( ਬਚਪਨ ਦੇ ਝਰੋਖੇ ਵਿੱਚੋਂ )
ਛੋਟੇ ਹੁੰਦੇ ਮਾਊਂ ਤੋਂ ਬਹੁਤ ਡਰ ਲੱਗਦਾ ਸੀ । ਕੋਈ ਵੀ ਛੋਟਾ ਕੀੜਾ -ਮਕੌੜਾ, ਸੁਸਰੀ , ਟਿੱਡੀ , ਪਲ਼ਪੀਹੀ ,ਛਿਪਕਲੀ , ਗੱਲ ਛੱਡੋ ਘਰ ਵਿੱਚ ਘੁੰਮਦੇ ਹਰ ਛੋਟੇ-ਵੱਡੇ ਜੀਵ ਦਾ ਨਾਂ ਮਾਊਂ ਹੀ ਹੁੰਦਾ । ਬੱਚਾ ਕਹਿਣਾ ਨਾ ਮੰਨੇ ,ਕੋਈ ਸ਼ਰਾਰਤ ਕਰੇ , ਦੁੱਧ ਨਾ ਪੀਵੇ , ਰੋਈਂ ਜਾਵੇ ਭਾਵ ਕੋਈ ਵੀ ਮਰਜ਼ ਹੋਵੇ ਮਾਂਵਾਂ , ਦਾਦੀਆਂ ਕੋਲ ਸੌ ਤਾਲਿਆਂ ਦੀ ਇੱਕੋ ਚਾਬੀ ਹੁੰਦੀ ਸੀ , ਮਾਊਂ । ਮਾਊਂ ਆ ਜਾਊ । ਬੱਚੇ ਵੀ ਝੱਟ ਮਾਊਂ ਦਾ ਨਾਂ ਸੁਣਦੇ ਸਾਰ ਸਿੱਧੇ ਹੋ ਜਾਂਦੇ ।ਬਚਪਨ ਭਾਵੇ ਡਰ ਵਿੱਚ ਬੀਤਦਾ ਸੀ । ਪਰ ਥੋੜੇ ਵੱਡੇ ਹੋ ਕੇ ਕਿਸੇ ਵੀ ਜਾਨਵਰ , ਛਿਪਕਲੀ , ਚੂਹੇ , ਬਿੱਲੀ , ਕੁੱਤੇ ਅਤੇ ਸੱਪ ਤੱਕ ਤੋ ਵੀ ਕਦੇ ਡਰਦੇ ਨਹੀਂ ਸੀ । ਘੁੱਪ ਹਨੇਰੀਆਂ ਕੋਠੜੀਆਂ ਵਿੱਚ ਲੁਕਣ-ਮੀਟੀ ਖੇਡਦੇ ਜਾ ਵੜਨਾ ਆਮ ਜਿਹੀ ਗੱਲ ਹੁੰਦੀ ਸੀ । ਜਦੋਂ ਅੱਜ ਦੇ ਬੱਚਿਆਂ ਨੂੰ ਦੇਖਦੇ ਹਾਂ ਜੋ ਕਾਕਰੋਚ ਅਤੇ ਛਿਪਕਲੀ ਵਰਗੇ ਮਾਮੂਲੀ ਜੀਵਾਂ ਅੱਗੇ ਹੀ ਹਥਿਆਰ ਸੁੱਟ ਕੇ ਭੱਜ ਜਾਂਦੇ ਹਨ । ਬਿਜਲੀ ਚੱਲੀ ਜਾਵੇ ਤਾਂ ਆਪਣੇ ਹੀ ਘਰ ਅੰਦਰ ਵੜਨ ਤੋਂ ਡਰ ਜਾਂਦੇ ਹਨ ।
