ਵੇਲੇ ਲੱਦ ਗਏ , ਇਹੋ ਈ ਦਿਨ ਹੁੰਦੇ ਸੀ ,ਤਿੱਖੜ ਦੁਪਹਿਰਾ , ਪਿੰਡ ‘ਚ ਬੈੰ ਬੋਲਣੀ , ਹੁਣ ਘਰਾਂ ਦੀਆਂ ਜਿਹੜੀਆਂ ਬੁਰਜੀਆਂ ਨੂੰ ਫੈਂਸੀ ਗੇਟ ਖਾ ਗਏ , ਇੱਥੇ ਪਹਿਲਾਂ ਡਿਉੜੀਆਂ ਹੁੰਦੀਆਂ , ਤਿੰਨ ਗਾਡਰਾਂ ਦੀ ਇਸ ਛਤੌਤ ਦੇ ਨਾਲ ਬੈਠਕ ਹੁੰਦੀ , ਆਏ – ਗਏ ਨੂੰ ਬਠਾਉਣ ਵਾਸਤੇ ਜੀਹਦਾ ਇੱਕ ਬੂਹਾ ਬਾਹਰ ਸੜ੍ਹਕ ਵੱਲ ਨੂੰ ਖੁੱਲ੍ਹਦਾ ਇੱਕ ਅੰਦਰ ਘਰ ਵੱਲ ਨੂੰ ।
ਲੈਟ ਉਦੋਂ ਚੌਵੀ ਘੰਟੀ ਹੋਣੀ ਨਾ , ਹੱਥ ਦੀਆਂ ਕੱਢੀਆਂ ਮਾਂ ਦੇ ਦਾਜ ‘ਚ ਆਈਆਂ ਝਾਲਰ ਵਾਲੀਆਂ ਪੱਖੀਆਂ ਨਾਲ ਉਹਨੇ ਸਕੂਲੋਂ ਆਇਆਂ ਨੂੰ ਸਾਨੂੰ ਦੋਹਾਂ ਭਰਾਵਾਂ ਨੂੰ ਝੱਲ ਮਾਰੀ ਜਾਣੀ , ਸਿਲਵਰ ਦੇ ਠੂਨੇ’ ਚੋਂ ਕੱਢ ਕੇ ਪਾਣੀ ‘ਚ ਪੌਣ ਲਈ ਮੰਜੇ ਦੇ ਪਾਵੇ ਤੇ ਰੱਖ ਕੇ ਬਰਫ਼ ਬੰਨ੍ਹਦਾ ਬਾਪੂ ਅਰਨੌਲਡ ਹੀ ਲਗਦਾ ਹੁੰਦਾ ਸੀ ।
ਕੜ੍ਹੀ ਮੈਨੂੰ ਕਦੇ ਵੀ ਚੰਗੀ ਨਹੀਂ ਲੱਗੀ , ਜਦੋਂ ਕਿਤੇ ਰਾਤ ਨੂੰ ਬਣਦੀ ਤਾਂ ਮੇਰੇ ਲਈ ਦਾਦੀ ਦੇਸੀ ਘਿਉ ਦੀ ਗੁੜ ਵਾਲੀ ਚੂਰੀ ਕੁੱਟਦੀ , ਜੇ ਰੋਟੀ ਖਾਂਦਿਆਂ ਰਾਤ ਨੂੰ ਟ੍ਰਾਂਸਫਾਰਮਰ ਦਾ ਫੇਸ ਉੱਡ ਜਾਣਾ ਤਾਂ ਅਸੀਂ ਅਲੂੰਏਂ ਜਿਹੇ ਛੋਹਰਾਂ ਨੇ ਨਾਲ ਪਵਾਉਣ ਜਾਣਾ , ਘੁੱਪ – ਹਨੇਰੇ ‘ਚ ਸੜ੍ਹਕ ਤੇ ਐਵਰੈਡੀ ਕੰਪਨੀ ਦੇ ਸੈੱਲਾਂ ਵਾਲੀਆਂ ਟਾਰਚਾਂ ਉਹਨਾਂ ਚਿਰ ਜਗਾਈ – ਬੁਝਾਈ ਜਾਣੀਆਂ ਜਿੰਨਾਂ ਚਿਰ ਕਿਸੇ ਵੱਡੇ ਤੋਂ ਡਾਂਟ ਨਾ ਪੈ ਜਾਣੀ । ਬਾਂਹ ਜਿੱਡੀ ਲੰਮੀ , ਕਾਲੇ ਰੰਗ ਦੀ ਦੁਬਈ ਤੋਂ ਆਈ ਟਾਰਚ ਜਗਾ ਕੇ ਵਿੱਚ – ਵਿੱਚ ਕੋਈ ਆਪਣੀ “ਅਮੀਰੀ” ਵੀ ਦਿਖਾ ਜਾਂਦਾ ਹੁੰਦਾ ਸੀ ।
