(ਇਹ ਇੱਕ ਸੱਚੀ ਕਹਾਣੀ ਹੈ।)
ਜਦ ਥੰਮਣ ਸਿੰਘ ਦਸਵੀਂ ਦੇ ਪੇਪਰ ਪਾ ਕੇ ਵਿਹਲਾ ਹੋਇਆ
ਤਾਂ ਬਾਪੂ ਮੱਕੀ ਕੇਰਨ ਲਈ ਨਾਲ ਪੈਲੀਆਂ ਚ ਲੈ ਗਿਆ. . ! ਸਾਰਾ ਦਿਨ ਬੌਲਦਾਂ ਮਗਰ ਫਿਰ ਕੇ ਕਦੀ ਸੁਹਾਗੇ ਤੇ ਚੜ. . ਰੱਸੇ ਦੀਆਂ ਬਾਹੀਆਂ ਫੜੇ. ਕਦੇ ਨੁੱਕਰਾਂ ਗੋਡ, ਬੰਨੇ ਛਾਂਗ ਅੱਜ ਵਾਹਵਾ ਜੋਰ ਹੋ ਗਿਆ, ਨਿੱਕੇ ਡੰਗਰ ਵੱਛਾ ਖੋਲ ਧੁੱਪੇ ਛਾਵੇਂ ਕਰ ਦਿੰਦੇ ਪਰ ਇਹਨੇ ਕਦੀ ਮੱਝ ਦਾ ਸੰਗਲ ਖੋਹਲਣਾ ਤਾਂ ਕਈ ਕਈ ਵਾਰ ਹੱਥ ਧੋਣੇ , ਹੱਥ ਸੁੰਘੀ ਜਾਣੇ . . ਕਈ ਵਾਰ ਤਾਂ ਰੋਟੀ ਵੀ ਮੋੜ ਲਿਆਉਣੀ ਸਕੂਲੋਂ . . ਹੱਥਾਂ ਚੋ ਬੋਅ ਆਉਂਦੀ ਰਹੀ ਮਾਂ ਰੋਟੀ ਨਹੀ ਖਾਧੀ . . ! ਮਾਂ ਤਾਂ ਕੰਮੀਂ ਘੱਟ ਲਾਉਂਦੀ ਸੀ ਪੜਾਕੂ ਪੁੱਤ ਨੂੰ । ਨਿੱਕੇ ਟਿੱਚਰਾਂ ਕਰਦੇ ਮਾਂ ਦਾ ਅਫਸਰ ਪੁੱਤ ਆਖਦੇ . . ਪਰ ਬਾਪੂ ਅੱਜ ਖੁਸ਼ ਸੀ ਪਤਾ ਨਹੀਂ ਅੱਜ ਕਿਵੇਂ ਇਹ ਅਮੋੜ ਤੁਰ ਪਿਆ ਨਾਲ ਤੇ ਕੰਮ ਵੀ ਦੋਹਰਾ ਸੀ ਛੇਤੀ ਨਿਬੜ ਗਿਆ ਸੀ ।
ਪੁੱਤ ਹੱਡਾਂ ਪੈਰਾਂ ਦਾ ਖੁਲਾਸਾ ਸੀ ਸੋਲਾਂ ਸਾਲਾਂ ਦਾ ਵੀ ਵੀਹਾਂ ਦਿਆ ਨੂੰ ਪਿੱਛੇ ਛੱਡਦਾ ਸੀ , ਘਰ ਦਾ ਲਵੇਰਾ ਤੇ ਪਲੇਠਾ ਪੁੱਤ ਸੀ ਮਾਂ ਵੀ ਲੋਹੜੇ ਦਾ ਧਿਆਨ ਰੱਖਦੀ ਸੀ ਹਰ ਸਾਲ ਦੇਸੀ ਘਿਉ ਵੱਖਰਾ ਪੁੱਤ ਦੀ ਖੁਰਾਕ ਲਈ ਹੁੰਦਾ . . ਪੁੱਤ ਪੜਾਕੂ ਹੈ . . ਕੋਈ ਕੋਈ ਜੱਟਾਂ ਦਾ ਪੁੱਤ ਪੜਦਾ ਸੀ . . ਜੁਆਨ ਹੁੰਦਾ ਪੁੱਤ ਵੇਖ ਬਾਪੂ ਦੇ ਮੋਢੇ ਵੀ ਫਰਕਦੇ !
ਪਰ ਥੰਮਣ ਤਾਂ ਕੁਝ ਹੋਰ ਸੋਚਦਾ ਪੜ ਕੇ ਅਫਸਰ ਬਣਿਆ ਵੇਖਦਾ. . ਸ਼ਾਮ ਨੂੰ ਪੈਲੀਆਂ ਚੋ ਮੁੜੇ ਨੂੰ ਮਾਂ ਨੇ ਹਾਲ ਪੁੱਛਿਆ ਤੇ ਰੋਟੀ ਪਾ ਕੇ ਦਿੱਤੀ , ਨਿੱਕ ਸੁੱਕ ਦਾ ਸਾਗ ਮਾਂ ਵਾਹਵਾ ਕਰਾਰਾ ਬਣਾਇਆ ਸੀ. ਪਤਾ ਨਾ ਲੱਗਿਆ ਚੌਂਕੇ ਵਿੱਚ ਬੈਠੇ ਨੇ ਮਾਂ ਦੀ ਦਿੱਤੀ ਰੋਟੀ ਵਾਹਵਾ ਚਿਰ ਲਾ ਕੇ ਖਾਧੀ , ਨਾਲ ਨਿੱਕੀਆਂ ਗੱਲਾਂ ਨਿੱਕੀਆਂ ਗੱਲਾਂ ਕੀਤੀਆਂ . . ਮਾਂ ਜਾਣਦੀ ਸੀ ਪੁੱਤ ਨੇ ਭਾਰਾ ਕੰਮ ਕਦੀ ਨਹੀੱ ਕੀਤਾ. ਨਿੱਕੇ ਤਿੰਨੇ ਅਜੇ ਛੋਟੇ ਸਨ ਪਰ ਕੰਮ ਨੂੰ ਧਾਵੇ ਸਨ . ਭੈਣਾਂ ਦੋਵੇਂ ਸਕੂਲ ਵੀ ਜਾਂਦੀਆਂ ਤੇ ਮਾਂ ਨਾਲ ਘਰੇ ਕੰਮ ਵੀ ਕਰਾਉਂਦੀਆ! ਮੰਜੇ ਤੇ ਸੁੱਤੇ ਪਏ ਦੇ ਮਾਂ ਨੇ ਹੱਥ ਵੇਖੇ ਛਾਲਿਆਂ ਨਾਲ ਭਰੇ ਪਏ ਸਨ। ਮਾਂ ਦੇ ਹੱਥਾਂ ਦੀ ਛੋਹ ਤੇ ਕੰਧ ਵੱਲ ਮੂੰਹ ਕਰ ਅੱਖਾਂ ਚੋਂ ਹੰਝੂ ਕੇਰਦੀ ਮਾਂ।ਬੱਸ ਉਹ ਰਾਤ ਫੈਸਲੇ ਦੀ ਘੜੀ ਸੀ ਕਿ ਹੁਣ ਕੋਈ ਨੌਕਰੀ ਕਰਾਂਗਾ ਵਾਹੀ ਮੇਰੇ ਵੱਸ ਦਾ ਰੋਗ ਨਹੀ। ਪੜਾਈ ਦਾ ਕਿ ਫਾਇਦਾ ।ਤੜਕੇ ਹੀ ਝੋਲੇ ਵਿੱਚ ਦੋ ਜੋੜੀ ਕੱਪੜੇ ਤੇ ਕਾਗਤ ਪੱਤਰ ਲੈ ਮੂੰਹ ਹਨੇਰੇ ਹੀ ਬਿਨਾਂ ਦੱਸਿਆ ਘਰ ਛੱਡਤਾ !
ਇਵੇਂ ਉਹ ਫੌਜੀ ਹੋ ਗਿਆ। ਸਾਲਾਂ ਬੱਧੀ ਮਾਪਿਆਂ ਨੂੰ ਖ਼ਬਰ ਮਿਲੀ ਉਹ ਖ਼ੁਸ਼ੀ ਵਿੱਚ ਖੀਵੇ ਹੋਏ ਫਿਰਦੇ ਸਨ।ਉਹ ਫੌਜ ਦਾ ਛੋਟਾ ਜਿਹਾ ਅਫ਼ਸਰ ਬਣ ਘਰ ਆਇਆ ਸੀ। ਪਰ ਇਸ ਪਿੱਛੇ ਜਿਹੜੇ ਛਾਲੇ ਸਨ ਉਹ ਵਾਹੀ ਵਾਲੇ ਛਾਲੇ ਤੋਂ ਕਿਤੇ ਵਧੇਰੇ ਤਕਲੀਫ ਦੇ ਸਨ।