ਜ਼ਿੰਦਗੀ ਚ ਆਉਣ ਵਾਲੀਆਂ ਮੁਸ਼ਕਿਲਾਂ ਇਨਸਾਨ ਨੂੰ ਉਸ ਨਾਲ ਲੜਨ ਦਾ ਵੱਲ ਸਿਖਾਕੇ ਹੋਰ ਵੀ ਮਜ਼ਬੂਤ ਬਣਾਉਂਦੀਆਂ ਹਨ। ਅਜਿਹੀ ਹੀ ਮਜ਼ਬੂਤ ਇਨਸਾਨ ਸੀ ਰੋਜ਼ਾ ਮੇਰੀ ਬਚਪਨ ਦੀ ਸਹੇਲੀ ਜਿਸਨੇ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਤੂਫ਼ਾਨਾਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ ਖ਼ੁਦ ਨੂੰ ਟੁੱਟਣ ਨਹੀਂ ਦਿੱਤਾ। ਉਹ ਛੇਵੀਂ ਜਮਾਤ ਤਕ ਮੇਰੇ ਨਾਲ ਪੜ੍ਹੀ। ਪਰ ਉਹ ਆਪਣੀ ਉਮਰ ਤੋਂ ਬਹੁਤ ਵੱਡੀ ਤੇ ਸਿਆਣੀ ਲਗਦੀ ਤੇ ਬਹੁਤ ਹੀ ਘੱਟ ਬੋਲਦੀ ਹੁੰਦੀ ਸੀ। ਉਸ ਨਾਲ ਉਸਦੀ ਛੋਟੀ ਭੈਣ ਮਰੀਅਮ ਅਤੇ ਭਰਾ ਵਿੱਕੀ ਵੀ ਪੜ੍ਹਨ ਆਉਂਦਾ ਸੀ।ਆਪਣੇ ਪਿੰਡ ਤੋਂ ਸ਼ਹਿਰ ਤਕ ਸਕੂਲ ਆਉਂਦੇ ਆਉਂਦੇ ਉਹ ਬਹੁਤ ਵਾਰ ਲੇਟ ਹੋ ਜਾਂਦੀ ਸੀ। ਦੇਰੀ ਨਾਲ ਆਉਣ ਤੇ ਉਸਨੂੰ ਮਾਸਟਰ ਜੀ ਤੋਂ ਮਾਰ ਵੀ ਖਾਣੀ ਪੈਂਦੀ ਸੀ।
ਇੱਕ ਦਿਨ ਇੰਝ ਹੀ ਉਹ ਦੇਰ ਨਾਲ ਸਕੂਲ ਆਈ ਪਰ ਉਸ ਦਿਨ ਉਸਦੇ ਪਿਤਾ ਜੀ ਨਾਲ ਆਏ ਸੀ। ਅਧੇੜ ਉਮਰ ਦਾ ਉਹ ਸ਼ਾਂਤ ਜਿਹਾ ਬੰਦਾ ਹੱਥ ਜੋੜ ਕੇ ਮਾਸਟਰ ਜੀ ਨੂੰ ਕਹਿਣ ਲੱਗਾ ਕਿ ਮਾਸਟਰ ਸਾਹਿਬ ਮੇਰੀ ਬੇਟੀ ਨੂੰ ਮਰਿਆ ਨਾ ਕਰੋ, ਉਹ ਤਾਂ ਪਹਿਲਾਂ ਹੀ ਮੁਸੀਬਤਾਂ ਦੀ ਮਾਰੀ ਹੋਈ ਹੈ। ਇਸਦੀ ਮਾਂ ਮਰ ਚੁੱਕੀ ਹੈ ਤੇ ਸਕੂਲ ਆਉਣ ਤੋਂ ਪਹਿਲਾਂ ਘਰ ਦਾ ਸਾਰਾ ਕੰਮ ਖ਼ਤਮ ਕਰਕੇ, ਭੈਣ ਭਰਾ ਨੂੰ ਤਿਆਰ ਕਰਕੇ ਨਾਲ ਲਿਆਉਣਾ ਹੁੰਦਾ ਹੈ ਇਸਨੇ। ਮੈਂ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਬੱਚੇ ਪੜ੍ਹਾ ਰਿਹਾ ਹਾਂ, ਉਹ ਨਾ ਹੋਵੇ ਕਿ ਇਸ ਮਾਰ ਤੋਂ ਡਰਕੇ ਇਹ ਸਕੂਲ ਆਉਣ ਤੋਂ ਹੀ ਡਰਨ ਲੱਗ ਜਾਣ। ਅਣਜਾਣ ਜਿਹੇ ਅਪਰਾਧਬੋਧ ਵਿੱਚ ਮਾਸਟਰ ਜੀ ਦੇ ਚਿਹਰੇ ਤੇ ਸ਼ਰਮਿੰਦਗੀ ਦੇ ਭਾਵ ਉੱਭਰ ਆਏ। ਉਸ ਦਿਨ ਤੋਂ ਬਾਅਦ ਰੋਜ਼ਾ ਦੇ ਪ੍ਰਤੀ ਹਰ ਅਧਿਆਪਕ ਅਤੇ ਜਮਾਤੀ ਦਾ ਵਿਹਾਰ ਹਮਦਰਦੀ ਭਰਿਆ ਹੋ ਗਿਆ।
ਇੱਕ ਦਿਨ ਅੱਧੀ ਛੁੱਟੀ ਵੇਲੇ ਰੋਟੀ ਖਾਂਦੇ ਹੋਏ ਮੈਂ ਰੋਜ਼ਾ ਨੂੰ ਉਸਦੀ ਮਾਤਾ ਦੀ ਮੌਤ ਬਾਰੇ ਪੁੱਛਿਆ। ਉਸਨੇ ਕਿਹਾ,” ਮੇਰੀ ਮਾਂ ਨੂੰ ਬਹੁਤ ਕਾਹਲ ਸੀ ਮੈਨੂੰ ਹਰ ਕੰਮ ਸਿਖਾਉਣ ਸੀ। ਮੱਕੀ ਦੀ ਰੋਟੀ ਪਕਾਉਂਦੇ ਰੋਟੀ ਟੁੱਟ ਜਾਣੀ ਤਾਂ ਉਹ ਮੇਰੇ ਪੁੱਠੇ ਹੱਥ ਤੇ ਸੋਟੀ ਮਾਰਦੀ ਹੋਈ ਕਹਿੰਦੀ ਹੁੰਦੀ ਸੀ ਕਿ ਜੇ ਮੈਂ ਕੱਲ ਨੂੰ ਮਰ ਗਈ ਤਾਂ ਕਿਸੇ ਨੇ ਨਹੀਂ ਸਿਖਾਉਣ ਆਉਣਾ। ਸ਼ਾਇਦ ਉਸਨੂੰ ਪਤਾ ਸੀ ਆਪਣੀ ਆਉਣ ਵਾਲੀ ਮੌਤ ਬਾਰੇ। ਛੋਟੀ ਜਿਹੀ ਉਮਰ ‘ਚ ਹੀ ਉਸਨੇ ਮੈਨੂੰ ਹਰ ਕੰਮ ਚ ਮਾਹਿਰ ਕਰ ਦਿੱਤਾ ਸੀ। ਮਰੀਅਮ ਤੇ ਵਿੱਕੀ ਮੈਨੂੰ ਮਾਂ ਵਾਂਗ ਹੀ ਸਮਝਦੇ ਨੇ ਪਰ ਮੈਂ ਉਹਨਾਂ ਨੂੰ ਕੋਈ ਕੰਮ ਨਹੀਂ ਸਿਖਾਉਣਾ ਨਹੀਂ ਤਾਂ ਉਹਨਾਂ ਦਾ ਬਚਪਨ ਵੀ ਸਿਆਣਪ ਦੇ ਭਾਰ ਹੇਠਾਂ ਦੱਬ ਜਾਏਗਾ।”
ਪਰ ਕੁਦਰਤ ਵੀ ਆਪਣੇ ਹੋਣਹਾਰ ਵਿਦਿਆਰਥੀ ਦਾ ਇਮਤਿਹਾਨ ਸਭ ਤੋਂ ਵੱਧ ਲੈਂਦੀ ਹੈ। ਦੋ ਸਾਲ ਬਾਅਦ ਰੋਜ਼ਾ ਦੇ ਪਿਤਾ ਦੀ ਟੀ.ਬੀ. ਨਾਲ ਮੌਤ ਹੋ ਗਈ ਤੇ ਉਸਨੂੰ ਸਕੂਲ ਛੱਡਣਾ ਪਿਆ। ਸਮਾਂ ਬੀਤਦਾ ਗਿਆ ਤੇ ਉਸਦੇ ਭੈਣ ਭਰਾ ਵੀ ਸਕੂਲ ਛੱਡ ਗਏ। ਅਸੀਂ ਉਸਦੇ ਬਾਰੇ ਜਾਣਨਾ ਚਾਹੁੰਦੇ ਸੀ ਪਰ ਕੋਈ ਖ਼ਬਰ ਨਾ ਮਿਲੀ। ਜਿਵੇਂ ਰੋਜ਼ਾ ਬੀਤੇ ਸਮੇਂ ਦੇ ਪੰਨਿਆਂ ਚ ਕਿਤੇ ਗੁੰਮ ਹੋ ਗਈ।
ਥੋੜੇ ਸਾਲਾਂ ਬਾਅਦ ਕਾਲਜ ਜਾਂਦੇ ਹੋਏ ਇੱਕ ਦਿਨ ਰਸਤੇ ‘ਚ ਇੱਕ ਜਾਣੇ-ਪਹਿਚਾਣੇ ਚਿਹਰੇ ਨੇ ਆਪਣੇ ਵੱਲ ਨੂੰ ਮੇਰਾ ਧਿਆਨ ਖਿੱਚਿਆ। ਇਹ ਰੋਜ਼ਾ ਹੀ ਸੀ, ਦੋ ਤਿੰਨ ਸਾਲ ਦੇ ਬੱਚੇ ਨਾਲ, ਚਿਹਰੇ ਤੇ ਸ਼ਰੀਰ ਤੇ ਮਾਰ ਦੇ ਨਿਸ਼ਾਨ, ਬੇਰੰਗ ਬੇਨੂਰ ਹੋਇਆ ਰੂਪ ਤੇ ਅੱਧਮਰੀ ਜਿਹੀ, ਜ਼ਿੰਦਗੀ ਤੋ ਬੇਜ਼ਾਰ ਹੋਈ ਦੀ। ਉਸ ਵੱਲ ਦੇਖ ਕੇ ਮੇਰੀ ਅੱਖ ਭਰ ਆਈ। ਉਸਨੂੰ ਰੋਕ ਕੇ ਉਸਦਾ ਹਾਲ ਪੁੱਛਣ ਨੂੰ ਮੈਂ ਇੱਕੋ ਸਾਹ ਚ ਹਜ਼ਾਰਾਂ ਸਵਾਲ ਕਰ ਦਿੱਤੇ। ਪਰ ਇਸ ਵਾਰ ਵੀ ਉਸਦਾ ਜਵਾਬ ਬਹੁਤ ਗੁੰਝਲਦਾਰ ਸੀ। ” ਡੈਡੀ ਮਰ ਗਿਆ, ਰੋਟੀ ਕਮਾਉਣ ਵਾਲਾ ਕੋਈ ਨਹੀਂ ਸੀ। ਭੂਆ ਨੇ ਕਿਸੇ ਦੁਹਾਜੂ ਸ਼ਰਾਬੀ ਦੇ ਲੜ ਲਾ ਦਿੱਤੀ ਇਸ ਸ਼ਰਤ ਤੇ ਕਿ ਭੈਣ ਭਰਾ ਦੀ ਜ਼ਿੰਮੇਵਾਰੀ ਉਹ ਚੁੱਕ ਲਵੇਗਾ। ਪਰ ਕੌਣ ਕਿਸੇ ਦਾ ਭਾਰ ਚੁੱਕਦਾ ਹੈ? ਦੋ ਜੀਆਂ ਨੂੰ ਬੋਝ ਕਹਿੰਦੇ ਕਹਿੰਦੇ ਨੇ ਦੋ ਜੀਅ ਹੋਰ ਮੇਰੇ ਜ਼ਿੰਮੇ ਪਾ ਦਿੱਤੇ। ਹੁਣ ਮੈਂ ਦਿਨੇ ਮਜ਼ਦੂਰੀ ਕਰਦੀ ਹਾਂ ਤੇ ਰਾਤੀ ਉਸਦੀ ਮਾਰ ਖਾਂਦੀ ਹਾਂ। ਭੈਣ ਨੂੰ ਉਸਨੇ ਗੰਦੀ ਕਰ ਦਿੱਤਾ ਤੇ ਭਰਾ ਨੂੰ ਆਪਣੇ ਵਰਗਾ ਨਸ਼ੇ ਦਾ ਆਦੀ ਬਣਾ ਦਿੱਤਾ। ਲੋਕ ਕਹਿੰਦੇ ਨੇ ਕਿ ਵਿਆਹ ਨਾਲ ਦੁੱਖ ਅੱਧੇ, ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਨੇ ਪਰ ਮੇਰੇ ਤਾਂ ਦੁੱਖ ਦੁਣੇ ਚੌਗੁਣੇ ਤੇ ਖਰਚੇ ਸੋ ਗੁਣੇ ਹੋ ਗਏ ਨੇ।” “ਮੈਂ ਮੁੰਡੇ ਦੀ ਦਵਾਈ ਲੈਣ ਆਈ ਸੀ ਫਿਰ ਕਦੀ ਦੋਬਾਰਾ ਮਿਲਕੇ ਗੱਲ ਕਰਾਂਗੇ ਹੁਣ ਮੈਨੂੰ ਦੇਰ ਹੋ ਰਹੀ ਹੈ। ਹੁਣ ਦੇਰ ਹੋਣ ਤੇ ਕੁੱਟ ਮਾਸਟਰ ਤੋਂ ਨਹੀਂ ਪਤੀ ਤੋਂ ਪੈਂਦੀ ਹੈ ਤੇ ਛੁਡਾਉਣ ਲਈ ਹੁਣ ਬਾਪੂ ਵੀ ਨਹੀਂ ਆਉਂਦਾ।” ਇਹ ਆਖ਼ ਉਹ ਤੇਜ਼ ਕਦਮਾਂ ਨਾਲ ਮੇਰੀਆਂ ਅੱਖਾਂ ਸਾਹਮਣਿਓਂ ਅਲੋਪ ਹੋ ਗਈ।
ਸੁਣਿਆ ਸੀ ਕਿ ਰੱਬ ਪਾਪੀ ਨੂੰ ਉਸਦੇ ਕਰਮਾਂ ਦੀ ਸਜ਼ਾ ਦਿੰਦਾ ਹੈ । ਪਰ ਰੋਜ਼ਾ ਵਿਚਾਰੀ ਨੇ ਕੀ ਪਾਪ ਕੀਤੇ ਸੀ ਜੋ ਬਚਪਨ ਤੋਂ ਹੁਣ ਤੱਕ ਬਿਨਾਂ ਗੁਨਾਹੋਂ ਸਜ਼ਾ ਹੀ ਭੁਗਤ ਰਹੀ ਹੈ। ਜ਼ਿੰਦਗੀ ਇੰਨੀ ਸਸਤੀ ਤਾਂ ਨਹੀਂ ਹੁੰਦੀ ਜਿਵੇਂ ਉਹ ਜਿਊਣ ਨੂੰ ਮਜਬੂਰ ਸੀ। ਇਸ ਗੱਲ ਨੂੰ ਅੱਜ ਵੀਹ ਇੱਕੀ ਸਾਲ ਬੀਤ ਗਏ ਪਰ ਰੋਜ਼ਾ ਮੇਰੇ ਚੇਤਿਆਂ ਚੋਂ ਕਦੇ ਨਹੀਂ ਜਾ ਸਕੀ। ਅੱਜ ਤੱਕ ਵੀ ਮੈਨੂੰ ਮੱਕੀ ਦੀ ਰੋਟੀ ਹੱਥਾਂ ਨਾਲ ਥੱਪਣੀ ਅੱਜ ਵੀ ਨਹੀਂ ਆਉਂਦੀ। ਮੇਰੇ ਪੁੱਠੇ ਹੱਥਾਂ ਤੇ ਸੋਟੀ ਨਹੀਂ ਸੀ ਵੱਜੀ ਤੇ ਨਾ ਹੀ ਜ਼ਿੰਦਗੀ ‘ਤੇ ਕਿਸਮਤ ਦੀ ਸੱਟ। ਵਰਨਾ ਮੇਰੀ ਰੋਟੀ ਤਾਂ ਸਹੀ ਆਕਾਰ ਲੈ ਲੈਂਦੀ ਪਰ ਜ਼ਿੰਦਗੀ ਰੋਜ਼ਾ ਵਾਂਗ ਬਿਖ਼ਰ ਜਾਂਦੀ। ਸ਼ਾਇਦ ਇਹ ਤ੍ਰਾਸਦੀ ਨਹੀਂ ਖੁਸ਼ਕਿਸਮਤੀ ਹੈ ਕਿ ਮੈਂ ਕੁਦਰਤ ਦੀ ਹੋਣਹਾਰ ਵਿਦਿਆਰਥੀ ਨਹੀਂ। ਕਾਸ਼ ਰੋਜ਼ਾ ਵੀ ਕੁਦਰਤ ਦੀ ਨਲਾਇਕ ਵਿਦਿਆਰਥੀ ਹੁੰਦੀ।
Sonia Bharti