ਗੱਲ 35 ਸਾਲ ਪਹਿਲਾਂ ਦੀ ਹੈ ਮੇਰੀ ਉਮਰ ਮਸਾਂ 9 ਕੁ ਸਾਲ ਦੀ ਸੀ ਜਦੋਂ ਮੈਂ ਥੋੜੀ ਜਿਹੀ ਸੁਰਤ ਸੰਭਾਲੀ ,ਸਾਡੇ ਦਾਦਾ ਜੀ ਸਾਨੂੰ ਛੋਟੀ ਉਮਰ ਵਿੱਚ ਛੱਡ ਕੇ ਚੱਲੇ ਗਏ ,ਉਹਨਾਂ ਦੀ ਇੱਕ ਰੇਲ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉੱਪਰੋਂ ਘਰ ਵਿੱਚ ਗਰੀਬੀ ਵੀ ਅੰਤਾਂ ਦੀ ,ਦੋ ਕੱਚੇ ਕੋਠੇ ਸੀ ਤੇ ਸਾਰਾ ਪਰਿਵਾਰ ਦਾ ਗੁਜ਼ਾਰਾ ਬਸ ਉਹਨਾਂ ਵਿੱਚ ਹੀ ਹੁੰਦਾ ਸੀ , ਸਾਰੀ ਰਾਤ ਛੱਤਾ ਦੀਆਂ ਲਟੈਣਾਂ ਉੱਪਰ ਚੂਹਿਆਂ ਨੇ ਦਗੜ ਦਗੜ ਕਰਦੇ ਫਿਰਨਾ ,ਮੀਂਹ ਆ ਜਾਣਾ ਤਾਂ ਸਾਰੇ ਕਮਰੇ ਚੌਣ ਲੱਗ ਜਾਂਦੇ ,ਦਾਦੀ ਨੇ ਮੇਰਾ ਤੇ ਭੈਣਾਂ ਦੇ ਮੰਜੇ ਨੂੰ ਇਕ ਕੋਨੇ ਵਿੱਚ ਵਿੱਚ ਕਰ ਕੇ ਸਾਨੁੰ ਸਵਾਉਣਾ , ਘਰ ਦਾ ਗੁਜ਼ਾਰਾ ਬਸ ਮੱਝਾਂ ਦਾ ਦੁੱਧ ਪਾ ਕੇ ਚੱਲਦਾ ,ਪੱਠੇ ਵੀ ਭੂਆ ਜੀ ਤੇ ਮੰਮੀ ਹੋਣੀ ਵੱਡ ਕੇ ਲਿਆਉਂਦੇ ਹੁੰਦੇ ਸੀ,ਇੱਕ ਵਾਰ ਤਾਂ ਮੈਨੂੰ ਯਾਦ ਹੈ ਦਾਦੀ ਨੂੰ ਆਂਢ ਗੁਆਂਢ ਵਿੱਚੋਂ ਮੰਗਵਾ ਆਟਾ ਵੀ ਨਹੀ ਮਿਲਿਆ ਸੀ ਰੋਟੀ ਪਕਾਉਣ ਨੂੰ (ਉਹਨਾਂ ਟਾਈਮਾਂ ਵਿੱਚ ਲੋਕ ਆਟਾ ,ਦਾਲ ,ਸਬਜ਼ੀ ਆਦਿ ਮੰਗ ਲਿਆਉਂਦੇ ਹੁੰਦੇ ਸੀ) ਉਸ ਦਿਨ ਦਾਦੀ ਨੇ ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਹੱਟੀ ਤੋਂ ਉਧਾਰ ਡਬਲ ਰੋਟੀ ਮੰਗਵਾ ਕੇ ਖਵਾਈ ਸੀ ਤੇ ਆਪ ਸਾਡਾ ਸਾਰਾ ਪਰਿਵਾਰ ਭੁੱਖਾ ਹੀ ਸੁੱਤਾ ਸੀ ,
ਫਿਰ ਵਾਹਿਗੁਰੂ ਦੀ ਕਿਰਪਾ ਹੋਈ ਚਾਚਾ ਜੀ ਦੱਸਵੀਂ ਪਾਸ ਕਰ ਗਏ ਤੇ ਉਹਨਾਂ ਨੂੰ ਬਿਜਲੀ ਮਹਿਕਮੇ ਵਿੱਚ ਨੌਕਰੀ ਮਿੱਲ ਗਈ ਤੇ ਉਹਨਾਂ ਦੀ 220 ਰੁਪਏ ਵਾਲੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਚੱਲ ਪਿਆ , ਅਸੀਂ ਤਿੰਨੇ ਭੈਣ ਭਰਾ ਬੋਰੀ ਵਾਲਾ ਬਸਤਾ ਤੇ ਇੱਕ ਪੁਰਾਣੇ ਸਾਈਕਲ ਤੇ ਲੜਖੜਾਉਂਦੇ ਲੜਖੜਾਉਂਦੇ ਪੜ ਗਏ ,ਚਾਚਾ ਜੀ ਦੇ ਵਿਆਹ ਤੋਂ ਬਾਅਦ ਦੋ ਬੇਟੇ ਹੋਏ ਤੇ ਅਸੀ ਤਿੰਨਾਂ ਤੋਂ ਪੰਜ ਭੈਣ ਭਰਾ ਬਣ ਗਏ ,ਘਰ ਦਾ ਮਹੌਲ ਹੁਣ ਸੁਖਾਵਾਂ ਹੋ ਗਿਆ ਸੀ ,ਜ਼ਮੀਨ ਵਿੱਚੋ ਵੀ ਮੂੰਗੀ ਤੇ ਕਪਾਹ ਦੀ ਫ਼ਸਲ ਹੋਣ ਲੱਗ ਪਈ ਸੀ , 44 ਦੀ ਉਮਰ ਵਿੱਚ ਮੈਂ ਜ਼ਿੰਦਗੀ ਵਿੱਚ ਬੇਸ਼ੱਕ ਬਹੁਤ ਉਤਰਾਅ-ਝੜਾਅ ਦੇਖੇ ਪਰ ਜੋ ਮੈਂ ਆਪਣੇ ਘਰ ਵਿੱਚ ਅੱਜ ਤੱਕ ਨਹੀਂ ਦੇਖਿਆ ਉਹ ਹੈ ਸ਼ਰੀਕਾ ,ਸ਼ਾਇਦ ਉਹ ਇਸ ਕਰਕੇ ਕਿਉਂਕਿ ਗਰੀਬੀ ਵਿੱਚ ਸਾਡੇ ਕੋਲ ਬਿਨਾ ਦੁਖਾ ਦੇ ਵੰਡਾਉਣ ਲਈ ਕੁਝ ਨਹੀ ਹੁੰਦਾ ।
ਚਾਚਾ ਜੀ ਹੁਣ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਉਹਨਾਂ ਦੇ ਦੋਵੇਂ ਬੇਟੇ ਇਕ ਕਨੇਡਾ ਵਿੱਚ ਤੇ ਦੂਸਰਾ ਆਸਟਰੇਲੀਆ ਵਿੱਚ ਹੈ ,ਦੋਨੋ ਭੈਣਾਂ ਵੀ ਆਪਣੇ ਘਰ ਸੁੱਖੀ ਨੇ , ਮੈ ਵੀ ਪਿਛਲੇ 25 ਸਾਲਾਂ ਤੋਂ ਨੌਕਰੀ ਵਿੱਚ ਹਾਂ । ਪਿੱਛਲੇ ਸਾਲ ਬਾਪੂ ਦੀ ਮੌਤ ਹੋ ਗਈ ਪਰ ਅੱਜ ਵੀ ਖੇਤੀ ਬਾੜੀ ਤੋ ਲੈ ਕੇ ਦੋਵਾਂ ਘਰਾਂ ਦੀਆਂ ਸਾਰੀਆਂ ਜਿੰਮੇਵਾਰੀਆ ਚਾਚਾ ਜੀ ਕੋਲ ਹੀ ਨੇ ਤੇ ਮੈਂ ਅੱਜ ਵੀ ਆਪਣੀ ਜ਼ਿੰਦਗੀ ਬਚਪਨ ਵਾਂਗ ਗੁਜ਼ਾਰ ਰਿਹਾ ਹਾਂ ,
ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨਾਮ ਜਪੋ ,ਕਿਰਤ ਕਰੋ, ਵੰਡ ਛੱਕੋ ਤੇ ਚੱਲਦਿਆਂ ਹੋਇਆ ਸਾਡੇ ਘਰ ਦੀ ਤਕਦੀਰ ਬਦਲ ਗਈ । ਸੋ ਆਓ ਆਪਾਂ ਆਪਣੇ ਪਵਿੱਤਰ ਰਿਸ਼ਤਿਆਂ ਨੂੰ ਪਹਿਚਾਣੀਏ ਤੇ ਸ਼ਰੀਕ ਸ਼ਬਦ ਤੋਂ ਇਹਨਾਂ ਨੂੰ ਮੁਕਤ ਕਰੀਏ
✍️ ਗੁਰਜੀਤ ਸਿੰਘ ਗੋਗੋਆਣੀ