ਰਾਤ ਨੂੰ ਫੌਨ ਦੀ ਘੰਟੀ ਖੜਕੀ, ਮੈਂ ਭਮੱਤਰ ਕੇ ਜਿਹੇ ਓਠੀ…ਇਕਦਮ ਮੂੰਹ ਚੋ ਨਿਕਲਿਆ,” ਹੇ ਮਾਲਕਾ! ਨਗਰ-ਖੇੜੇ ਸੁੱਖ ਹੋਵੇ।”
ਇੰਡੀਆ ਤੋਂ ਫੌਨ ਸੀ ਜੋ ਸਾਡੀ ਕੋਠੀ ਸੰਭਾਲਣ ਲਈ ਬੰਦਾ ਰੱਖਿਆ ਹੋਇਆ ਸੀ, ਓਹ ਬੋਲਿਆ,” ਬੀਬੀ ਜੀ, ਬਾਲਾਂ ਤਾਈ ਮਰ ਗਈ ਏ…. ਤੁਸੀ ਆ ਜਾਓ।” ਗੱਲ ਸੁਣਦਿਆਂ ਮੈਨੂੰ ਤ੍ਰੇਲੀ ਆ ਗਈ, ਇਓ ਜਾਪੇ ਜਿੱਦਾ ਮੇਰੀ ਜਿੰਦ ਚੋ ਰੂਹ ਨਿੱਕਲ ਗਈ ਹੋਵੇ….ਮੈਂ ਭੁੱਬਾ ਮਾਰ ਰੋਣ ਲੱਗੀ, ਪਹਿਲੀ ਵਾਰ ਬਾਹਰਲੇ ਮੁਲਕ ਤੇ ਗੁੱਸਾ ਆਇਆ, ਜੇ ਓਥੇ ਹੁੰਦੀ ਤਾਂ ਮੈਂ ਲੱਖ ਓਹੜ-ਪੋਹੜ ਕਰਨੇ ਸੀ, ਨਾਲਦਾ ਓਠ ਖਲੋਤਾ, ਨੂੰਹ-ਪੁੱਤ ਭੱਜੇ ਆਏ, ਓਹਨਾ ਨੇ ਐਮਰਜੈਸੀ ‘ਚ ਸਾਡੇ ਦੋਹਾਂ ਦੀ ਟਿਕਟ ਲੈ ਦਿੱਤੀ।
ਜਹਾਜ ‘ਚ ਬੈਠਦਿਆਂ ਤੱਕ ਮੇਰੀਆ ਅੱਖਾਂ ਚ ਨਮੀ ਸੀ, ਓਹ ਪੁਰਾਣੇ ਵੇਲੇ ਯਾਦ ਆਈ ਜਾਣ ਜਿੰਨ੍ਹਾ ਚ ਤਾਈ ਬਾਲਾਂ ਨੇ ਡੋਲੀ ਵਾਲੀ ਵੈਨ ਚੋ ਉਤਾਰਿਆਂ ਸੀ ਤੇ ਸਾਰੇ ਕਾਜ-ਵਿਹਾਰ ਕੀਤੇ ਸਨ। ਤਾਈ ਬਾਲਾਂ ਸਾਡੇ ਵਡੇਰਿਆ ਦੀ ਦੂਰ ਦੀ ਭੈਣ ਸੀ ਜੋ ਸਹੁਰਿਆਂ ਵੱਲੋਂ ਬੱਚਾ ਨਾ ਹੋਣ ਤੇ ਅਪਣਾਈ ਨਾ ਗਈ, ਓਹ ਸਾਡੇ ਘਰ ਹੀ ਰਹਿੰਦੀ ਸੀ, ਬੜਾ ਹੀ ਮਿੱਠ- ਬੋਲੜਾ ਸੁਭਾਅ ਤੇ ਮਿਲਵਰਤਨ ਵਾਲੀ ਸੀ, ਹਰ ਵਖ਼ਤ ਸਿਰ ਤੇ ਚਿੱਟੀ ਚੁੰਨੀ ਹੁੰਦੀ ਤੇ ਮੁੱਖ ਤੇ ਵਾਹਿਗੁਰੂ…..ਮੈਂ ਓਹਨੂੰ ਕਦੇ ਵੀ ਇਹ ਕਹਿੰਦੇ ਨਹੀ ਸੁਣਿਆ ਕਿ ਮੇਰਾ ਕੁਜ ਦੁੱਖਦਾ ਏ….ਖੌਰੇ ਕਿਹੜੀ ਮਿੱਟੀ ਦੀ ਬਣੀ ਸੀ…. ਇਸ ਕਲਜੁਗੀ ਸਮੇ ਵਿੱਚ ਵੀ ਹਰੇਕ ਦੇ ਦੁੱਖ-ਸੁੱਖ ਚ ਸ਼ਰੀਕ ਹੁੰਦੀ ਸੀ, ਨਿਆਣੀ ਓਮਰੇ ਮੁਕਲਾਵਾ ਲੈ ਆਏ ਸੀ ਮੇਰਾ, ਮੈਂ ਓਹਦੇ ਸਿਰ ਤੇ ਹਰੇਕ ਕੰਮ ਸਿੱਖਿਆ, ਉਹਨੇ ਵੀ ਕਦੇ ਮੱਥੇ ਵੱਟ ਨਾ ਪਾਇਆ ਜੇ ਕਿਧਰੇ ਚੁੱਲੇ ਜਾ ਹਾਰੇ ਤੋਂ ਮਿੱਟੀ ਲਹਿ ਜਾਣੀ ਤਾ ਓਹਨੇ ਝੱਟ ਮਿੱਟੀ ਲਗਾ ਪਰੋਲਾ ਫੇਰ ਦੇਣਾ, ਉਹ ਅਕਸਰ ਆਖਦੀ ਸਚਿਆਰੀ ਔਰਤ ਤਾ ਚੁੱਲੇ-ਚੌਕੇ ਤੋਂ ਪਹਿਚਾਣੀ ਜਾਦੀ ਏ….ਮੈਨੂੰ ਓਹਦੇ ਚੋ ਆਪਣੀ ਮਾਂ ਨਜ਼ਰ ਆਓਦੀ ਜੋ ਮੈ ਬਚਪਨ ਚ ਹੀ ਗੁਆ ਲਈ ਸੀ ।
ਪਿੰਡ ਗਿਆ ਤੇ ਓਹਦੀ ਲੋਥ ਚਾਨਣੀਆ ਲਗਾ ਕੇ ਫਰਿੱਜ ਚ ਪਈ ਸੀ, ਉਹਦਾ ਮੁੱਖ ਦੇਖ ਇਓ ਲਗਿਆ ਜਿਦਾ ਓਹ ਹੁਣੇ ਈ ਓਠ ਆਖੇਗੀ “ਲਿਆ ਧੀਏ ਬੱਠਲ ਚ ਮਿੱਟੀ ਚੁੱਲਾ-ਚੌਕਾਂ ਸਵਾਰੀਏ।”
ਕਮਲ ਕੌਰ