ਨਿੱਕੀ ਜਿਹੀ ਗੱਲ ਤੋਂ ਖਟ-ਪਟ ਹੋ ਗਈ..ਇੱਕ ਦੂਜੇ ਨੂੰ ਬੁਲਾਉਣਾ ਬੰਦ ਕਰ ਦਿੱਤਾ..ਮੇਰੀ ਮਰਦਾਨਗੀ ਮੈਨੂੰ ਸੁਲਹ ਸਫਾਈ ਦੀ ਪਹਿਲ ਕਰਨ ਤੋਂ ਰੋਕਦੀ ਰਹੀ..ਆਖਦੀ ਰਹੀ ਭਾਉ ਦਿਮਾਗ ਵਰਤ..ਉਹ ਆਪੇ ਕੋਲ ਆ ਕੇ ਬੁਲਾਵੇਗੀ..!
ਮੈਂ ਜਾਣਦਾ ਸਾਂ ਮਿਰਚ ਦਾ ਅਚਾਰ ਉਸਦੀ ਕਮਜ਼ੋਰੀ ਏ..ਅਛੋਪਲੇ ਜਿਹੇ ਗਿਆ ਤੇ ਆਚਾਰੀ ਮਰਦਬਾਨ ਦਾ ਢੱਕਣ ਕੱਸ ਕੇ ਬੰਦ ਕਰ ਉੱਚੇ ਥਾਂ ਰੱਖ ਦਿੱਤਾ ਤੇ ਬਾਹਰ ਨਿੱਕਲ ਗਿਆ..ਨਾ ਖੁੱਲੂ ਤਾਂ ਆਪੇ ਬੁਲਾਵੇਗੀ ਹੀ..!
ਘੜੀ ਕੂ ਮਗਰੋਂ ਵਾਪਿਸ ਪਰਤਿਆ ਤਾਂ ਅਰਾਮ ਨਾਲ ਰੋਟੀ ਖਾ ਰਹੀ ਸੀ..ਕੋਲ ਅਚਾਰ ਵੀ ਪਿਆ ਸੀ..ਕੱਸ ਕੇ ਬੰਦ ਕੀਤਾ ਮਰਦਬਾਨ ਉਂਝ ਦਾ ਉਂਝ ਹੀ ਪੜਛੱਤੀ ਤੇ ਪਿਆ ਸੀ..ਪਤਾ ਲੱਗਾ ਅਚਾਰ ਅੱਜ ਕਿਸੇ ਘਰੋਂ ਮੰਗਵਾ ਲਿਆ ਸੀ..ਸਕੀਮ ਫੇਲ ਹੋ ਗਈ..ਫੇਰ ਬਾਹਰ ਜਾਣ ਲਈ ਸਾਈਕਲ ਸਟੈਂਡ ਤੋਂ ਲਾਹਿਆ..ਵੇਖਿਆਂ ਦੋਵੇਂ ਟਾਇਰਾਂ ਵਿਚੋਂ ਹਵਾ ਨਿੱਕਲੀ ਪਈ ਸੀ..ਅਤੇ ਹਵਾ ਭਰਨ ਵਾਲਾ ਪੰਪ ਵੀ ਗਾਇਬ..!
ਰੇੜ੍ਹ ਕੇ ਹੀ ਤੁਰੇ ਜਾਂਦੇ ਨੂੰ ਗਲੀ ਵਿਚ ਓਹੋ ਗਵਾਂਢਣ ਫੇਰ ਟੱਕਰ ਗਈ ਜਿਹੜੀ ਘਰੇ ਅਚਾਰ ਦੇ ਕੇ ਆਈ ਸੀ..ਆਖਣ ਲੱਗੀ ਭਾਜੀ ਆਖੇ ਤਾਂ ਘਰੋਂ ਪੰਪ ਲੈ ਆਵਾਂ..ਇਥੇ ਹੀ ਹਵਾ ਭਰ ਲੈ ਕਿਥੇ ਲੱਤਾਂ ਘਸਾਉਂਦਾ ਜਾਵੇਂਗਾ ਏਨੀ ਗਰਮੀਂ ਵਿਚ..!
ਮੈਂ ਕੁਝ ਸੋਚ ਹਾਂ ਕਰ ਦਿੱਤੀ ਤੇ ਸਾਈਕਲ ਸਟੈਂਡ ਤੇ ਲਾ ਦਿੱਤਾ..ਫੇਰ ਕੋਲ ਧਰੇਕ ਹੇਠ ਬੈਠ ਲੰਮਾਂ ਸਾਰਾ ਸਾਹ ਲਿਆ..ਦੂਹਰਾ ਧੋਬੀ ਪਟੜਾ ਜੁ ਵੱਜ ਚੁਕਾ ਸੀ..ਉਹ ਪਟੜਾ ਜਿਹੜਾ ਵੱਡੇ ਵੱਡੇ ਭਲਵਾਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਵੀ ਮੁਕਾ ਦਿਆ ਕਰਦਾ..!
ਹਰਪ੍ਰੀਤ ਸਿੰਘ ਜਵੰਦਾ