ਗੁਰਭਾਗ ਸਿੰਘ ਨੂੰ ਬੂਟੇ ਲਗਾਉਣ, ਸਮਾਜ ਭਲਾਈ ਦੇ ਕੰਮ ਕਰਨ ਵਿੱਚ ਬਹੁਤ ਖੁਸ਼ੀ ਮਿਲਦੀ ਸੀ। ਦਿਨੋ ਦਿਨ ਘੱਟ ਰਹੀ ਦਰੱਖਤਾਂ ਦੀ ਗਿਣਤੀ ਨੂੰ ਦੇਖ ਕੇ ਉਹ ਬਹੁਤ ਉਦਾਸ ਹੁੰਦਾ। ਇਕ ਦਿਨ ਆਪਣੇ ਸੁਸਾਇਟੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਨੇ ਵਿਚਾਰ ਬਣਾਇਆ ਕਿ ਕਿਉਂ ਨੇ ਆਪਣੇ ਸ਼ਹਿਰ ਦੇ ਜਿਹੜੇ ਪਾਰਕ ਸੁੱਕ ਗਏ ਹਨ ਉਨ੍ਹਾਂ ਨੂੰ ਦੁਬਾਰਾ ਹਰਿਆ ਭਰਿਆ ਬਣਾਇਆ ਜਾਏ। ਸਭ ਮੈਂਬਰਾਂ ਨੇ ਮਿਲ ਕੇ ਸ਼ਹਿਰ ਦੇ ਪਾਰਕਾਂ ਵਿੱਚ ਜਾ ਕੇ ਸਾਫ਼ ਸਫਾਈ ਕਰਵਾਉਣੀ ਸ਼ੁਰੂ ਕੀਤੀ ਫਿਰ ਵਾਰੋ ਵਾਰੀ ਆਪਣੇ ਹੱਥੀਂ ਬੂਟੇ ਲਗਾਏ ਤੇ ਬੂਟਿਆਂ ਦੀ ਸਾਂਭ ਸੰਭਾਲ ਲਈ ਤੇ ਉਨ੍ਹਾਂ ਨੂੰ ਪਾਣੀ ਲਗਾਉਣ ਲਈ ਉਨ੍ਹਾਂ ਨੇ ਦੋ ਜਣੇ ਤਨਖਾਹ ਤੇ ਰੱਖ ਲਏ। ਉਹ ਦੋ ਮੁੰਡੇ ਰੋਜ਼ ਪਾਣੀ ਵਾਲੀ ਟੈਂਕੀ ਲੈ ਕੇ ਆਉਂਦੇ ਤੇ ਪਾਰਕ ਵਿੱਚ ਲੱਗੇ ਬੂਟਿਆਂ ਨੂੰ ਪਾਣੀ ਦੇ ਕੇ ਜਾਂਦੇ। ਗੁਰਭਾਗ ਸਿੰਘ ਨੇ ਪਾਰਕ ਦੇ ਆਸੇ ਪਾਸੇ ਰਹਿੰਦੇ ਲੋਕਾਂ ਨੂੰ ਮੁੰਡਿਆਂ ਸਾਹਮਣੇ ਕਿਹਾ ਕਿ ਜੇ ਇਹ ਮੁੰਡੇ ਆਪਣੀ ਡਿਊਟੀ ਨਾ ਨਿਭਾਉਣ ਤਾਂ ਸਾਨੂੰ ਫੋਨ ਕਰਕੇ ਦੱਸਣਾ। ਇੱਕ ਦਿਨ ਉਨ੍ਹਾਂ ਵਿਚੋਂ ਇੱਕ ਮੁੰਡੇ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹ ਆਪਣੀ ਡਿਊਟੀ ਨਹੀਂ ਨਿਭਾ ਸਕੇ। ਸ਼ਾਮ ਨੂੰ ਮੁੰਡਿਆਂ ਦੇ ਨਾ ਆਉਣ ਕਾਰਨ ਪਾਰਕ ਨੇੜੇ ਰਹਿੰਦੇ ਇੱਕ ਪਰਿਵਾਰ ਨੇ ਗੁਰਭਾਗ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਅੱਜ ਮੁੰਡੇ ਬੂਟਿਆਂ ਨੂੰ ਪਾਣੀ ਦੇਣ ਨਹੀਂ ਆਏ। ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਨੂੰ ਫੋਨ ਕਰ ਕੇ ਦੱਸ ਰਿਹਾ ਹਾਂ। ਗੁਰਭਾਗ ਸਿੰਘ ਮਜ਼ਾਕ ਲਹਿਜ਼ੇ ਵਿੱਚ ਬੋਲਿਆ ਕਿ ਭਾਈ ਸਾਹਬ ਤੁਸੀਂ ਫੋਨ ਕਰਨ ਦੀ ਜ਼ਿੰਮੇਵਾਰੀ ਤਾਂ ਬਹੁਤ ਖੂਬ ਨਿਭਾਈ ਜੇ ਇਹੀ ਜ਼ਿੰਮੇਵਾਰੀ ਤੁਸੀਂ ਅੱਜ ਬੂਟਿਆਂ ਨੂੰ ਪਾਣੀ ਦੇਣ ਦੀ ਨਿਭਾਉਂਦੇ ਤਾਂ ਬਹੁਤ ਵਧੀਆ ਹੁੰਦਾ। ਇਹ ਸੁਣ ਕੇ ਉਹ ਆਦਮੀ ਬਹੁਤ ਸ਼ਰਮਿੰਦਾ ਹੋਇਆ। ਅਸਲ ‘ਚ ਅਸੀਂ ਆਪਣਿਆਂ ਦੀਆਂ ਹੀ ਲੱਤਾਂ ਖਿੱਚਣ ਤੇ ਲੱਗੇ ਹੋਏ ਹਾਂ। ਸਾਡੇ ਘਰ ਦੇ ਕੋਲ ਬੂਟੇ ਕਿਸੇ ਹੋਰ ਨੇ ਲਗਾਏ ਅਸੀਂ ਪਾਣੀ ਪਾਉਣ ਦੀ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਜੇਕਰ ਬੂਟੇ ਵੱਡੇ ਹੋਣਗੇ ਦਰੱਖਤ ਬਣਨਗੇ ਸਾਨੂੰ ਸਭ ਨੂੰ ਹੀ ਆਕਸੀਜਨ ਦੇਣਗੇ ਛਾਵਾਂ ਵੰਡਣਗੇ ਪਰ ਨਹੀਂ ਅਸੀਂ ਸਭ ਕੁਝ ਕੀਤਾ ਕਰਾਇਆ ਹੀ ਭਾਲਦੇ ਹਾਂ। ਜੇ ਕਿਸੇ ਕਾਰਨ ਉਹ ਮੁੰਡੇ ਪਾਣੀ ਦੇਣ ਨਹੀਂ ਆ ਸਕੇ ਇੱਕ ਦਿਨ ਤਾਂ ਸਾਨੂੰ ਵੀ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਆਪਣੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਪਰ ਨਹੀਂ ਅਸੀਂ ਦੂਸਰਿਆਂ ਵਿੱਚ ਗੁਣ ਨਹੀਂ ਹਮੇਸ਼ਾ ਖਾਮੀਆਂ ਹੀ ਲੱਭਦੇ ਹਾਂ। ਜੇ ਕੋਈ ਚੰਗੇ ਕੰਮ ਦੀ ਪਹਿਲ ਕਰਦਾ ਹੈ ਤਾਂ ਸਾਨੂੰ ਉਸਦਾ ਸਹਿਯੋਗ ਕਰਨਾ ਚਾਹੀਦਾ ਹੈ ਨਾ ਕਿ ਉਸਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਹਨ। ਕੀ ਬੂਟੇ ਲਗਾਉਣ ਤੋਂ ਲੈ ਕੇ ਵੱਡੇ ਹੋਣ ਤੱਕ ਇਹ ਸਿਰਫ਼ ਗੁਰਭਾਗ ਸਿੰਘ ਦੀ ਹੀ ਜ਼ਿੰਮੇਵਾਰੀ ਸੀ ਆਸ ਪਾਸ ਰਹਿੰਦੇ ਲੋਕਾਂ ਦੀ ਨਹੀਂ?
✍️ਪ੍ਰਿਤਪਾਲ ਸਿੰਘ ਪ੍ਰਿੰਸ….. 😊
Instagram Id- pritpalsingh44257
☎️96464-44257