ਕੱਲ ਹੀ ਇੱਕ ਵਿਅੰਗ ਵੀਡੀਓ ਦੇਖ ਰਿਹਾ ਸੀ ਜਿਸ ਵਿਚ ਦੋ ਪੰਜਾਬੀ ਔਰਤਾਂ ਕੈਨੇਡਾ ਵਿਚ ਸੈਰ ਕਰਦਿਆਂ ਘਰ ਭੁੱਲ ਜਾਣ ਤੋਂ ਬਾਦ ਇਕ ਪੁਲਿਸ ਵਾਲੇ ਕੋਲੋਂ ਬਹੁਤ ਮਿਹਨਤ ਨਾਲ ਪੰਜਾਬੀ ਦੀ ਅੰਗਰੇਜ਼ੀ ਬਣਾ ਕੇ ਰਸਤਾ ਪੁੱਛਣ ਦੀ ਕੋਸ਼ਿਸ਼ ਕਰਦੀਆਂ ਹਨ। ਅੱਗੋਂ ਇਹ ਪੁਲਿਸ ਵਾਲਾ ਪੰਜਾਬੀ ਮੁੰਡਾ ਹੀ ਨਿਕਲਦਾ ਹੈ।
ਅੱਜ ਸਵੇਰੇ ਮੈਂ ਕੈਲੇਡਨ ਵਿਚ ਪੋਤੀ ਨੂੰ ਸਕੂਲ ਛੱਡਣ ਤੋਂ ਬਾਦ ਅੱਗੇ ਸੈਰ ਕਰਨ ਚਲਾ ਗਿਆ। ਅੱਗੇ ਇੱਕ ਸਰਦਾਰ ਜੀ ਸਾਈਕਲ ਉਤੇ ਘੁੰਮ ਰਹੇ ਸਨ। ਉਨ੍ਹਾਂ ਨੇ ਮੇਰੇ ਕੋਲ ਆ ਕੇ ਫਤਹਿ ਬੁਲਾਈ ਅਤੇ ਦਸਿਆ ਕਿ ਉਹ ਦੋ ਦਿਨ ਪਹਿਲਾਂ ਹੀ ਪੰਜਾਬ ਤੋਂ ਆਏ ਹਨ। ਉਹ ਘਰ ਦੇ ਨਜ਼ਦੀਕ ਹੀ ਘੁੰਮ ਰਹੇ ਸਨ ਲੇਕਿਨ ਹੁਣ ਉਨ੍ਹਾਂ ਨੂੰ ਘਰ ਲੱਭ ਨਹੀਂ ਰਿਹਾ। ਉਨ੍ਹਾਂ ਨੂੰ ਘਰ ਦਾ ਪਤਾ ਯਾਦ ਸੀ। ਮੈਨੂੰ ਵੀ ਉਸ ਏਰੀਏ ਦੀਆਂ ਸਟਰੀਟ ਅਤੇ ਅਵੇਨਿਊ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਸੀ। ਅੱਗੋਂ ਇੱਕ ਗਾਰਬੇਜ਼ ਵਾਲਾ ਟਰੱਕ ਗਾਰਬੇਜ਼ ਬਿਨ ਚੁੱਕਦਾ ਆ ਰਿਹਾ ਸੀ। ਮੈਂ ਸੋਚਿਆ ਇਸ ਦੇ ਡਰਾਈਵਰ ਨੂੰ ਤਾਂ ਪਤਾ ਹੀ ਹੋਵੇਗਾ। ਸੋ ਮੈਂ ਆਪਣੀ ਅੰਗਰੇਜ਼ੀ ਦੇ ਸ਼ਬਦ ਇਕੱਠੇ ਕਰਕੇ ਉਸਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਆਪਣਾ ਘਰ ਭੁੱਲ ਗਏ ਹਨ ਇਨ੍ਹਾਂ ਨੂੰ ਮਦਦ ਦੀ ਲੋੜ ਹੈ। ਉਹ ਮੁੰਡਾ ਦੇਖਣ ਨੂੰ ਤਾਂ ਬਿਲਕੁਲ ਪੰਜਾਬੀ ਨਹੀਂ ਸੀ ਲਗਦਾ ਲੇਕਿਨ ਅੱਗੋਂ ਬੋਲਿਆ ਅੰਕਲ ਤੁਸੀਂ ਮੈਨੂੰ ਪਤਾ ਦੱਸੋ। ਸੋ ਉਸ ਨੇ ਸਰਦਾਰ ਜੀ ਤੋਂ ਪਤਾ ਪੁੱਛ ਕੇ ਫੋਨ ਵਿਚ ਗੂਗਲ ਉੱਤੇ ਦੇਖ ਕੇ ਉਨ੍ਹਾਂ ਨੂੰ ਠੇਠ ਪੰਜਾਬੀ ਵਿੱਚ ਸਮਝਾ ਦਿੱਤਾ ਕਿ ਅੰਕਲ ਤੁਸੀਂ ਤਾਂ ਜਮਾ ਹੀ ਘਰ ਦੇ ਲਾਗੇ ਖੜ੍ਹੇ ਹੋ, ਉਹ ਪਿਛਲੀ ਗਲੀ ਵਿਚ ਸੱਜੇ ਪਾਸੇ ਤੁਹਾਡਾ ਘਰ ਹੈ। ਮੈਂ ਸੋਚ ਰਿਹਾ ਸੀ ਕਿ ਪੰਜਾਬ ਵਿਚ ਵੀ ਕਈ ਜਗਾਹ ਹਿੰਦੀ ਬੋਲਣੀ ਪੈਂਦੀ ਹੈ ਲੇਕਿਨ ਕੈਨੇਡਾ ਦੇ ਸਰੀ ਅਤੇ ਬਰੈਂਪਟਨ ਸ਼ਹਿਰਾਂ ਵਿਚ ਤਾਂ ਲਗਭਗ ਹਰ ਜਗ੍ਹਾ ਉਤੇ ਪੰਜਾਬੀ ਵਿਚ ਹੀ ਵਧੀਆ ਕੰਮ ਚਲਾਇਆ ਜਾ ਸਕਦਾ ਹੈ। ਇਥੇ ਅਕਸਰ ਏਅਰ ਪੋਰਟ, ਹਸਪਤਾਲਾਂ, ਬੱਸਾਂ, ਟਰੱਕਾਂ, ਪੁਲਿਸ, ਸਰਕਾਰੀ ਦਫ਼ਤਰਾਂ, ਬੈਂਕਾਂ, ਸਟੋਰਾਂ ਵਿਚ ਕੰਮ ਕਰਨ ਵਾਲੇ ਪੰਜਾਬੀ ਮਿਲ ਜਾਂਦੇ ਹਨ ਜਿਹੜੇ ਤੁਹਾਡੇ ਨਾਲ ਚਾਅ ਨਾਲ ਪੰਜਾਬੀ ਵਿਚ ਗੱਲ ਕਰਦੇ ਹਨ। ਕਈ ਸਰਕਾਰੀ ਫੋਨ ਸੁਵਿਧਾਵਾਂ ਵਿਚ ਵੀ ਪੰਜਾਬੀ ਵਿਚ ਗਲਬਾਤ ਕਰਨ ਦੀ ਚੋਣ ਕੀਤੀ ਜਾ ਸਕਦੀ ਹੈ। ਕਈ ਥਾਵਾਂ ਉਤੇ ਪੰਜਾਬੀ ਦੇ ਬੋਰਡ ਲਗੇ ਦੇਖੇ ਜਾ ਸਕਦੇ ਹਨ।
ਸੁਖਜੀਤ ਸਿੰਘ ਨਿਰਵਾਨ