ਦੋ ਸਕੇ ਭਰਾ ਬੀਰਾ ਤੇ ਧੀਰਾ ਦੋਹਾਂ ਦੇ ਘਰ ਵਾਲੀਆਂ ਸਕੀਆਂ ਭੈਣਾਂ ਸਾਰੇ ਮਿਹਨਤੀ।
ਦੋਹਾਂ ਨੇ ਘਰੋਂ ਭਰਾਵਾਂ ਤੋਂ ਵੱਖ ਹੋ ਪਾਸੇ ਜਗਾਹ ਲੈ ਕੇ ਮਕਾਨ ਬਣਾ ਲਏ ਇਕੋ ਥਾਂ ਵਿਚਕਾਰ ਕੰਧ ਨਹੀਂ ਸੀ।
ਮੇਰੇ ਨਾਲ ਦੋਹਾਂ ਦਾ ਪ੍ਰੇਮ ਸੀ।
ਦਿਵਾਲੀ ਤੋ ਦਸ ਕ ਦਿਨ ਪਹਿਲਾਂ ਮੈਂ ਬੀਰੇ ਤੋ ਕੂੱਝ ਤੂੜੀ ਮੁੱਲ ਲੈ ਲਈ।
ਅਗਲੇ ਦਿਨ ਬੀਰੇ ਨੇ ਪੈਸੇ ਮੰਗੇ ਤਾਂ ਮੈਂ ਸਮਝਾਇਆ ਤੇਰੇ ਇਹ ਪੈਸੇ ਦਿਵਾਲੀ ਵਿੱਚ ਖੁਰ ਜਾਣਗੇ ਖਰਚਾ ਖੁੱਲ੍ਹੇ ਹੱਥ ਨਾਲ ਕਰ ਬੈਠੇਂਗਾ ਦਿਵਾਲੀ ਤੋਂ ਅਗਲੇ ਦਿਨ ਫੜ ਲਿਜਾਈਂ।
ਬੀਰਾ ਕਹਿੰਦਾ ਮੈਂ ਕੋਈ ਪਾਗਲ ਹਾਂ ਯਾਰ ਚਲੋ ਮੈਂ ਪੈਸੇ ਦੇ ਦਿੱਤੇ।
ਓਹੀ ਹੋਇਆ
ਬੀਰੇ ਨੇ ਦੀਵੇ ਜਗਦੇ ਜਗਾਉਂਦਿਆਂ ਹੀ ਸ਼ਰਾਬ ਨਾਲ ਰੱਜੇ ਨੇ ਘਰਵਾਲੀ ਛਾਂਗ ਦਿੱਤੀ।
ਹੁਣ ਭੈਣ ਨੂੰ ਕੁੱਟ ਖਾਂਦੀ ਵੇਖ ਕਿਵੇਂ ਜਰਿਆ ਜਾਂਦਾ ਧੀਰੇ ਦੀ ਬਹੂ ਆਪਣੀ ਭੈਣ ਦੇ ਹੱਕ ਵਿੱਚ ਆ ਨਿੱਤਰੀ ਨਾਲ ਹੀ ਧੀਰਾ ਲੱਗ ਗਿਆ।
ਸਾਰਿਆਂ ਨੇ ਰਲਕੇ ਬੀਰਾ ਤਸੱਲੀ ਨਾਲ ਛੁਲਕਿਆ।
ਅਗਲੀ ਸਵੇਰ ਹੋਈ
ਬੀਰਾ ਕਹੇ ਮੈਂ ਧੀਰੇ ਨੂੰ ਜਿਉਂਦਾ ਨਹੀਂ ਛੱਡਣਾ
ਕਈ ਦਿਨ ਧੀਰਾ ਤੇ ਉਸ ਦੀ ਵਹੁਟੀ ਪਾਸੇ ਕਿਸੇ ਦੇ ਘਰ ਸੌਂਦੇ ਰਹੇ।
ਅਖੀਰ ਦਿਮਾਗ ਵਿੱਚ ਇਹ ਗੱਲ ਵੜ ਗਈ ਕਿ ਬੀਰਾ ਦੋਹਾਂ ਨੂੰ ਸੁੱਤੇ ਪਿਆਂ ਨੂੰ ਵੱਢ ਸਿਟੂ।
ਸੋ ਅੰਤਿਮ ਫੈਸਲਾ ਲੈਂਦਿਆਂ ਧੀਰੇ ਨੇ ਬੀਰੇ ਨਾਲਦਾ ਆਪਣਾ ਘਰ ਵੇਚ ਦਿੱਤਾ ਤੇ ਹੋਰ ਥਾਂ ਜਾ ਪਾਇਆ।
ਸਮਾਂ ਪਾ ਕੇ ਭਰਾ ਭਾਵੇਂ ਇਕੱਠੇ ਹੋ ਗਏ ਪਰ ਓਹ ਦਿਵਾਲੀ ਵਾਲਾ ਕਿੱਸਾ ਅਜੇ ਵੀ ਯਾਦ ਕਰਕੇ ਬੀਰਾ ਝੁਰਨ ਲੱਗ ਪੈਂਦਾ ਹੈ ਕਿ ਮੈਂ ਪੈਸੇ ਤੇਰੀ ਗੱਲ ਮੰਨ ਕੇ ਦੋ ਤਿੰਨ ਦਿਨ ਲੇਟ ਲੈ ਲੈਂਦਾ ਤਾਂ ਇਹ ਸਿਆਪਾ ਨਾ ਪੈਂਦਾ।
ਨਰ ਸਿੰਘ ਫਾਜ਼ਿਲਕਾ
5-6-2023