ਥੋੜਾ ਵੱਡੇ ਹੋਏ , ਆਹ ਮਾਊਂ ਤੋਂ ਖਹਿੜਾ ਮਸਾਂ ਹੀ ਛੁੱਟਿਆ ਸੀ , ਕੇ ਜੂੰਆਂ ਨੇ ਆਣ ਘੇਰਦੀਆਂ । ਵੈਸੇ ਬੱਚਿਆਂ ਦੇ ਸਿਰ ਵਿੱਚ ਜੂੰਆਂ ਪੈ ਜਾਣੀਆਂ , ਆਮ ਜਿਹੀ ਗੱਲ ਹੁੰਦੀ ਸੀ ।ਸਿਰ ਵਾਹੁਣ ਵੇਲੇ ਮਾਂਵਾਂ ਨੇ ਘੰਟਾ-ਘੰਟਾ ਲੱਗੇ ਰਹਿਣਾ , ਸ਼ਿਕਾਰ ਕਰਨ ਤੇ ਨੌਹਾਂ ਨਾਲ ਪਟਾਕੇ ਵਜਾਉਣ । ਗਰਦਨ ਆਕੜ ਜਾਣੀ ਬੈਠਿਆ ਦੀ , ਰੋਂਦੇ ਕੁਰਲਾਉਦਿਆ ਦੀ ਮਸਾਂ ਖ਼ਲਾਸੀ ਹੋਣੀ । ਪਰ ਬੱਚਿਆ ਨੂੰ ਕਾਬੂ ਕਰਨ ਲਈ ,ਜੂੰਆਂ ਨਾਂ ਦਾ ਇਹ ਹਥਿਆਰ ਮਾਂਵਾਂ ਦੇ ਬਹੁਤ ਕੰਮ ਆਉਦਾ । ਬੱਚਾ ਸਿਰ ਨਾ ਵਹਾਵੇ ਤਾਂ ਜੂੰਆਂ, ਸਿਰ ਨਾ ਨ੍ਹਾਵੇ ਤਾਂ ਜੂੰਆਂ, ਮਿੱਟੀ ਸਿਰ ਵਿੱਚ ਪਾਵੇ ਤਾਂ ਜੂੰਆਂ , ਮੀਂਹ ਵਿੱਚ ਬਾਹਰ ਖੇਡਣ ਜਾਵੇ ਤਾਂ ਜੂੰਆਂ, ਮਾਂਵਾਂ ਕੋਲ ਇੱਕੋ ਬ੍ਰਹਮ ਅਸਤਰ ਹੁੰਦਾ ਸੀ , ਜੂਆਂ ਪੈ ਜਾਣਗੀਆਂ । ਡਰਦੇ ਬੱਚੇ ਆਪਣੇ ਆਪ ਸਭ ਕੁੱਝ ਸਮਝ ਜਾਂਦੇ । ਨਹੀਂ ਤਾਂ ਕਈ ਵਾਰ ਅੱਕ ਕੇ ਮਾਂਵਾਂ ਪੁਲਸੀਆ ਦਬਕੇ ਵਾਂਗ ਡੰਡਾ ਪ੍ਰੇਡ ਵੀ ਕਰ ਦਿੰਦੀਆਂ ਸਨ । ਪਰ ਨਾਲ ਦੀ ਨਾਲ ਸੱਕਰ ਘਿਓ , ਚੂਰੀ ਜਾਂ ਚੀਜੀ ( ਬਾਤੀ ) ਦੇ ਕੇ ਮਨਾ ਵੀ ਲੈਂਦੀਆਂ ।
ਹੋਰ ਵੱਡੇ ਹੋ ਕੇ ਜੂੰਆਂ ਤੋਂ ਖ਼ਲਾਸੀ ਹੁੰਦੀ ਤਾਂ ਫੋੜਿਆ ਨੇ ਦੱਬ ਲੈਣਾ । ਮਿੱਟੀ ਘੱਟੇ ਵਿੱਚ ਖੇਡਦੇ ਕੋਈ ਸੱਟ ਚੋਟ ਲੱਗ ਜਾਣੀ ਤਾਂ ਕੋਈ ਮੱਲਮ ਪੱਟੀ ਨਹੀਂ ਸੀ ਹੁੰਦੀ । ਛੋਟੇ ਮੋਟੇ ਜ਼ਖ਼ਮਾਂ ਨੇ ਹੀ ਢੀਠ ਫੋੜਿਆ ਦਾ ਰੂਪ ਬਣ ਜਾਣਾ । ਉੱਪਰੋਂ ਸਾਰਾ ਦਿਨ ਗੁੜ ਖਾਈ ਜਾਣਾ । ਜਦੋਂ ਵੀ ਅੰਦਰ ਵੜੇ ਗੁੜ ਦਾ ਡਲ਼ਾ ਚੱਕ ਲੈਣਾ । ਰੋਟੀ ਖਾਣੀ ਤਾਂ ਗੁੜ ਨਾਲ਼ , ਮਾਂਵਾਂ ਨੇ ਰੋਲ਼ਾ ਪਾਉਂਦੀਆਂ ਨੇ ਹੀ ਰਹਿ ਜਾਣਾ । ਹਰ ਕਿਸੇ ਦੇ ਗੋਡੇ-ਮੋਢੇ , ਲੱਤ-ਬਾਂਹ ਤੇ ਦੋ ਚਾਰ ਫੋੜੇ ਹੋਣਾ ਆਮ ਜਿਹੀ ਗੱਲ ਹੁੰਦੀ ਸੀ । ਕਈ ਫੋੜਿਆ ਦੇ ਵੱਡੇ ਵੱਡੇ ਨਿਸ਼ਾਨ ਬਣ ਜਾਂਦੇ ਸਨ ਜੋ ਸਾਰੀ ਉਮਰ ਹੀ ਬਚਪਨ ਦੀ ਯਾਦਾਂ ਨੂੰ ਤਾਜ਼ਾ ਰੱਖਦੇ ਸਨ ।
ਚੇਤ ਦੇ ਮਹੀਨੇ ਜਰਗ ਸੀਤਲਾ ਮਾਤਾ ਦਾ ਮੇਲਾ ਆਉਣਾ । ਇੱਕ ਦਿਨ ਪਹਿਲਾ ਸੋਮਵਾਰ ਨੂੰ ਘਰ ਵਿੱਚ ਗੁਲਗੁਲੇ , ਕਚੌਰੀਆਂ ਬਣਨੀਆਂ । ਸੁੱਖ ਨਾਲ ਸਾਂਝੇ ਪਰਿਵਾਰਾਂ ਕਾਰਨ ਪੰਜ ਛੇ ਬੱਚੇ ਆਮ ਹਰ ਘਰ ਵਿੱਚ ਹੁੰਦੇ ਸਨ । ਸਾਰਿਆ ਨੇ ਹੀ ਕੌਲੀਆਂ ਲੈ ਕੇ ਕੜਾਹੀ ਦੇ ਦੁਆਲੇ , ਮਾਂਵਾਂ ਨੂੰ ਡਰ ਕੇ ਕਿਤੇ ਬੇਧਿਆਨੇ ਹੋ ਕੇ ਜਾਂ ਸ਼ਰਾਰਤ , ਧੱਕਾ ਮੁੱਕੀ ਕਰਕੇ ਕੋਈ ਬੱਚਾ ਗਰਮ ਤੇਲ ਨਾਲ ਹੀ ਨਾ ਸੜ ਜਾਵੇ । ਮਾਂਵਾਂ ਨੇ ਫਿਰ ਅਜਿਹਾ ਅਗਨੀ ਬਾਣ ਛੱਡਣਾ ਕਿ ਸਾਰੇ ਬੱਚੇ ਟਿਕ ਕੇ ਆਰਾਮ ਨਾਲ ਬੈਠ ਜਾਂਦੇ । ਹੈ ਕਿਸੇ ਦੇ ਯਾਦ ਓਹ ਫ਼ਾਰਮੂਲਾ , ਸਾਇਦ ਨਹੀਂ । ਮੈਂ ਦੱਸਦਾ ਸਾਡੀ ਮਾਂ , ਜਿਸ ਨੂੰ ਅਸੀਂ ਬੀਬੀ ਕਹਿੰਦੇ ਹਾਂ , ਨੇ ਕਹਿਣਾ ,’ ਸਾਰੇ ਚੁੱਪ ਕਰਕੇ ਹੇਠਾਂ ਬੈਠ ਜਾਓ , ਜੇ ਤੁਸੀਂ ਖੜੇ ਰਹੇ ਤਾਂ ਕੜਾਹੀ ਠੰਢੀ ਹੋ ਜਾਊ , ਫਿਰ ਗੁਲਗੁਲੇ ਨੀ ਬਣਨੇ । ਸਾਰਿਆ ਨੇ ਸੁਸਰੀ ਵਾਂਗ ਸੌਂ ਜਾਣਾ । ਦਿਵਾਲੀ ਆਉਣੀ , ਮਾਂਵਾਂ ਨੂੰ ਦਿਵਾਲ਼ੀ ਤੋਂ ਪਹਿਲਾ ਤੇ ਦਿਵਾਲ਼ੀ ਵਾਲ਼ੇ ਦਿਨ ਐਨਾ ਕੰਮ ਹੁੰਦਾ ਸੀ ਕਿ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਹੁੰਦੀ ਸੀ । ਦਿਵਾਲ਼ੀ ਵਾਲੇ ਦਿਨ ਸਵੇਰ ਦੇ ਕੰਮਾਂ ਲੱਤੋਂ ਵਿਹਲੇ ਹੋ ਕੇ ਬੱਚਿਆਂ ਨੂੰ ਸਿਰ ਨਹਾਉਣਾ , ਵਾਲਾ ਨੂੰ ਵਾਹ ਕੇ ਜੂੜਾ ਕਰ ਦੇਣਾ । ਸਿਰ ਤੇ ਰੁਮਾਲ ਬੰਨ ਦੇਣਾ । ਸ਼ਾਮ ਵੇਲੇ ਸਾਰੇ ਬੱਚਿਆਂ ਦੇ ਸਿਰ ਤੇ ਕੋਈ ਕੱਪੜਾ ਬੰਨ ਦੇਣਾ ਤਾਂ ਕਿ ਪਟਾਕੇ ਜਾਂ ਫੁਲਝੜੀ ਨਾਲ ਬੱਚਿਆਂ ਦੇ ਵਾਲ਼ਾ ਨੂੰ ਨੁਕਸਾਨ ਨਾ ਹੋਵੇ । ਅਸੀ ਸਭ ਜਾਣਦੇ ਹਾਂ ਕਿ ਵਾਲ਼ ਬਹੁਤ ਜਲਦੀ ਅੱਗ ਫੜਦੇ ਹਨ । ਜੇ ਬੱਚੇ ਨੇ ਸਿਰ ਤੋਂ ਕੱਪੜਾ ਲਾਹੁਣ ਦੀ ਜਿੱਦ ਕਰਨੀ ਤਾਂ ਫੇਰ ਮਾਂਵਾਂ ਨੇ ਫ਼ਾਰਮੂਲਾ ਵਰਤਣਾ , ਦਿਵਾਲ਼ੀ ਵਾਲੀ ਰਾਤ ਨੂੰ ਬੁੱਢੀ ਮਾਈ ਵਾਲ਼ ਕੱਟ ਕੇ ਲੈ ਜਾਂਦੀ ਏ । ਬੱਚਿਆਂ ਨੇ ਐਨੇ ਡਰ ਜਾਣਾ ਕਿ ਸਿਰ ਤੋ ਕੱਪੜਾ ਲਾਹੁਣਾ ਤਾਂ ਦੂਰ ਦੀ ਗੱਲ , ਸਿਰ ਦੇ ਕੱਪੜੇ ਨੂੰ ਹੱਥ ਵੀ ਨਹੀਂ ਲਾਉਣ ਦਿੰਦੇ ਸਨ ।
ਦਾਦੀਆਂ ਨੇ ਰਾਤ ਨੂੰ ਛੱਤ ਤੇ ਮੰਜੇ ਉੱਪਰ ਲੇਟਿਆ ਹੀ ਤਾਰਿਆ ਸੰਬੰਧੀ ਅਜਿਹੀਆਂ ਬਾਤਾਂ (ਕਹਾਣੀਆਂ) ਬਣਾ ਕੇ ਦੱਸਣਾ ਕਿ ਅੱਜ ਤੱਕ ਵੀ ਚੇਤਿਆਂ ਵਿੱਚੋਂ ਨਹੀਂ ਵਿੱਸਰਿਆ । ਭਾਵੇਂ ਸਾਡੀਆਂ ਦਾਦੀਆਂ , ਨਾਨੀਆਂ ਕੋਲ ਕਿਤਾਬੀ ਸਿੱਖਿਆ ਨਹੀਂ ਸੀ । ਪ੍ਰੰਤੂ ਉਹਨਾ ਕੋਲ ਗਿਆਨ ਦਾ ਭੰਡਾਰ ਹੁੰਦਾ ਸੀ , ਬੱਚਿਆ ਨੂੰ ਦੇਣ ਲਈ । ਹਰ ਰਾਤ ਨੂੰ ਕੋਈ ਨਵੀਂ ਕਥਾ ਕਹਾਣੀ ਜਾ ਪਹਿਲਾ ਹੀ ਸੁਣਾਈਆ ਕਹਾਣੀਆਂ ਨੂੰ ਹੋਰ ਨਵੇ ਰੂਪ ਵਿੱਚ ਸੁਨਾਉਣ ਦੀ ਅਜਿਹੀ ਕਲਾ ਹੁੰਦੀ ਸੀ , ਕਿ ਹਰ ਵਾਰ ਵੱਖਰਾ ਹੀ ਅਨੰਦ ਆਉਣਾ । ਜੇਕਰ ਕਿਸੇ ਬੱਚੇ ਨੇ ਦਿਨ ਵਿੱਚ ਦਾਦੀ ਜਾਂ ਮਾਂ ਨੂੰ ਕਹਾਣੀ ਸੁਨਾੳਣ ਦੀ ਜਿੱਦ ਕਰਨੀ ਤਾਂ ਇੱਕੋ ਜਵਾਬ ਹੁੰਦਾ ਸੀ ਕਿ ਦਿਨ ਵੇਲੇ ਬਾਤਾਂ ਸੁਨਾਉਣ ਨਾਲ ਮਾਮਾ ਰਾਹ ਭੁੱਲ ਜਾਊ ।
ਮੈ 15-16 ਸਾਲ ਸਾਇੰਸ ਦੀ ਪੜਾਈ ਕੀਤੀ , ਫਿਰ 27 ਸਾਲ ਸਾਇੰਸ ਦੀ ਪੜਾਈ ਵੀ ਕਰਵਾਈ , ਪਰ ਮੈਨੂੰ ਦੇ ਇਸ ਕੜਾਹੀ ਠੰਢੀ ਹੋਣ ਵਾਲੇ ਅਤੇ ਮਾਮੇ ਦੇ ਰਾਹ ਭੁੱਲਣ ਵਾਲ਼ੇ ਤਰਕਾਂ ਦੀ ਸਮਝ ਅੱਜ ਤੱਕ ਨਹੀਂ ਲੱਗੀ , ਪ੍ਰੰਤੂ ਸਾਡੇ ਤੇ ਇਸ ਦਾ ਅਸਰ ਬਹੁਤ ਜਲਦੀ ਅਤੇ ਸੱਤ ਪ੍ਰਤੀਸਤ ਹੁੰਦਾ ਸੀ
ਸੋ ਮੁੱਕਦੀ ਗੱਲ ਇਹ ਹੈ ਕਿ ਸਾਡੀਆਂ ਮਾਂਵਾਂ , ਦਾਦੀਆਂ ਕੋਲ ਕੋਈ ਕਲਾ ਤਾਂ ਜਰੂਰ ਹੁੰਦੀ ਸੀ , ਜਿਸ ਕਰਕੇ ਓਹ ਚਾਰ-ਚਾਰ , ਪੰਜ-ਪੰਜ ਬੱਚਿਆ ਨੂੰ ਵੀ ਸੰਭਾਲ਼ ਲੈਂਦੀਆਂ ਸਨ । ਭਾਵੇਂ ਸਮਾਂ ਆਧੁਨਿਕਤਾ ਦਾ ਆ ਗਿਆ , ਮਾਂਵਾਂ ਦੇ ਰੁਝੇਵੇ ਹੋਰ ਤਰ੍ਹਾਂ ਦੇ ਹੋ ਗਏ ਹਨ । ਨੋਕਰੀ ਪੇਸਾ ਮਾਵਾਂ ਕੋਲ ਸਮੇ ਦੀ ਘਾਟ ਰਹਿੰਦੀ ਹੈ । ਬੱਚੇ ਵੀ ਬਹੁਤ ਤਰਕ ਵਿਤਰਕ ਕਰਨ ਲੱਗੇ ਹਨ । ਪਰ ਫਿਰ ਵੀ ਮਾਫ਼ੀ ਸਹਿਤ ਲਿਖਣਾ ਚਾਹਾਂਗਾ ਕਿ ਸਾਡੀਆਂ ਅੱਜ ਦੀਆ ਮਾਂਵਾਂ , ਬੱਚੇ ਪਾਲਣ ਦੀ ਜਾਣਕਾਰੀ ਲਈ , ਪੇਰੈੰਟਿੰਗ ਦੀਆ ਕਲਾਸਾਂ ਲਾ ਕੇ ਵੀ ਇਕੱਲੇ ਇਕੱਲੇ ਬੱਚੇ ਅੱਗੇ ਬੇਵਸ , ਲਾਚਾਰ ਹੋ ਜਾਂਦੀਆਂ ਹਨ । ਸਾਨੂੰ ਆਪਣੇ ਵਿਰਸੇ ਦਆਂ ਵਿਸਰੀਆਂ ਗੱਲਾਂ ਨੂੰ ਯਾਦ ਰੱਖਣ ਲਈ ਜ਼ਰੂਰ ਉਪਰਾਲੇ ਕਰਨੇ ਚਾਹੀਦੇ ਹਨ ।
