ਮੈਂ ਤੇ ਮੇਰਾ ਦੋਸਤ ਇੱਕ ਦੁਕਾਨ ਵਿੱਚ ਬੈਠੇ ਸੀ। ਦੁਕਾਨ ਦੇ ਸਾਹਮਣੇ ਬਾਜ਼ਾਰ ਵਿੱਚ ਚਾਹ ਤੇ ਰਸ ਦਾ ਲੰਗਰ ਲੱਗਾ ਹੋਇਆ ਸੀ। ਸਾਡੀ ਨਜਰ ਅਚਾਨਕ ਹੀ ਇੱਕ ਅੱਠ ਕੁ ਸਾਲ ਦੇ ਬੱਚੇ ਤੇ ਪਈ ਉਸਨੇ ਦਸ- ਬਾਰਾਂ ਰਸ ਤੇ ਚਾਹ ਦਾ ਗਿਲਾਸ ਲਿਆਂਦਾ ਤੇ ਸਾਹਮਣੇ ਬੈਠ ਕੇ ਖਾਣ ਲੱਗਾ । ਰਸ ਜਿਆਦਾ ਹੋਣ ਕਰਕੇ ਉਸ ਕੋਲੋਂ ਖਾਦੇ ਨਹੀਂ ਗਏ, ਬੱਚੇ ਦੀ ਉਮਰ ਵੀ ਛੋਟੀ ਸੀ ।
ਮੇਰਾ ਦੋਸਤ ਵੇਖ ਕੇ ਕਹਿਣ ਲੱਗਾ ਕਿ ਇਹਨਾਂ ਲੋਕਾਂ ਦਾ ਢਿੱਡ ਤੇ ਭਰ ਜਾਂਦਾ ਏ ਪਰ ਨੀਅਤ ਨਹੀਂ ਭਰਦੀ ਉਸਦੇ ਮੂੰਹੋਂ ਨਿਕਲੇ ਅਜੀਬ ਜਿਹੇ ਸਬਦਾਂ ਨੇ ਮੈਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ । ਪਰ ਇਹ ਤਾਂ ਉਸ ਬੱਚੇ ਦੀ ਨਾ-ਸਮਝੀ ਸੀ । ਉਸਨੂੰ ਏਨੀ ਸਮਝ ਨਹੀਂ ਸੀ ਕਿ ਲੋੜ ਅਨੁਸਾਰ ਹੀ ਚੀਜ਼ ਲੈਣੀ ਚਾਹੀਦੀ ਹੈ, ਤਾਂ ਜੋ ਚੀਜ਼ ਵਿਅਰਥ ਨਾ ਜਾਵੇ।
ਮੇਰਾ ਦਿਲ ਕੀਤਾ ਕਿ ਉਸ ਕੋਲ ਜਾ ਕੇ ਉਸਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ । ਫਿਰ ਇਕਦਮ ਮੇਰੇ ਮਨ ਚ ਵਿਚਾਰ ਆਇਆ ਕਿ ਇਸ ਦੁਨੀਆਂ ਵਿੱਚ ਨੀਅਤ ਤਾਂ ਕਿਸੇ ਦੀ ਵੀ ਨਹੀਂ ਭਰਦੀ ।
ਅੱਜ ਮੇਰੀ ਭੁੱਖ ਲੱਖਾਂ ਤੱਕ ਹੈ । ਮੇਰੇ ਤੋਂ ਉਪਰ ਵਾਲੇ ਦੀ ਕਰੋੜਾਂ ਤੱਕ ਹੈ । ਉਸ ਤੋਂ ਉੱਪਰ ਵਾਲੇ ਵੱਡੇ ਵੱਡੇ ਮੰਤਰੀਆਂ ਨੂੰ ਕਰੋੜਾਂ ਵਿੱਚ ਵੀ ਸਬਰ ਨਹੀਂ ਹੈ । ਸਾਰਾ ਕੁੱਝ ਹੀ ਹੜੱਪ ਕਰਨਾ ਚਾਹੁੰਦੇ ਹਨ । ਅਸੀਂ ਵੀ ਰੱਜੇ ਹੋਏ ਹਾਂ, ਸਾਨੂੰ ਸਾਰੀ ਸਮਝ ਵੀ ਹੈ। ਲੋੜ ਅਨੁਸਾਰ ਜਿੰਨੀ ਕੁ ਧਨ ਦੌਲਤ ਚਾਹੀਦੀ ਹੈ ਪਰਮਾਤਮਾ ਦੇ ਰਿਹਾ ਹੈ, ਪਰ ਫਿਰ ਵੀ ਸਾਡੀ ਨੀਅਤ ਕਿਉਂ ਨਹੀਂ ਭਰਦੀ ।
ਪਤਾ ਨਹੀਂ ਕਦੋਂ ਸਾਨੂੰ ਸਬਰ ਕਰਨ ਦੀ ਆਦਤ ਪਊ। ਦੂਜਿਆਂ ਦੀ ਨੀਅਤ ਦੀ ਬਜਾਏ ਸਾਨੂੰ ਆਪਣੇ ਅੰਦਰ ਵੀ ਝਾਕਣਾਂ ਪਊ ।
ਸਤਨਾਮ ਸਿੰਘ ਬੱਬੂ
ਪੱਟੀ, ਤਰਨ ਤਾਰਨ ।
9779458793