ਹਰ ਵੀਰਵਾਰ ਕਿਸੇ ਨਾ ਕਿਸੇ ਦਰਗਾਹ ਤੇ ਲਗਦਾ ਮੇਲਾ ਸਾਡੇ ਪਿੰਡਾਂ ਆਲਿਆਂ ਦੀ ਆਊਟਿੰਗ ਹੁੰਦਾ । ਅਖ਼ਬਾਰ ਦੇ ਉੱਤੇ ਰੱਖ ਕੇ ਦਿੱਤੇ ਤਵੇ ਜਿੱਡੇ ਪਾਪੜ ਤੇ ਪਾਈ ਚਟਨੀ ਹੀ ਉਦੋਂ ਬਰੰਚ ਹੁੰਦਾ ਤੇ ਜਾਲ੍ਹੀ ਫੈਂਟੇ ‘ਚ ਪਾਇਆ ਕਾਲੇ ਲੂਣ ਦੀ ਗੋਲ ਬੋਤਲ ਨਾਲ ਬੀਵਰੇਜ , ਪੱਲੇਦਾਰਾਂ ਦਾ ਮਨਪਸੰਦੀਦਾ ਗਾਇਕ ‘ਦਿਲਦਾਰ ਸ਼ਰੀਫ’ ਇਹਨਾਂ ਮੇਲਿਆਂ ‘ਚ ਉਦੋਂ ਇਉਂ ਰੰਗ ਬੰਨ੍ਹਦਾ ਜਿਵੇਂ ਦਿਲਜੀਤ ਅੱਜਕੱਲ੍ਹ ਕੋਚਿੱਲਾ ‘ਚ ।
ਲੋਕ ਹੁਸ਼ਿਆਰ ਸਨ ਪਰ ਚਲਾਕ ਨਹੀਂ , ਹਾਸੇ – ਮਜ਼ਾਕ ਕਰਨੇ ਤੇ ਸਹਿਣ ਆਉਂਦੇ ਸਨ ,ਹਰ ਬੁੱਧਵਾਰ ਅਖ਼ਬਾਰ ਦੇ “ਧਰਮ ਤੇ ਵਿਰਸਾ” ਅੰਕ ‘ਚ ਗਿਆਨੀ ਸੋਹਣ ਸਿੰਘ ਸੀਤਲ ਦੇ ਦੋਹੇਂ ਨਾਵਲ ‘ਸਿੱਖ ਰਾਜ ਕਿਵੇਂ ਬਣਿਆ’ ਤੇ ਕਿਵੇਂ ਗਿਆ ਸਾਡੇ ਅਰਗਿਆਂ ਕਿਸ਼ਤਾਂ ‘ਚ ਪੜ੍ਹੇ ।ਬਾਬੇ ਦੇ ਲੇਖਣੀ ਐਸੀ ਕਿ ਮੋਢਾ ਫੜਕੇ ਉਸ ਦੌਰ ‘ਚ ਹੀ ਲੈ ਜਾਂਦਾ ।
ਫੇਰ ਪੀੜ੍ਹੀ ਬਦਲੀ , ਟੀ.ਵੀ ਨੇ ਅਖ਼ਬਾਰਾਂ ਦੀ ਥਾਂ ਲਈ ਤੇ ਫੋਨਾਂ ਨੇ ਟੀ.ਵੀ ਦੀ , ਪਰਿਵਰਤਨ ਕੁਦਰਤ ਦਾ ਨਿਯਮ ਆ , ਕੱਲ੍ਹ ਨੂੰ ਕੁਝ ਹੋਰ ਆਜੂ ਪਰ ਅੱਜ ਦੇ ਇਸ ਦੌਰ ‘ਚ ਖੁੱਲ੍ਹੇ ਵਿਹੜਿਆਂ ਤੇ ਸਾਂਝੇ ਟੱਬਰਾਂ ਦੇ ਤਪਾਕ ਦੀ ਗੱਲ ਕਰਦੀ ਪੀੜ੍ਹੀ ਕੱਲ੍ਹ ਦਾ ਵਿਰਸਾ ਆ , ਜੇ ਇਹਨਾਂ ਨੂੰ ਸੁਣਿਆਂ ਤੇ ਸਾਂਭਿਆ ਨਾ ਗਿਆ ਤਾਂ ਪਿੱਛੇ ਕੁਝ ਵੀ ਨਹੀਂ ਬਚਣਾ …… ਕਰਤਾਰ ਭਲੀ ਕਰੇ !!!
✍️ਰਣਜੀਤ ਸੰਧੂ