ਖ਼ੈਰ ਛੱਡੋ , ਮੈ ਤਾਂ ਐਵੇ ਉਪਦੇਸ ਦੇਣ ਲੱਗ ਪਿਆਂ । ਪਰ ਅੱਜ ਇੱਕ ਗੱਲ ਸਾਡੀਆਂ ਦਾਦੀਆਂ , ਨਾਨੀਆਂ ਤੇ ਮਾਂਵਾਂ ਦੀ ਮੈਨੂੰ ਜ਼ਰੂਰ ਸੱਚੀ ਲੱਗਦੀ ਹੈ ਕਿ , ਜ਼ਰੂਰ ਕੋਈ ਮਾਊਂ ਫਿਰ ਆ ਗਿਆ , ਜਿਸ ਦੇ ਡਰ ਨੇ ਸਾਨੂੰ ਸਾਰਿਆ ਨੂੰ ਆਪਣੇ ਹੀ ਘਰਾਂ ਵਿੱਚ ਨਜ਼ਰ ਬੰਦ ਕਰ ਦਿੱਤਾ ਹੈ । ਜ਼ਰੂਰ ਕਿਸੇ ਨੇ ਕੋਈ ਬੇਵਕਤੀ ਬਾਤ ਪਾਈ ਹੋਵੇਗੀ , ਤਾਹੀ ਤਾਂ ਸਾਰਿਆ ਦੇ ਮਾਮੇ ਹੀ ਨਹੀਂ , ਸਗੋਂ ਚਾਚੇ , ਤਾਏ , ਭੂਆ , ਮਾਸੀਆਂ , ਮਿੱਤਰ , ਦੋਸਤ , ਆਢੀ ਗੁਆਢੀ ਸਭ ਘਰਾਂ ਦੇ ਰਾਹ ਭੁੱਲ ਗਏ ਹਨ । ਹੁਣ ਕੋਈ ਕਿਸੇ ਦੇ ਦਰ ਤੇ ਦਸਤਕ ਨਹੀਂ ਦਿੰਦਾ ।ਜੇ ਕੋਈ ਭੁੱਲਿਆ ਭਟਕਿਆ ਆ ਵੀ ਜਾਂਦਾ ਹੈ ਉਹ ਵਾਪਸ ਮੁੜਨ ਦੀ ਐਨੀ ਕਾਹਲ਼ੀ ਵਿੱਚ ਹੁੰਦਾ ਹੈ ਕਿ ਚਾਹ ਪਾਣੀ ਪੀਣ ਤੋਂ ਵੀ ਪਹਿਲਾ ਵਾਪਸ ਜਾਣ ਦੇ ਪੰਦਰਾਂ ਕਾਰਨ ਦੱਸ ਦਿੰਦਾ ਹੈ । ਵਿਰਸੇ ਦੇ ਵਾਰਸੋ , ਆਓ ਸਾਰੇ ਰਲ਼ ਕੇ ਸਾਡੇ ਅਮੀਰ ਅਤੇ ਭਾਈਚਾਰਕ ਸਾਂਝ ਵਾਲੇ ਮਹਾਨ ਵਿਰਸੇ ਨੂੰ ਬਚਾਈਏ । ਹਉਮੈ , ਭੇਡ ਚਾਲ ਅਤੇ ਦਿਖਾਵਿਆਂ ਨੂੰ ਛੱਡ ਸਿੱਧੇ ਸਾਧੇ ਸਾਫ਼ ਦਿਲ ਪੰਜਾਬੀ ਬਣੀਏ ।
ਸੁਖਦੇਵ ਸਿੰਘ ਪੰਜਰੁੱਖਾ
ਮੋਬ :- 7888892342
ਈਮੇਲ- sukhdevpanjrukha@gmail.com