍ਰਿਫਤ ਵਿਚ ਲੈ ਲੈਂਦੀ ਏ..!
ਮਾਝੇ ਦਾ ਸਟਾਈਲ ਮਾਲਵੇ ਦੁਆਬੇ ਪਟਿਆਲੇ ਨਾਲੋਂ ਵੱਖਰਾ ਹੁੰਦਾ ਸੀ..!
ਕਾਲਜ ਦੇ ਬਾਹਰ ਗੇਟ ਤੇ ਸੀ ਆਰ ਪੀ ਦੀ ਚੋਂਕੀ ਹੁੰਦੀ ਸੀ..ਨਾਲ ਪੁਲਸ ਦਾ ਹੌਲਦਾਰ ਵੀ..ਹਰੇਕ ਨੂੰ ਗਹੁ ਨਾਲ ਵਾਚਦੇ..ਕਿਸੇ ਆਖ ਦਿੱਤਾ ਇੰਝ ਦੀਆਂ ਪੱਗਾਂ ਵਾਲੇ ਅਕਸਰ ਖਤਰਨਾਕ ਅਤੇ ਸ਼ੱਕੀ ਹੁੰਦੇ..ਉਹ ਉਸਦੀ ਉਚੇਚੀ ਤਲਾਸ਼ੀ ਲਿਆ ਕਰਦੇ..ਕੇਰਾਂ ਬੋਲ ਬੁਲਾਰਾ ਹੋ ਗਿਆ..ਉਸਨੂੰ ਓਥੇ ਹੀ ਬਿਠਾ ਲਿਆ..ਪਹਿਲਾ ਪੀਰੀਏਡ ਮੁੱਕਿਆ ਤਾਂ ਵੇਖਿਆ ਗੇਟ ਤੇ ਬੈਠਾ ਹੱਸੀ ਜਾ ਰਿਹਾ ਸੀ..ਅਸਾਂ ਹੜਤਾਲ ਦਾ ਦਾਬਾ ਮਾਰ ਖਲਾਸੀ ਕਰਵਾਈ..ਓਦੋਂ ਇੰਝ ਦੀ ਧੱਕੇ-ਮੁਕੀ ਨੂੰ ਬੇਇਜਤੀ ਨਹੀਂ ਸੀ ਸਮਝਿਆ ਜਾਂਦਾ..ਸਗੋਂ ਮਾਣ ਮਹਿਸੂਸ ਹੁੰਦਾ ਕੇ ਆਪਣੀ ਵੱਖਰੀ ਪਹਿਚਾਣ ਕਰਕੇ ਹੀ ਸਾਨੂੰ ਅੱਡ ਕਰਕੇ ਵੇਖਦੇ ਨੇ..!
ਇੱਕ ਅੰਮ੍ਰਿਤਸਰੋਂ ਅਉਂਦਾ ਜਨੂੰਨੀ ਟਾਈਪ ਦਾ ਪ੍ਰੋਫੈਸਰ..ਪੜਾਈ ਦੇ ਗਲਬੇ ਹੇਠ ਕਿੰਨੇ ਕੁਝ ਨੂੰ ਭੰਡਦਾ ਰਹਿੰਦਾ..ਆਖਦਾ ਸਵਾਲ ਅੰਗਰੇਜੀ ਵਿਚ ਪੁੱਛਿਆ ਕਰੋ..ਅਸੀਂ ਜਾਣ ਬੁੱਝ ਕੇ ਹੀ ਪੰਜਾਬੀ ਬੋਲਦੇ ਉਹ ਵੀ ਪਿੰਡਾਂ ਵਾਲੀ..ਫੇਰ ਗੱਲਾਂ ਗੱਲਾਂ ਵਿਚ ਆਖ ਦਿੰਦਾ..ਜਿੰਨਾ ਟਾਈਮ ਪੱਗ ਤੇ ਲੌਂਦੇ ਓ ਕਿਧਰੇ ਪੜ ਲਵੋ ਤਾਂ ਥੋਡਾ ਭਲਾ ਹੋ ਜਾਵੇ..ਅਸੀਂ ਸੋਚਦੇ ਨੰਬਰ ਤਾਂ ਸਾਡੇ ਚੰਗੇ ਭਲੇ ਆਉਂਦੇ ਤਾਂ ਵੀ ਪਤਾ ਨਹੀਂ ਕਿਓਂ ਇੰਝ ਦੀ ਭਾਵਨਾ ਰੱਖਦਾ..ਖੈਰ ਜਿਧਰ ਗਈਆਂ ਬੇੜੀਆਂ ਓਧਰ ਗਏ ਮਲਾਹ!
ਇੱਕ ਦਿਨ ਦਸਤਾਰ ਵਾਲੇ ਉਸ ਵੀਰ ਦਾ ਹਰੂਵਾਲ ਕੋਲ ਐਕਸੀਡੈਂਟ ਹੋ ਗਿਆ..ਬਿਨਾ ਨੰਬਰ ਦੀ ਨਿਸ਼ਾਨ ਐਲਵਿਨ ਸਾਈਕਲ ਨੂੰ ਸਾਈਡ ਮਾਰ ਗਈ..ਕੱਚੇ ਲਾਹ ਲਿਆ ਪਰ ਤਾਂ ਵੀ ਖਤਾਨਾਂ ਵਿੱਚ ਜਾ ਵੜਿਆ..ਕੁਦਰਤੀ ਹੀ ਬਚਾਅ ਹੋ ਗਿਆ..ਘੁੱਟ ਕੱਸ ਕੇ ਬੰਨੀ ਹੋਈ ਦਸਤਾਰ ਕਰਕੇ..ਪਤਾ ਲੈਣ ਗਏ ਤਾਂ ਦਸਤਾਰ ਨੂੰ ਹੱਥ ਲਾ ਖੁਸ਼ ਹੋਈ ਜਾਵੇ ਅਖ਼ੇ ਇਸਦੇ ਕਰਕੇ ਕੁੱਟ ਵੀ ਬੜੀ ਖਾਦੀ..ਪਰ ਅੱਜ ਬਚਿਆ ਵੀ ਇਸੇ ਦੇ ਕਰਕੇ ਹੀ ਹਾਂ..ਨਾਲੇ ਪੈਡਲ ਮਾਰਦਾ ਨਿੱਤਨੇਮ ਵੀ ਕਰ ਰਿਹਾ ਸਾਂ!
ਦੋਸਤੋ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਸਿਰ ਤੇ ਟਿਕਾਈ ਹੋਈ ਦੇ ਕਰਕੇ ਕਈ ਮਨੋਂ ਬਿਰਤੀਆਂ ਭਾਰੂ ਹੋ ਜਾਇਆ ਕਰਦੀਆਂ ਸਨ..ਸਭ ਤੋਂ ਵੱਡੀ ਮਨੋ-ਬਿਰਤੀ ਇਹ ਹੋਇਆ ਕਰਦੀ ਕੇ ਹਾਕਮ ਇਸਨੂੰ ਪੈਰਾਂ ਵਿੱਚ ਰੋਲਣ ਨੂੰ ਫਿਰਦੇ ਪਰ ਅਸਾਂ ਇਸਨੂੰ ਸਤਵੇਂ ਆਸਮਾਨ ਤੇ ਪਹੁੰਚਾਉਣਾ ਏ..ਕਿਸੇ ਵੀ ਕੀਮਤ ਤੇ!
ਹਰਪ੍ਰੀਤ ਸਿੰਘ ਜਵੰਦਾ